ਵਾਟਰ ਵਰਕਸ ਦੇ ਪਾਣੀ ''ਚ ਸੀਵਰੇਜ ਦਾ ਪਾਣੀ ਮਿਲਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
Saturday, Aug 19, 2017 - 07:58 AM (IST)
ਫ਼ਰੀਦਕੋਟ (ਹਾਲੀ) - ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਵਸਨੀਕਾਂ ਵੱਲੋਂ ਪੀਣਯੋਗ ਸਾਫ ਪਾਣੀ ਨਾ ਮਿਲਣ ਤੇ ਵਾਟਰ ਵਰਕਸ ਦੇ ਪਾਣੀ ਵਿਚ ਸੀਵਰੇਜ ਦਾ ਪਾਣੀ ਰਲਣ ਕਾਰਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐੱਸ. ਡੀ. ਓ. ਨਾਲ ਮੁਲਾਕਾਤ ਕੀਤੀ ਗਈ ਤੇ ਇਸ ਸਮੱਸਿਆ ਦੇ ਹੱਲ ਤੇ ਪੀਣ ਯੋਗ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਨੂੰ ਲੈ ਕੇ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਹੱਲੇ ਦੇ ਐੱਮ. ਸੀ. ਜਤਿੰਦਰ ਸਿੰਘ, ਵਸਨੀਕ ਮੇਜਰ ਸਿੰਘ, ਗਗਨ ਕੁਮਾਰ ਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਬਲਵਿੰਦਰ ਸਿੰਘ ਨਗਰ ਦੇ ਵਸਨੀਕਾਂ ਨੂੰ 5-6 ਮਹੀਨਿਆਂ ਤੋਂ ਪੀਣਯੋਗ ਪਾਣੀ ਸਾਫ਼ ਨਹੀਂ ਮਿਲ ਰਿਹਾ ਤੇ ਵਾਟਰ ਵਰਕਸ ਦੇ ਪਾਣੀ ਵਿਚ ਸੀਵਰੇਜ ਦਾ ਪਾਣੀ ਰਲ ਕੇ ਆ ਰਿਹਾ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਜ਼ਿਲਾ ਪ੍ਰਸ਼ਾਸਨ ਤੇ ਜਲ ਸਪਲਾਈ ਵਿਭਾਗ ਨੂੰ ਵੀ ਜਾਣੂ ਕਰਵਾ ਚੁਕੇ ਹਨ ਪਰ ਕੋਈ ਸਮੱਸਿਆ ਹੱਲ ਨਹੀਂ ਹੋਈ ਅਤੇ ਲੋਕ ਗੰਦਾ ਪਾਣੀ ਵਰਤਣ ਲਈ ਮਜਬੂਰ ਹਨ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਪਰਮਿੰਦਰ ਸਿੰਘ, ਕਸ਼ਮੀਰ ਕੌਰ, ਜਸਵਿੰਦਰ ਕੌਰ ਤੇ ਮਨਦੀਪ ਕੌਰ ਨੇ ਕਿਹਾ ਕਿ ਜੇਕਰ ਮੁਹੱਲਾ ਵਾਸੀਆਂ ਦੀ ਪੀਣਯੋਗ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਹਨ ਅਧਿਕਾਰੀ?
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਸਾਫ਼-ਸੁਥਰਾ ਪੀਣਯੋਗ ਪਾਣੀ ਨਾ ਮਿਲਣ ਦੀਆਂ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਕਿਹਾ ਗਿਆ ਹੈ। ਸ਼ਹਿਰ ਵਿਚ ਸੀਵਰੇਜ ਪਾਉਣ ਦਾ ਪ੍ਰਾਜੈਕਟ ਚੱਲ ਰਿਹਾ ਹੈ ਅਤੇ ਕੁਝ ਥਾਵਾਂ ਤੋਂ ਪਾਣੀ ਦੀਆਂ ਪਾਈਪਾਂ ਲੀਕ ਹੋ ਗਈਆਂ ਸਨ, ਜਿਸ ਦੀ ਮੁਰੰਮਤ ਜੰਗੀ ਪੱਧਰ 'ਤੇ ਕਰਵਾਈ ਜਾ ਰਹੀ ਹੈ।
