ਮੁੱਖ ਮੰਤਰੀ ਦੇ ਜੱਦੀ ਜ਼ਿਲੇ 'ਚ ਪੀਣ ਵਾਲੇ ਪਾਣੀ ਦੇ 80 ਫੀਸਦੀ ਸੈਂਪਲ ਫੇਲ

Wednesday, Jan 08, 2020 - 04:29 PM (IST)

ਮੁੱਖ ਮੰਤਰੀ ਦੇ ਜੱਦੀ ਜ਼ਿਲੇ 'ਚ ਪੀਣ ਵਾਲੇ ਪਾਣੀ ਦੇ 80 ਫੀਸਦੀ ਸੈਂਪਲ ਫੇਲ

ਪਟਿਆਲਾ (ਪਰਮੀਤ ,ਜੋਸਨ): ਕਈ ਦਹਾਕਿਆਂ ਤੋਂ ਸ਼ਾਹੀ ਸ਼ਹਿਰ ਵਿਚ ਵਾਟਰ ਟਰੀਟਮੈਂਟ ਪਲਾਂਟ ਨਾ ਲੱਗਣ ਕਾਰਣ ਸੀ. ਐੱਮ. ਸ਼ਹਿਰ ਦੇ ਲੋਕ ਹੁਣ ਗੰਦਾ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ। ਇਹ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਹਾਲ ਹੀ ਵਿਚ ਆਈ ਰਿਪੋਰਟ ਤਹਿਤ ਮੁੱਖ ਮੰਤਰੀ ਦੇ ਸ਼ਹਿਰ ਵਿਚ ਲੋਕਾਂ ਦੇ ਘਰਾਂ ’ਚੋਂ ਲਏ ਗਏ 81 ਫੀਸਦੀ ਪਾਣੀ ਦੇ ਸੈਂਪਲ ਫੇਲ ਹਨ। ਸਿਹਤ ਵਿਭਾਗ ਅਤੇ ਜਲ ਸਪਲਾਈ ਵਿਭਾਗ ਆਹਮੋ-ਸਾਹਮਣੇ ਹੋ ਚੁੱਕੇ ਹਨ।

ਜ਼ਿਲੇ ਦੇ ਸਿਹਤ ਵਿਭਾਗ ਨੇ ਸ਼ਹਿਰੀ ਖੇਤਰ ਦੇ 81 ਫ਼ੀਸਦੀ ਅਤੇ ਅਤੇ ਪੇਂਡੂ ਖੇਤਰ ਦੇ 61 ਫ਼ੀਸਦੀ ਪਾਣੀ ਦੇ ਸੈਂਪਲ ਫੇਲ ਕਰ ਦਿੱਤੇ ਹਨ। ਇਹ ਰਿਪੋਰਟ ਨਸ਼ਰ ਹੋਈ ਤਾਂ ਜਲ ਸਪਲਾਈ ਵਿਭਾਗ ਨੇ ਸੈਂਪਲ ਲੈਣ ਦੀ ਪ੍ਰਕਿਰਿਆ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਕਿਹਾ ਕਿ ਸਿਹਤ ਵਿਭਾਗ ਨੇ ਸੈਂਪਲ ਲੈਣ ਲੱਗੇ ਸਾਨੂੰ ਨਾਲ ਹੀ ਨਹੀਂ ਲਿਆ ਗਿਆ। ਜ਼ਿਆਦਾਤਰ ਪ੍ਰਾਈਵੇਟ ਸੈਂਪਲ ਲੈ ਕੇ ਫੇਲ ਦਿਖਾ ਦਿੱਤੇ ਹਨ। ਪੁਰਾਣੇ ਸੈਂਪਲਾਂ ਦੀ ਰਿਪੋਰਟ ਨਸ਼ਰ ਕਰ ਕੇ ਲੋਕਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ।

 58 ਫ਼ੀਸਦੀ ਪਾਣੀ ਪੀਣ ਯੋਗ ; 42 ਫ਼ੀਸਦੀ ਨਹੀਂ

ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲੇ ’ਚ ਪਾਣੀਆਂ ਦੇ ਲਏ ਸੈਂਪਲਾਂ ਵਿਚ ਕੁੱਲ ਅੰਕਡ਼ਿਆਂ ਅਨੁਸਾਰ 58 ਫ਼ੀਸਦੀ ਪਾਣੀ ਪੀਣ ਯੋਗ ਹੈ। 42 ਫ਼ੀਸਦੀ ਪਾਣੀ ਨਹੀਂ ਪੀਣ ਯੋਗ ਨਹੀਂ ਹੈ। ਸਿਹਤ ਵਿਭਾਗ ਦੇ ਡਾ. ਸੁਖਮਿੰਦਰ ਸਿੰਘ ਨੇ ਕਿਹਾ ਕਿ ਸਾਰੇ ਜ਼ਿਲੇ ’ਚੋਂ ਸ਼ਹਿਰੀ ਖੇਤਰ ਦੀ ਹਾਲਤ ਬਹੁਤ ਮਾਡ਼ੀ ਹੈ। ਸ਼ਹਿਰੀ ਖੇਤਰ ਵਿਚ ਲਏ ਸੈਂਪਲਾਂ ਵਿਚੋਂ 81 ਫ਼ੀਸਦੀ ਸੈਂਪਲ ਫੇਲ ਹਨ। ਪਿੰਡਾਂ ਦੀ ਹਾਲਤ ਠੀਕ ਹੈ। ਉਥੇ 56 ’ਚੋਂ 34 ਸੈਂਪਲ 61 ਫ਼ੀਸਦੀ ਫੇਲ ਹਨ। ਅਸੀਂ ਇਹ ਰਿਪੋਰਟ ਜਨਵਰੀ 2019 ਤੋਂ ਨਵੰਬਰ 2019 ਤੱਕ ਰਿਲੀਜ਼ ਕੀਤੀ ਹੈ।

ਪਬਲਿਕ ਹੈਲਥ ਦੇ ਅਧਿਕਾਰੀਆਂ ਦੀ ਮੌਜੂਦਗੀ ਤੋਂ ਬਿਨਾਂ ਸੈਂਪਲਾਂ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ : ਐਕਸੀਅਨ

ਇਸ ਸਬੰਧੀ ਜਲ ਸਪਲਾਈ ਵਿਭਾਗ ਦੇ ਐਕਸੀਅਨ ਸੁਖਮਿੰਦਰ ਸਿੰਘ ਪੰਧੇਰ ਨੇ ਕਿਹਾ ਕਿ ਸਿਹਤ ਵਿਭਾਗ ਨੇ ਜ਼ਿਆਦਾਤਰ ਸੈਂਪਲ ਪ੍ਰਾਈਵੇਟ ਲੋਕਾਂ ਦੇ ਘਰਾਂ ਵਿਚੋਂ (ਸਬਮਰਸੀਬਲਾਂ ਤੋਂ) ਜਾਂ ਸਕੂਲਾਂ-ਕਾਲਜਾਂ ਵਿਚੋਂ ਲਏ ਹਨ, ਜਿਵੇਂ ਕਿ ਰਾਜਪੁਰਾ ਦੇ ਪਿੰਡਾਂ ਵਿਚੋਂ ਲਏ 30 ਸੈਂਪਲਾਂ ਵਿਚੋਂ 18 ਪ੍ਰਾਈਵੇਟ ਘਰਾਂ ਵਿਚੋਂ ਲਏ ਗਏ ਹਨ। ਨਾਭਾ ਦੇ ਪਿੰਡਾਂ ਵਿਚੋਂ ਸਾਰੇ ਹੀ ਪ੍ਰਾਈਵੇਟ ਲੋਕਾਂ ਦੇ ਸੈਂਪਲ ਲਏ ਗਏ ਹਨ। ਸਨੌਰ ਅਤੇ ਭੁਨਰਹੇਡ਼ੀ ਖੇਤਰ ਦੇ ਪਿੰਡਾਂ ਦੇ 19 ਵਿਚੋਂ 17 ਪ੍ਰਾਈਵੇਟ ਘਰਾਂ ’ਚੋਂ ਸੈਂਪਲ ਲਏ ਹਨ। ਪਾਤਡ਼ਾਂ ਦੇ ਪਿੰਡਾਂ ’ਚੋਂ 12 ’ਚੋਂ 10 ਸੈਂਪਲ ਪ੍ਰਾਈਵੇਟ ਘਰਾਂ ਵਿਚੋਂ ਲਏ ਹਨ। ਜਦੋਂ ਅਸੀਂ ਪਾਣੀ ਦੇ ਸੈਂਪਲ ਲੈਂਦੇ ਹਾਂ ਤਾਂ ਅਸੀਂ ਪਹਿਲਾਂ ਟੂਟੀ ਨੂੰ ਅੱਗ ਨਾਲ ਫੂਕਦੇ ਹਾਂ ਤਾਂ ਕਿ ਟੂਟੀ ਵਿਚ ਕੋਈ ਗ਼ਲਤ ਤੱਤ ਨਾ ਲੱਗਾ ਹੋਵੇ। ਉਸ ਤੋਂ ਬਾਅਦ ਹੀ ਸੈਂਪਲ ਨਿਯਮਾਂ ਅਨੁਸਾਰ ਲਏ ਜਾਂਦੇ ਹਨ। ਜੇਕਰ ਪਾਣੀ ਦੀ ਕਿਤੇ ਲੀਕੇਜ ਹੁੰਦੀ ਹੈ ਤਾਂ ਹੀ ਸਾਡੇ ਸੈਂਪਲ ਫੇਲ ਆ ਸਕਦੇ ਹਨ। ਅਸੀਂ ਹਾਈਪੋ ਕਲੋਰਾਈਡ ਦੀ ਮਾਤਰਾ ਵਧਾ ਕੇ ਪਾਣੀ ਨੂੰ ਸਾਫ਼ ਕਰ ਦਿੰਦੇ ਹਾਂ ਜਿਸ ਦੀ ਪ੍ਰਕਿਰਿਆ ਕੁਝ ਕੁ ਦਿਨਾਂ ਦੀ ਹੁੰਦੀ ਹੈ। ਸਿਹਤ ਵਿਭਾਗ ਨੇ ਸਾਲ ਪੁਰਾਣੇ ਸੈਂਪਲਾਂ ਦੀ ਰਿਪੋਰਟ ਨਸ਼ਰ ਕਰ ਕੇ ਲੋਕਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਸ਼ ਕੀਤੀ ਹੈ। ਜੇਕਰ ਸਾਨੂੰ ਨਾਲ ਲਿਆ ਹੁੰਦਾ ਤਾਂ ਹੀ ਸੈਂਪਲਾਂ ਨੂੰ ਸਹੀ ਕਿਹਾ ਜਾ ਸਕਦਾ ਸੀ।

ਸਿਹਤ ਵਿਭਾਗ ਦੀ ਰਿਪੋਰਟ ਨਾਲ ਹੋ ਰਹੀ ਹੈ ਬਦਨਾਮੀ

ਇਸ ਸਬੰਧੀ ਐਕਸੀਅਨ ਇੰਜ. ਪੰਧੇਰ ਨੇ ਇਕ ਪੱਤਰ ਆਪਣੇ ਮੁੱਖ ਇੰਜੀਨੀਅਰ (ਦੱਖਣ) ਨੂੰ ਵੀ ਭੇਜ ਕੇ ਸਪੱਸ਼ਟ ਕੀਤਾ ਹੈ, ਜੋ ਵੀ ਸਿਹਤ ਵਿਭਾਗ ਵੱਲੋਂ ਸੈਂਪਲ ਫੇਲ ਦਿਖਾਏ ਹਨ, ਉਹ ਵਿਭਾਗ ਦੀ ਮੋਹਾਲੀ ਅਤੇ ਪਟਿਆਲਾ ਦੀ ਲੈਬਾਰਟਰੀ ਵਿਚ ਭੇਜੇ ਗਏ ਹਨ। ਸਿਹਤ ਵਿਭਾਗ ਦੀ ਗ਼ਲਤ ਰਿਪੋਰਟ ਨਾਲ ਵਿਭਾਗ ਦਾ ਅਕਸ ਖ਼ਰਾਬ ਹੁੰਦਾ ਹੈ। ਇਸ ਲਈ ਸਿਹਤ ਵਿਭਾਗ ਨੂੰ ਵੀ ਲਿਖਿਆ ਗਿਆ ਹੈ ਕਿ ਜੇਕਰ ਕਿਤੇ ਵੀ ਸੈਂਪਲ ਲੈਣੇ ਹੁੰਦੇ ਹਨ ਤਾਂ ਜਲ ਸਪਲਾਈ ਵਿਭਾਗ ਨੂੰ ਨਾਲ ਲਿਆ ਜਾਵੇ। ਇਸ ਬਾਰੇ ਸਿਹਤ ਵਿਭਾਗ ਦੇ ਡਾ. ਸੁਖਮਿੰਦਰ ਸਿੰਘ ਨੇ ਕਿਹਾ ਹੈ ਕਿ ਅੱਗੇ ਤੋਂ ਅਸੀਂ ਜਲ ਸਪਲਾਈ ਵਿਭਾਗ ਨੂੰ ਵੀ ਨਾਲ ਲੈ ਲਿਆ ਕਰਾਂਗੇ।


author

Shyna

Content Editor

Related News