ਵਾਟਰ ਸਪਲਾਈ ਵਾਲੀਆਂ ਮੋਟਰਾਂ ਦੇ ਕੁਨੈਕਸ਼ਨ ਕੱਟੇ

Thursday, Mar 08, 2018 - 11:47 AM (IST)

ਕਿਸ਼ਨਗੜ੍ਹ (ਬੈਂਸ)— ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ, ਲਿਮਟਿਡ ਦੇ ਸਬ ਸਟੇਸ਼ਨ ਅਲਾਵਲਪੁਰ ਵੱਲੋਂ 31 ਮਾਰਚ ਫਾਇਨਾਂਸ਼ੀਅਲ ਮਹੀਨਾ ਹੋਣ ਕਰ ਕੇ ਘਰੇਲੂ ਸਪਲਾਈ ਦੇ ਨਾਲ-ਨਾਲ ਘਰਾਂ ਨੂੰ ਜਾ ਰਹੀ ਵਾਟਰ ਸਪਲਾਈ ਵਾਲੀਆਂ ਮੋਟਰਾਂ ਦੇ ਪਿਛਲੇ ਬਿਜਲੀ ਬਿੱਲਾਂ ਦੀ ਉਗਰਾਹੀ ਪਿੰਡ-ਪਿੰਡ ਕੀਤੀ ਜਾ ਰਹੀ ਹੈ। ਜਿਨ੍ਹਾਂ ਖਪਤਕਾਰਾਂ ਅਤੇ ਪਿੰਡਾਂ ਜਿਨ੍ਹਾਂ ਵਾਟਰ ਸਪਲਾਈ ਕਰਨ ਵਾਲੀਆਂ ਟੈਂਕੀਆਂ ਦੀਆਂ ਮੋਟਰਾਂ ਦੇ ਬਿੱਲ ਨਹੀਂ ਦਿੱਤੇ ਅਤੇ ਵੱਡੀਆਂ ਬਕਾਇਆ ਰਕਮਾਂ ਖੜ੍ਹੀਆਂ ਹਨ, ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਬਿੱਲਾਂ ਦੀ ਬਕਾਇਆ ਰਾਸ਼ੀ ਉਗਰਾਹੀ ਲਈ ਉਕਤ ਦਫਤਰ ਦੇ ਐੱਸ. ਡੀ. ਓ. ਤਰਸੇਮ ਲਾਲ, ਲਾਈਨਮੈਨ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਰਾੜੀ ਦੀ ਪੰਚਾਇਤ ਵੱਲ ਵਾਟਰ ਸਪਲਾਈ ਵਾਲੀ ਟੈਂਕੀ ਦੀ ਮੋਟਰ ਦਾ ਕਰੀਬ 3 ਲੱਖ 25 ਹਜ਼ਾਰ ਰੁਪਏ ਪਿਛਲਾ ਬਕਾਇਆ ਖੜ੍ਹਾ ਹੈ ਅਤੇ ਨਵਾਂ ਬਿੱਲ ਆਉਣ 'ਤੇ ਇਹ ਕਰੀਬ ਪੌਣੇ ਕੁ 4 ਲੱਖ ਰੁਪਏ ਹੋ ਜਾਣਾ ਹੈ। ਜਿਸ ਕਰ ਕੇ ਮੋਟਰ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। 
ਇਸੇ ਤਰ੍ਹਾਂ ਪਿੰਡ ਦੂਹੜੇ ਦੀ ਪੰਚਾਇਤ ਵੱਲ ਟੈਂਕੀ ਦੀ ਮੋਟਰ ਦਾ ਕਰੀਬ 47 ਹਜ਼ਾਰ ਰੁਪਏ ਦਾ ਬਕਾਇਆ ਬਿੱਲ ਹੋਣ ਕਰ ਕੇ ਕੁਨੈਕਸ਼ਨ ਕੱਟ ਦਿੱਤਾ ਗਿਆ। ਅਲਾਵਲਪੁਰ ਦੇ 2 ਸੇਵਾ ਕੇਂਦਰਾਂ ਦਾ ਵੀ ਕਰੀਬ 84 ਹਜ਼ਾਰ ਰੁਪਏ ਬਿੱਲ ਬਕਾਇਆ ਹੋਣ ਕਰ ਕੇ ਉਕਤ ਦੋਵਾਂ ਸੇਵਾ ਕੇਂਦਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ, ਜਿਸ ਮੁਤਾਬਕ ਉਕਤ ਦੋਵਾਂ ਸੇਵਾ ਕੇਂਦਰਾਂ ਦੇ ਵੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ, ਜੇਕਰ ਸੋਮਵਾਰ ਤੱਕ ਉਨ੍ਹਾਂ ਨੇ ਬਿੱਲ ਜਮ੍ਹਾ ਨਹੀਂ ਕਰਵਾਏ। ਪਿੰਡ ਸੰਘਵਾਲ ਵੱਲ ਵੀ ਬਕਾਇਆ ਬਿੱਲ ਨਾ ਦੇਣ ਦੀ ਸੂਰਤ 'ਚ ਕੁਨੈਕਸ਼ਨ ਕੱਟਿਆ ਹੋਇਆ ਹੈ। ਉਕਤ ਪਿੰਡ 'ਚ 2 ਦਿਨ ਤੋਂ ਵਾਟਰਸਪਲਾਈ ਠੱਪ-ਪਈ ਹੈ।


Related News