ਫਗਵਾੜਾ ''ਚ ਬੇਖੌਫ਼ ਲੁਟੇਰਿਆਂ ਦਾ ਤਾਂਡਵ: ਘਰ ਦੇ ਬਾਹਰ ਕੂੜਾ ਸੁੱਟਣ ਆਈ ਬਜ਼ੁਰਗ ਮਾਤਾ ਦੀਆਂ ਵਾਲੀਆਂ ਝਪਟੀਆਂ

Friday, Jun 12, 2026 - 05:47 AM (IST)

ਫਗਵਾੜਾ ''ਚ ਬੇਖੌਫ਼ ਲੁਟੇਰਿਆਂ ਦਾ ਤਾਂਡਵ: ਘਰ ਦੇ ਬਾਹਰ ਕੂੜਾ ਸੁੱਟਣ ਆਈ ਬਜ਼ੁਰਗ ਮਾਤਾ ਦੀਆਂ ਵਾਲੀਆਂ ਝਪਟੀਆਂ

ਫਗਵਾੜਾ (ਜਲੋਟਾ) : ਫਗਵਾੜਾ ਸ਼ਹਿਰ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਇਥੇ ਜਿੱਥੇ ਆਏ ਦਿਨ ਡਕੈਤੀ, ਚੋਰੀ ਅਤੇ ਝਪਟਮਾਰੀ (ਸਨੈਚਿੰਗ) ਵਰਗੀਆਂ ਵਾਰਦਾਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਉਥੇ ਤਾਜ਼ਾ ਮਾਮਲਾ ਫਗਵਾੜਾ ਦੇ ਬਾਬਾ ਗਧੀਆ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੇਖ਼ੌਫ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਲੁਟੇਰਿਆਂ ਨੇ ਸਵੇਰੇ-ਸਵੇਰੇ ਇੱਕ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰੇ ਬਜ਼ੁਰਗ ਮਹਿਲਾ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਕੀਮਤੀ ਵਾਲੀਆਂ ਬੇਰਹਿਮੀ ਨਾਲ ਝਪਟ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਪੂਰੀ ਘਟਨਾ ਤੋਂ ਬਾਅਦ ਪੂਰੇ ਖੇਤਰ ਦੇ ਨਿਵਾਸੀਆਂ ਵਿਚ ਭਾਰੀ ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਖ਼ੌਫ ਦੇ ਸਾਏ ਵਿਚ ਜਿਊਣ ਲਈ ਮਜਬੂਰ ਹਨ।

ਜਾਣਕਾਰੀ ਅਨੁਸਾਰ ਪੀੜਤ ਮਹਿਲਾ ਦੀ ਪਛਾਣ ਬਲਵੀਰ ਕੌਰ ਵਜੋਂ ਹੋਈ ਹੈ, ਜੋ ਬਾਬਾ ਗਧੀਆ ਖੇਤਰ ਵਿਚ ਪਾਣੀ ਵਾਲੀ ਟੈਂਕੀ ਦੇ ਨੇੜੇ ਨਿਵਾਸ ਕਰਦੇ ਹਨ। ਘਟਨਾ ਦੇ ਸਬੰਧ ਵਿਚ ਆਪਬੀਤੀ ਦੱਸਦਿਆਂ ਪੀੜਤ ਬਜ਼ੁਰਗ ਮਹਿਲਾ ਨੇ ਕਿਹਾ ਕਿ ਉਹ ਸਵੇਰੇ ਹਮੇਸ਼ਾ ਦੀ ਤਰ੍ਹਾਂ ਆਪਣੇ ਘਰ ਦੀ ਸਫਾਈ ਕਰਨ ਤੋਂ ਬਾਅਦ ਬਾਹਰ ਡਸਟਬਿਨ (ਕੂੜਾ) ਸੁੱਟਣ ਲਈ ਆਈ ਸੀ। ਇਸੇ ਦੌਰਾਨ ਉੱਥੇ ਪਹਿਲਾਂ ਤੋਂ ਹੀ ਘਾਤ ਲਗਾ ਕੇ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਖੜ੍ਹੇ ਸਨ। ਜਿਵੇਂ ਹੀ ਉਹ ਕੂੜਾ ਸੁੱਟ ਕੇ ਵਾਪਸ ਮੁੜਨ ਲੱਗੀ, ਉਦੋਂ ਹੀ ਇੱਕ ਮੁਲਜ਼ਮ ਤੇਜ਼ੀ ਨਾਲ ਉਸ ਦੇ ਨੇੜੇ ਆਇਆ ਅਤੇ ਉਸ ਦੇ ਦੋਵਾਂ ਕੰਨਾਂ ’ਤੇ ਝਪਟਾ ਮਾਰ ਕੇ ਸੋਨੇ ਦੀਆਂ ਵਾਲੀਆਂ ਨੋਚ ਲਈਆਂ। ਮਹਿਲਾ ਨੇ ਦੱਸਿਆ ਕਿ ਲੁਟੇਰੇ ਪਲਕ ਝਪਕਦਿਆਂ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲ ''ਤੇ ਬੈਠ ਕੇ ਰਫੂਚੱਕਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ! ਵਿਛ ਗਈਆਂ ਲਾਸ਼ਾਂ

ਪੀੜਤਾ ਅਨੁਸਾਰ ਖੋਹੀਆਂ ਗਈਆਂ ਵਾਲੀਆਂ ਦਾ ਵਜ਼ਨ ਕਰੀਬ 6 ਗ੍ਰਾਮ ਸੀ। ਇਸ ਅਚਾਨਕ ਹੋਏ ਹਮਲੇ ਅਤੇ ਕੰਨ ਖਿੱਚੇ ਜਾਣ ਕਾਰਨ ਬਜ਼ੁਰਗ ਮਹਿਲਾ ਬੇਹੱਦ ਸਹਿਮ ਗਈ। ਵਾਰਦਾਤ ਦੇ ਤੁਰੰਤ ਬਾਅਦ ਮਹਿਲਾ ਨੇ ਰੌਲਾ ਵੀ ਪਾਇਆ ਪਰ ਜਦੋਂ ਤੱਕ ਆਸ-ਪਾਸ ਦੇ ਲੋਕ ਇਕੱਠੇ ਹੁੰਦੇ, ਉਦੋਂ ਤੱਕ ਸ਼ਾਤਿਰ ਲੁਟੇਰੇ ਕਾਫੀ ਦੂਰ ਨਿਕਲ ਚੁੱਕੇ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਥਾਣਾ ਸਿਟੀ ਦੇ ਸੀਨੀਅਰ ਪੁਲਸ ਅਧਿਕਾਰੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਰਾਹੀਂ ਇਸ ਸਨੈਚਿੰਗ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਪੁਲਸ ਟੀਮ ਨੇ ਪੀੜਤ ਮਹਿਲਾ ਬਲਵੀਰ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ।

ਪੁਲਸ ਨੇ ਆਸ-ਪਾਸ ਦੇ ਘਰਾਂ ਅਤੇ ਰਸਤਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਸ਼ੱਕੀ ਮੋਟਰਸਾਈਕਲ ਸਵਾਰ ਅਪਰਾਧੀਆਂ ਦੀ ਪਛਾਣ ਕੀਤੀ ਜਾ ਸਕੇ। ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਜਲਦ ਹੀ ਉਹ ਪੁਲਸ ਦੀ ਗ੍ਰਿਫ਼ਤ ਵਿੱਚ ਹੋਣਗੇ। ਇਸੇ ਦੌਰਾਨ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਇਨ੍ਹਾਂ ਵਾਰਦਾਤਾਂ ''ਤੇ ਗਹਿਰਾ ਰੋਸ ਪ੍ਰਗਟ ਕਰਦਿਆਂ ਕਾਂਗਰਸੀ ਆਗੂ ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਫਗਵਾੜਾ ਗੇਟ ਅਤੇ ਬਾਬਾ ਗਧੀਆ ਵਰਗੇ ਰੁਝੇਵਿਆਂ ਵਾਲੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਕਾਨੂੰਨ-ਵਿਵਸਥਾ ''ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਬੇਹੱਦ ਚਿੰਤਾ ਜਤਾਉਂਦਿਆਂ ਕਿਹਾ ਕਿ ਠੀਕ ਸੱਤ ਤੋਂ ਅੱਠ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਭਾਜਪਾ ਆਗੂ ਬੱਲੂ ਵਾਲੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਬਿੰਟੂ ਵਾਲੀਆ ਦੀ ਮਾਤਾ ਨੂੰ ਨਿਸ਼ਾਨਾ ਬਣਾ ਕੇ ਇਸੇ ਅੰਦਾਜ਼ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਸਨ, ਜਿਨ੍ਹਾਂ ਦਾ ਪੁਲਸ ਹਾਲੇ ਤੱਕ ਕੋਈ ਸੁਰਾਗ ਨਹੀਂ ਲਗਾ ਸਕੀ ਹੈ।

ਇਹ ਵੀ ਪੜ੍ਹੋ : ਬਿਹਾਰ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਰਕਾਰੀ ਅਧਿਆਪਕ ਨਹੀਂ ਪੜ੍ਹਾ ਸਕਣਗੇ ਪ੍ਰਾਈਵੇਟ ਟਿਊਸ਼ਨ

ਵਾਲੀਆ ਨੇ ਐੱਸ.ਐੱਸ.ਪੀ. ਗੌਰਵ ਤੂਰਾ ਅਤੇ ਸਥਾਨਕ ਐੱਸ.ਪੀ. ਮਾਧਵੀ ਸ਼ਰਮਾ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਬਜ਼ੁਰਗ ਮਾਤਾਵਾਂ ਅਤੇ ਆਮ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ ਅੰਦਰ ਪੀਸੀਆਰ ਦੀ ਗਸ਼ਤ ਅਤੇ ਪੁਲਿਸ ਮੁਸਤੈਦੀ ਨੂੰ ਤੁਰੰਤ ਵਧਾਇਆ ਜਾਵੇ। ਸਥਾਨਕ ਨਿਵਾਸੀਆਂ ਦਾ ਵੀ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ਅਪਰਾਧੀਆਂ ’ਤੇ ਨਕੇਲ ਨਾ ਕਸੀ ਗਈ ਤਾਂ ਕਿਸੇ ਦਿਨ ਕੋਈ ਵੱਡੀ ਅਣਹੋਣੀ ਹੋ ਸਕਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਤਫਤੀਸ਼ ਵਿਚ ਜੁਟੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News