ਪਾਣੀ ਪ੍ਰਦੂਸ਼ਣ ’ਚ ਆਰ.ਓ. ਅਤੇ ਮਿਨਰਲ ਪਾਣੀ ਦੀ ਜਾਣੋਂ ਕੀ ਹੈ ਲੋੜ

Friday, Apr 24, 2020 - 03:35 PM (IST)

ਪਾਣੀ ਪ੍ਰਦੂਸ਼ਣ ’ਚ ਆਰ.ਓ. ਅਤੇ ਮਿਨਰਲ ਪਾਣੀ ਦੀ ਜਾਣੋਂ ਕੀ ਹੈ ਲੋੜ

ਡਾ. ਅਮਰ ਸਿੰਘ ਅਜ਼ਾਦ             

9872861321

ਪੰਜਾਬ ਵਿਚ ਜਲ ਪ੍ਰਦੂਸ਼ਣ ਆਮ ਵਰਤਾਰਾ ਬਣ ਗਿਆ ਹੈ। ਪੰਜਾਬ ਦੇ ਪਾਣੀਆਂ ਵਿਚ ਕਈ ਕਿਸਮਾਂ ਦੇ ਜ਼ਹਿਰ ਘੋਲ ਦਿੱਤੇ ਗਏ ਹਨ। ਖੇਤੀ ਰਸਾਇਣਾਂ, ਸਨਅਤੀ ਕਚਰੇ, ਵਾਹਨਾਂ, ਤਾਪ ਬਿਜਲੀ ਘਰਾਂ ਅਤੇ ਪਲਾਸਟਿਕ ਦੀ ਅੰਧਾ-ਧੁੰਦ ਵਰਤੋਂ ਨੇ ਹਵਾ, ਪਾਣੀ ਅਤੇ ਧਰਤੀ ਨੂੰ ਜ਼ਹਿਰਾਂ ਨਾਲ ਭਰ ਦਿੱਤਾ ਹੈ। ਅੱਜ ਪੰਜਾਬ ਵਿਚ ਮਿੱਠਾ ਅਤੇ ਸ਼ੁੱਧ ਪਾਣੀ ਜਾਂ ਤਾਂ ਮੁੱਕ ਗਿਆ ਹੈ ਜਾਂ ਜ਼ਹਿਰਾਂ ਨਾਲ ਭਰ ਗਿਆ ਹੈ। ਪੰਜਾਬ ਦੇ ਨਲਕਿਆਂ ਅਤੇ ਖੂਹਾਂ ਦਾ ਪਾਣੀ ਸਭ ਤੋਂ ਵਧੀਆ ਸੀ, ਕਿਉਂਕਿ ਧਰਤੀ ਉਪਰਲਾ ਪਾਣੀ, ਜਦੋਂ ਸਿੱਮ ਕੇ ਪੱਤਣਾਂ ਤੱਕ ਪਹੁੰਚਦਾ ਸੀ ਤਾਂ ਰਾਹ ਵਿਚ ਪੈਂਦੀ ਧਰਤੀ (ਜੋ ਅਜੇ ਜ਼ਹਿਰਾਂ ਤੋਂ ਮੁਕਤ ਸੀ) ਤੋਂ ਸਾਰੇ ਮਿਨਰਲ ਲੈ ਲੈਂਦਾ ਸੀ, ਜੋ ਮਨੁਖਾਂ ਅਤੇ ਜਾਨਵਰਾਂ ਲਈ ਜ਼ਰੂਰੀ ਹਨ। ਇਸੇ ਤਰ੍ਹਾਂ ਨਦੀ ਨਾਲਿਆਂ ਵਿਚ ਵਗਦਾ ਪਾਣੀ ਵੀ ਵਗਦੇ 2 ਧਰਤੀ ਤੋਂ ਵੀ ਜਰੂਰੀ ਮਿਨਰਲ ਆਪਣੇ ਵਿਚ ਘੋਲ ਲੈਂਦਾ ਹੈ।

ਸਰਕਾਰਾਂ ਪਾਣੀ ਵਿਚਲੇ ਇਨ੍ਹਾਂ ਜ਼ਹਿਰਾਂ ਦਾ ਹੱਲ ਆਰ.ਓ. ਫਿਲਟਰ ਨਾਲ ਕਰਨ ਦੇ ਦਾਅਵੇ ਕਰ ਰਹੀਆਂ ਹਨ। ਘਰਾਂ ਵਿਚ ਨਿੱਜੀ ਅਤੇ ਪਿੰਡਾਂ ਵਿਚ ਸਾਂਝੇ ਆਰ.ਓ ਲਗਾਏ ਜਾ ਰਹੇ ਹਨ। ਸੰਸਾਰ ਸਿਹਤ ਸੰਸਥਾ ਅਨੁਸਾਰ ਮਿਨਰਲ ਰਹਿਤ ਪਾਣੀ ਮਨੁਖਾਂ ਅਤੇ ਜਾਨਵਰਾਂ ਦੋਨਾਂ ਦੀ ਸਿਹਤ ਲਈ ਹਾਨੀਕਾਰਕ ਹੈ। ਅਸੀਂ ਮਿਨਰਲ ਰਹਿਤ ਪਾਣੀ ਪੀ ਰਹੇ ਹਾਂ ਪਰ ਸਰੀਰ ਵਿਚੋਂ ਨਿਕਲ ਰਿਹਾ ਪਾਣੀ (ਪਿਸ਼ਾਬ ਅਤੇ ਪਸੀਨਾਂ ਆਦਿ) ਤਾਂ ਮਿਨਰਲ ਯੁਕਤ ਹੈ- ਸਪਸ਼ਟ ਹੈ ਕਿ ਬਾਹਰ ਨਿਕਲ ਰਹੇ ਮਿਨਰਲ ਕਿਥੋਂ ਆਏ। ਸੰਸਾਰ ਸਿਹਤ ਸੰਸਥਾ ਅਨੁਸਾਰ ਪਾਣੀ ਵਿਚ ਘੱਟੋ ਘੱਟ 10 ਮਿਲੀ ਗ੍ਰਾਮ/ ਲਿਟਰ ਅਤੇ ਹੋ ਸਕੇ ਤਾਂ 20-30 ਮਿਲੀ ਗ੍ਰਾਮ/ਲਿਟਰ ਮੈਗਨੀਸ਼ੀਅਮ ਹੋਣਾਂ ਜ਼ਰੂਰੀ ਹੈ। ਇਸੇ ਤਰਾਂ ਘੱਟੋ ਘੱਟ 20 ਮਿਲੀ ਗ੍ਰਾਮ/ਲਿਟਰ ਅਤੇ ਹੋ ਸਕੇ ਤਾਂ 40-80 ਮਿਲੀ ਗ੍ਰਾਮ/ਲਿਟਰ ਕੈਲਸ਼ੀਅਮ ਹੋਣਾਂ ਜ਼ਰੂਰੀ ਹੈ। ਇਹ ਦੋ ਮਿਨਰਲ ਤਾਂ ਵੱਧ ਮਾਤਰਾ ਵਿਚ ਪਾਣੀ ਵਿਚ ਹੁੰਦੇ ਹਨ। ਹੋਰ ਵੀ ਅਨੇਕਾਂ ਮਿਨਰਲ ਹਨ, ਜੋ ਥੋੜੀ ਮਾਤਰਾ ਵਿਚ ਪਾਣੀ ਵਿਚ ਹੁੰਦੇ ਹਨ, ਜੋ ਸਰੀਰ ਨੂੰ ਵਧੀਆ ਕੰਮ ਕਰਨ ਲਈ ਲੋੜੀਂਦੇ ਹਨ। ਦੁਨੀਆਂ ਅੰਦਰ ਹੋਈਆਂ ਅਨੇਕਾਂ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਮਿਨਰਲ ਰਹਿਤ ਪਾਣੀ, ਮਨੁਖਾਂ ਅਤੇ ਜਾਨਵਰਾਂ ਦੋਨਾਂ ਦੀ ਸਿਹਤ ਲਈ ਹਾਨੀਕਾਰਕ ਹੈ ਜਦਕਿ ਮਿਨਰਲ ਯੁਕਤ ਪਾਣੀ ਸਿਹਤ ਲਈ ਵਧੀਆ ਹੁੰਦਾ ਹੈ। 

ਫਿਲਟਰ ਤੋਂ ਬਿਨਾਂ ਪੀਏ ਤਾਂ ਜ਼ਹਿਰਾਂ ਦਾ ਡਰ। ਜੇ ਫਿਲਟਰ ਕਰਕੇ ਪੀਏ ਤਾਂ ਜ਼ਰੂਰੀ ਮਿਨਰਲ ਨਹੀਂ ਮਿਲਦੇ। ਕਰੀਏ ਤਾਂ ਕੀ ਕਰੀਏ? ਕੀ ਭਾਰਤ ਵਰਗੇ ਦੇਸ਼ ਵਿਚ ਸਭ ਨੂੰ ਆਰ.ਓ. ਦਾ ਪਾਣੀ ਪਿਆਉਣਾ ਸੰਭਵ ਹੈ? ਕੀ ਧੁੱਪ ਵਿਚ ਕੰਮ ਕਰਦੇ ਕਿਸਾਨ ਅਤੇ ਮਜ਼ਦੂਰ ਆਰ.ਓ. ਦਾ ਪਾਣੀ ਪੀ ਸਕਦੇ ਹਨ? ਹੁਣ ਤੱਕ ਤਾਂ ਉਹ ਨਹੀਂ ਪੀ ਰਹੇ। ਸਾਰੇ ਪ੍ਰਚਾਰ ਅਤੇ ਮਸ਼ਹੂਰੀਆਂ ਦੇ ਬਾਵਜੂਦ, ਪੰਜਾਬ ਵਿਚ ਹੁਣ ਤੱਕ ਸਿਰਫ 20-30 % ਲੋਕ ਹੀ ਫਿਲਟਰ ਜਾਂ ਬੋਤਲਾਂ ਦਾ ਪਾਣੀ ਪੀ ਰਹੇ ਹਨ। ਇਸ ਦਾ ਦੂਸਰਾ ਪੱਖ ਵੀ ਹੈ-ਗਰਮੀਆਂ ਦੇ ਮੌਸਮ ਵਿਚ ਧੁੱਪ ਵਿਚ ਕੰਮ ਕਰਦੇ ਕਿਸਾਨ ਜਾਂ ਮਜ਼ਦੂਰ ਨੂੰ ਤਕਰੀਬਨ 5-10 ਲਿਟਰ ਪਾਣੀ ਪੀਣਾ ਪੈਂਦਾ ਹੈ। ਕੌਣ ਉਨ੍ਹਾਂ ਨੂੰ ਆਰ.ਓ. ਦਾ ਪਾਣੀ ਪਿਆਏਗਾ। ਜੇਕਰ ਉਹ ਫਿਲਟਰ ਦਾ ਮਿਨਰਲ ਰਹਿਤ ਪਾਣੀ ਪੀ ਕੇ ਮਿਨਰਲ ਯੁਕਤ ਪਾਣੀ ਪਸੀਨੇਂ ਜਾਂ ਪਿਸ਼ਾਬ ਰਾਹੀਂ ਬਾਹਰ ਕਢੇਗਾ ਤਾਂ ਉਹ ਮਿਨਰਲਾਂ ਦੀ ਇਸ ਕਮੀ ਨੂੰ ਕਿਵੇਂ ਪੂਰੀ ਕਰੇਗਾ? ਕੀ ਇਹ ਕਮੀ ਖੁਰਾਕ ਰਾਹੀਂ ਪੂਰੀ ਹੋ ਸਕਦੀ ਹੈ? ਵਿਗਿਆਨਕ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਸਰੀਰ ਨੂੰ ਲੋੜੀਂਦੇ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ 30% ਮਾਤਰਾ ਪਾਣੀ ਵਿਚੋਂ ਆਉਂਦੀ ਹੈ। ਇਹ ਮਿਨਰਲ, ਪਾਣੀ ਵਿਚ ਜਿਸ ਸ਼ਕਲ ਵਿਚ (ਆਇਨਕ ਸ਼ਕਲ) ਹੁੰਦੇ ਹਨ, ਸਰੀਰ ਇਨ੍ਹਾਂ ਨੂੰ ਅਸਾਨੀ ਨਾਲ ਵਰਤ ਲੈਂਦਾ ਹੈ ਜਦੋਂਕਿ ਖੁਰਾਕ ਵਿਚਲੇ ਮਿਨਰਲਾਂ ਨੂੰ ਵਰਤਣ ਲਈ ਸਰੀਰ ਨੂੰ ਬਹੁਤ ਤਰੱਦਦ ਕਰਨਾ ਪੈਂਦਾ ਹੈ। 

ਇਕ ਹੱਲ ਤਾਂ ਇਹ ਹੈ ਕਿ ਆਰ.ਓ. ਫਿਲਟਰ ਦੇ ਪਾਣੀ ਵਿਚ ਕਿਸੇ ਤਰੀਕੇ ਲੋੜੀਂਦੇ ਮਿਨਰਲ ਵਾਪਸ ਪਾਏ ਜਾਣ ਤਾਂ ਕੇ ਪਾਣੀ ਵਿਚ ਪਈ ਘਾਟ ਨੂੰ ਪੂਰਾ ਕੀਤਾ ਜਾ ਸਕੇ। ਇਸ ਹੱਲ ਨੂੰ ਲੈਕੇ ਪਹਿਲਾਂ ਹੀ ਕੰਪਨੀਆਂ ਆਪਣੇ 2 ਹੱਲ ਲੈ ਕੇ ਮਾਰਕੀਟ ਵਿਚ ਆ ਗਈਆਂ ਹਨ। ਉਹ ਫਿਲਟਰ ਨਾਲ ਇਕ ਹੋਰ ਕੈਂਡਲ ਲਾਉਣ ਲਈ ਕਹਿੰਦੀਆਂ ਹਨ ਜਿਸ ਨਾਲ ਉਹ ਪਾਣੀ ’ਚੋਂ ਨਿਕਲ ਗਏ ਮਿਨਰਲ ਵਾਪਸ ਪਾਉਣ ਦਾ ਦਾਅਵਾ ਕਰਦੀਆਂ। ਕੰਪਨੀਆਂ ਇਹ ਵੀ ਕਹਿਣ ਲਗ ਪਈਆਂ ਹਨ ਕਿ ਆਮ ਬੋਤਲਾਂ ਦਾ ਪਾਣੀ ਸਿਹਤ ਲਈ ਵਧੀਆ ਨਹੀਂ, ਸਾਡਾ ਮਿਨਰਲ ਵਾਟਰ ਸਿਹਤ ਲਈ ਵਧੀਆ ਹੈ, ਜੋ ਆਮ ਬੋਤਲ ਨਾਲੋਂ ਦੁਗਣੇ ਜਾਂ ਤਿਗਣੇ ਭਾਅ ’ਤੇ ਮਿਲਦਾ ਹੈ। ਲਗਭਗ ਸਾਰੀਆਂ ਵਡੀਆਂ ਕੰਪਨੀਆਂ ਮਿਨਰਲ ਵਾਟਰ ਲੈ ਕੇ ਮਾਰਕੀਟ ਵਿਚ ਆ ਗਈਆਂ ਹਨ। ਜੋ ਸ਼ੁੱਧ ਪਾਣੀ, ਲੋੜੀਂਦੇ ਮਿਨਰਲਾਂ ਸਮੇਤ, ਮੁਫਤ ਸਭ ਮਨੁਖਾਂ ਨੂੰ ਹੀ ਨਹੀਂ ਸਮੂਹ ਪ੍ਰਾਣੀਆਂ ਨੂੰ ਮੁਫਤ ਮਿਲ ਰਿਹਾ ਸੀ, ਹੁਣ ਦੁਧ ਦੇ ਭਾਅ ਵਿਕ ਰਿਹਾ ਹੈ। ਸਪਸ਼ਟ ਹੈ ਭਾਰਤ ਦੇ ਬਹੁ-ਗਿਣਤੀ ਲੋਕ, ਡੰਗਰ ਅਤੇ ਹੋਰ ਜੀਵ ਜੰਤੂ ਤਾਂ ਇਹ ਪਾਣੀ ਨਹੀਂ ਪੀ ਸਕਣਗੇ।

ਆਰ.ਓ ਨਾਲ, ਪੀਣ ਵਾਲੇ ਪਾਣੀ ਨੂੰ ਜ਼ਹਿਰੀਲੇ ਰਸਾਇਣਾਂ ਤੋਂ ਸ਼ੁੱਧ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਜੇਕਰ ਅਸੀਂ ਕੰਪਨੀਆਂ ਦਾ ਇਹ ਦਾਅਵਾ ਸੱਚ ਵੀ ਮੰਨ ਲਈਏ ਤਾਂ ਵੀ ਕੀ ਸ਼ੁਧ ਪਾਣੀ ਪੀਣ ਨਾਲ ਜ਼ਹਿਰਾਂ ਤੋਂ ਬਚਿਆ ਜਾ ਸਕਦਾ ਹੈ? ਸਿਰਫ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਦੀ ਸਮਝ ਉਸ ਸਮੇਂ ਦੀ ਹੈ ਜਦੋਂ ਪਾਣੀ ਦਾ ਪ੍ਰਦੂਸ਼ਣ ਸਿਰਫ ਮਲ-ਮੂਤਰ ਰਾਹੀਂ ਹੁੰਦਾ ਸੀ-ਉਦੋਂ ਖਤਰਨਾਕ ਜ਼ਹਿਰੀਲੇ ਰਸਾਇਣ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਨਹੀਂ ਸਨ। ਮਲ-ਮੂਤਰ ਦਾ ਪ੍ਰਦੂਸ਼ਤ ਕੀਤਾ ਪਾਣੀ ਸਿਰਫ ਪੀਣ ਨਾਲ ਹੀ ਨੁਕਸਾਨ ਕਰਦਾ ਹੈ-ਉਸ ਨੂੰ ਪੀਣ ਨਾਲ ਹੈਜ਼ਾ, ਟੱਟੀਆਂ-ਉਲਟੀਆਂ, ਟਾਇਫਾਇਡ, ਪੀਲੀਆ ਅਤੇ ਪੋਲੀਓ ਵਰਗੀਆਂ ਭਿਆਨਕ ਬਿਮਾਰੀਆਂ ਹੁੰਦੀਆਂ ਹਨ। ਅਜੇਹਾ ਪਾਣੀ ਹੋਰ ਕਿਸੇ ਤਰੀਕੇ ਨੁਕਸਾਨ ਨਹੀਂ ਕਰ ਸਕਦਾ। ਉਦੋਂ ਖਤਰਨਾਕ ਜ਼ਹਿਰੀਲੇ ਰਸਾਇਣ ਹਵਾ ਅਤੇ ਮਿੱਟੀ ਵਿਚ ਵੀ ਮੌਜੂਦ ਨਹੀਂ ਸਨ। 

ਪਾਣੀ ਵਿਚਲੇ ਜ਼ਹਿਰੀਲੇ ਰਸਾਇਣ ਸਿਰਫ ਪੀਣ ਨਾਲ ਹੀ ਸਾਡੇ ਅੰਦਰ ਨਹੀਂ ਜਾਂਦੇ, ਉਹ ਚਮੜੀ ਰਾਹੀਂ ਵੀ ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ-ਜ਼ਹਿਰੀਲੇ ਪਾਣੀ ਵਿਚ ਸਿਰਫ 20 ਮਿੰਟਾਂ ਦੇ  ਇਸ਼ਨਾਣ ਨਾਲ ਉੱਨੇ ਹੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਪਹੁੰਚ ਜਾਦੇ ਹਨ ਜਿੱਨੇ 24 ਘੰਟਿਆਂ ਦੇ ਪੀਣ ਵਾਲੇ ਪਾਣੀ ਨਾਲ ਪਹੁੰਚਦੇ ਹਨ। ਡੰਗਰਾਂ ਨੂੰ ਜ਼ਹਿਰੀਲਾ ਪਾਣੀ ਪਿਆਉਣ ਨਾਲ ਇਹ ਜ਼ਹਿਰ ਉਨ੍ਹਾਂ ਦੇ ਦੁੱਧ ਵਿਚ ਆ ਜਾਂਦੇ ਹਨ। ਖੇਤੀ ਨੂੰ ਜ਼ਹਿਰੀਲਾ ਪਾਣੀ ਲਾਉਣ ਨਾਲ ਇਹ ਭੋਜਨ ਵਿਚ ਆ ਜਾਂਦੇ ਹਨ। ਹੁਣ ਤਾਂ ਸੰਸਦੀ ਕਮੇਟੀ ਦੀ ਰਿਪੋਰਟ ਵਿਚ ਇਹ ਤੱਥ ਸਿੱਧ ਹੋ ਗਿਆ ਹੈ ਕਿ ਆਰਸੈਨਿਕ ਯੁਕਤ ਪਾਣੀ ਨਾਲ ਚੌਲਾਂ ਦੀ ਖੇਤੀ ਕਰਨ ਕਰਕੇ ਪੂਰੇ ਗੰਗਾ ਦੇ ਮੈਦਾਨ ਦੇ ਚੌਲ ਵੀ ਖਾਣ ਯੋਗ ਨਹੀਂ ਰਹੇ।ਇਸ ਲਈ ਇਹ ਧਾਰਨਾਂ ਕਿ ਜ਼ਹਿਰ ਮੁਕਤ ਪਾਣੀ ਪੀਣ ਨਾਲ ਅਸੀਂ ਪਾਣੀ ਵਿਚਲੇ ਜ਼ਹਿਰਾਂ ਤੋਂ ਬਚ ਸਕਦੇ ਹਾਂ, ਇਕ ਬਹੁਤ ਵੱਡਾ ਧੋਖਾ ਹੈ। ਅੱਜ ਰਸਾਇਣਕ ਪ੍ਰਦੂਸ਼ਣ ਦੇ ਜ਼ਮਾਨੇ ਵਿਚ ਇਕੱਲਾ ਸ਼ੁੱਧ ਪਾਣੀ ਪੀ ਲੈਣਾ ਕਾਫੀ ਨਹੀਂ-ਸਾਰਾ ਪਾਣੀ ਹੀ ਸ਼ੁੱਧ ਹੋਣਾ ਜ਼ਰੂਰੀ ਹੈ। ਪਾਣੀ ਤੋਂ ਇਲਾਵਾ ਵਾਤਾਵਰਣ ਵਿਚਲੇ ਇਹ ਜ਼ਹਿਰ ਹਵਾ ਅਤੇ ਭੋਜਨ ਰਾਹੀਂ ਸਿਧੇ ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ। ਇਹ ਚਮੜੀ ਰਾਹੀਂ ਵੀ ਸਰੀਰ ਵਿਚ ਵੜ ਜਾਂਦੇ ਹਨ। ਇਹ ਇੱਕ ਵਿਗਿਆਨਕ ਸੱਚ ਹੈ ਕਿ ਜੇਕਰ ਵਾਤਾਵਰਣ ਦੇ ਕਿਸੇ ਵੀ ਹਿੱਸੇ ਵਿਚ ਜ਼ਹਿਰ ਹੋਣਗੇ ਤਾਂ ਉਹ ਕਿਸੇ ਨਾਂ ਕਿਸੇ ਪਾਸਿਓਂ ਸਾਡੇ ਸਰੀਰ ਵਿਚ ਵੜ ਹੀ ਜਾਣਗੇ।

ਅੱਜ ਪੀਣ ਵਾਲਾ ਪਾਣੀ ਮੁੱਲ ਵਿੱਕ ਰਿਹਾ ਹੈ ਜੋ 30-40 ਸਾਲ਼ ਪਹਿਲਾਂ ਸਭ  ਲਈ ਮੁਫਤ ਉਪਲਭਧ ਸੀ। ਉਹ ਪਹਿਲੇ ਪੱਤਣ ਦਾ ਪਾਣੀ ਜਿਸ ਨੂੰ ਕੁਦਰਤ ਹਰ ਸਾਲ ਭਰ ਦੇਂਦੀ ਸੀ, ਅੱਜ ਦੀਆਂ ਮਿਨਰਲ ਵਾਟਰ ਦੀਆਂ ਬੋਤਲਾਂ ਦੇ  ਪਾਣੀ ਤੋਂ ਕਿਤੇ ਵਧੀਆ ਸੀ। ਪਾਣੀ ਦਾ ਵਪਾਰ ਕਰਨ ਲਈ, ਕਾਰਪੋਰੇਟ ਘਰਾਣਿਆਂ ਨੇ ਸਰਕਾਰਾਂ ਦੀ ਮਿਲੀ ਭੁਗਤ ਨਾਲ ਸਾਡੇ ਸ਼ੁੱਧ ਪਾਣੀਆਂ ਨੂੰ ਪਹਿਲਾਂ ਜ਼ਹਿਰਾਂ ਨਾਲ ਭਰਿਆ ।ਹੁਣ ਇਹ ਪਾਣੀ 20 ਤੋਂ 60 ਰੁਪਏ ਲਿਟਰ ਵੇਚ ਰਹੇ ਹਨ । ਆਪਣੇ ਫਿਲਟਰ ਵੇਚਣ ਲਈ ਇਕ ਪਾਸੇ ਤਾਂ ਅਪਣੇ ਫਿਲਟਰ ਦੀਆਂ ਤਰੀਫਾਂ ਕਰਦੇ ਹਨ ਅਤੇ ਦੂਜੇ ਪਾਸੇ ਇਹ ਵੀ ਪ੍ਰਚਾਰ ਕਰਦੇ ਹਨ ਕਿ ਫਿਲਟਰਾਂ ਦਾ ਪਾਣੀ ਵੀ ਸਿਹਤ ਲਈ ਠੀਕ ਨਹੀਂ। ਸਿਰਫ ਸਾਡਾ ਬੋਤਲਾਂ ਦਾ ਮਿਨਰਲ ਭਰਪੂਰ ਪਾਣੀ ਹੀ ਸਿਹਤ ਲਈ ਵਧੀਆ ਹੈ । ਲੋਕਾਂ ਦੀ ਆਰਥਿਕ ਲੁੱਟ ਵੀ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਆ ਰਿਹਾ ਹੈ ਕਿ ਕਿਹੜਾ ਪਾਣੀ ਸਿਹਤ ਲਈ ਵਧੀਆ ਹੈ।

ਇਸੇ ਭੰਬਲ ਭੂਸੇ ਕਾਰਨ ਹੀ ਭਾਰਤ ਵਿਚ ਬੋਤਲਾਂ ਵਾਲੇ ਪਾਣੀ ਦਾ ਵਪਾਰ ਛਾਲਾਂ ਮਾਰ ਕੇ ਵਧ ਰਿਹਾ ਹੈ-ਉਨ੍ਹਾਂ ਦੇ ਵਪਾਰ ਵਿਚ ਹਰ ਸਾਲ 55% ਦਾ ਵਾਧਾ ਹੋ ਰਿਹਾ ਹੈ-ਇਹ 1000 ਕਰੋੜ ਸਲਾਨਾਂ ਦੇ ਨੇੜੇ-ਤੇੜੇ ਪਹੁੰਚ ਚੁੱਕਾ ਹੈ। ਕੋਕਾ ਕੋਲਾ, ਪੈਪਸੀ, ਨੈਸਲੇ, ਮਾਨਿਕਚੰਦ, ਬ੍ਰਿਟੇਨੀਆਂ ਅਤੇ ਪਾਰਲੇ ਵਰਗੇ ਸਾਰੇ ਵਡੇ ਮਗਰਮੱਛ ਸ਼ੁੱਧ ਪਾਣੀ ਦੇ ਨਾਮ ’ਤੇ ਲੋਕਾਂ ਦਾ ਮਾਸ ਨੋਚ ਰਹੇ ਹਨ। ਲੋਕਾਂ ਨੂੰ ਅੱਧਾ ਸੱਚ ਦਿਖਾ ਕੇ ਇਕ ਪਾਸੇ ਤਾਂ ਉਨ੍ਹਾਂ ਦਾ ਆਰਥਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਸਿਹਤ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।


author

rajwinder kaur

Content Editor

Related News