ਤਿੰਨ ਸਾਲ ਬਾਅਦ ਪਾਣੀ ਦਾ ਇਕੱਠਾ ਬਿੱਲ ਦੇਖ ਕੇ ਸ਼ਹਿਰ ਵਾਸੀਆਂ ਦੇ ਸੁੱਕੇ ਸਾਹ, ਨਿਗਮ ਨੇ ਭੇਜਿਆ ਇਹ ਨੋਟਿਸ
Sunday, Jul 16, 2017 - 05:37 PM (IST)

ਜਲੰਧਰ— ਨਗਰ ਨਿਗਮ ਵੱਲੋਂ ਭੇਜੇ ਪਾਣੀ ਦੇ ਬਿੱਲਾਂ ਨੇ ਸ਼ਹਿਰ ਵਾਸੀਆਂ ਦੇ ਸਾਹ ਸੁਕਾ ਦਿੱਤੇ ਹਨ। ਨਿਗਮ ਨੇ ਲੋਕਾਂ ਨੂੰ ਨੋਟਿਸ ਭੇਜਿਆ ਹੈ ਕਿ ਉਹ ਆਪਣੇ ਖਰਚੇ 'ਤੇ ਪਾਣੀ ਵਾਲੇ ਮੀਟਰ ਲਗਵਾਉਣ, ਨਹੀਂ ਤਾਂ ਉਨ੍ਹਾਂ ਨੂੰ ਬਿੱਲ ਤੋਂ ਤਿੰਨ ਗੁਣਾ ਜ਼ੁਰਮਾਨਾ ਭਰਨਾ ਪਵੇਗਾ। ਉਧਰ ਸ਼ਹਿਰ ਦੇ ਕਈ ਇਲਾਕਿਆਂ 'ਚ ਤਿੰਨ-ਤਿੰਨ ਸਾਲ ਬਾਅਦ ਇਕੱਠਾ ਪਾਣੀ ਦਾ ਬਿੱਲ ਭੇਜਿਆ ਗਿਆ ਹੈ, ਜਿਸ ਨੂੰ ਲੈਣ ਤੋਂ ਲੋਕਾਂ ਨੇ ਇਨਕਾਰ ਕਰ ਦਿੱਤਾ। ਇਥੇ ਹੀ ਬੱਸ ਨਹੀਂ ਸ਼ਹਿਰ ਵਾਸੀ ਇਹ ਵੀ ਸ਼ਿਕਾਇਤ ਕਰ ਰਹੇ ਹਨ ਕਿ ਪਿਛਲੇ 4 ਮਹੀਨਿਆਂ ਤੋਂ ਪਾਣੀ ਦੇ ਬਿੱਲਾਂ 'ਚ ਵੀ ਇਕਦਮ ਵਾਧਾ ਹੋ ਗਿਆ ਹੈ। ਇਸ ਦੇ ਨਾਲ ਹੀ ਨਿਗਮ ਨੇ ਜੋ ਖੁਦ ਆਪਣੇ ਲਈ 31 ਮਾਰਚ ਤੱਕ ਪਾਣੀ ਵਾਲੇ ਮੀਟਰ ਲਗਾਉਣ ਦਾ ਟੀਚਾ ਰੱਖਿਆ ਸੀ, ਉਸ 'ਚ ਉਹ ਬੁਰੀ ਤਰ੍ਹਾਂ ਫੇਲ੍ਹ ਹੋਇਆ ਹੈ। ਸਥਾਨਕ ਦੁਕਾਨਦਾਰ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਬਿੱਲ 'ਤੇ ਨਿਗਮ ਨੇ ਨੋਟਿਸ ਲਿਖ ਕੇ ਭੇਜਿਆ ਹੈ ਕਿ ਆਪਣੇ ਘਰ 'ਚ ਖਪਤਕਾਰ ਖੁਦ ਆਪਣੇ ਖਰਚੇ 'ਤੇ ਮੀਟਰ ਲਗਵਾਉਣ ਨਹੀਂ, ਤਾਂ ਮੀਟਰ ਨਾ ਲਗਵਾਉਣ ਦੀ ਸੂਰਤ 'ਚ ਉਨ੍ਹਾਂ ਨੂੰ 3 ਗੁਣਾ ਜ਼ੁਰਮਾਨਾ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪਿਛਲੇ 4 ਮਹੀਨਿਆਂ ਤੋਂ ਆਉਣ ਵਾਲੇ ਪਾਣੀ ਦੇ ਬਿੱਲਾਂ 'ਚ ਇਕਦਮ ਵਾਧਾ ਹੋ ਗਿਆ ਹੈ ਜਦਕਿ ਪਾਣੀ ਦੀ ਖਪਤ ਉਹ ਪਹਿਲਾਂ ਵਾਂਗ ਹੀ ਕਰਦੇ ਹਨ।
ਉਧਰ ਵਾਰਡ ਨੰਬਰ 9 'ਚ ਪੈਂਦੇ ਸੰਗਮ ਵਿਹਾਰ ਇਲਾਕੇ ਦੇ ਲੋਕਾਂ ਨੂੰ ਤਿੰਨ ਸਾਲ ਬਾਅਦ ਇਕੋ ਵਾਰੀ ਇਕੱਠਾ ਬਿੱਲ ਭੇਜਿਆ ਗਿਆ ਹੈ। ਤਿੰਨ ਸਾਲਾਂ ਦੇ 25 ਹਜ਼ਾਰ ਤੱਕ ਆਇਆ ਬਿੱਲ ਲੋਕਾਂ ਨੇ ਰੋਸ ਵਜੋਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਤਿੰਨ-ਤਿੰਨ ਸਾਲ ਦਾ ਇਕੱਠਾ ਬਿੱਲ ਦੇਣ ਤੋਂ ਉਨ੍ਹਾਂ ਦੇ ਹੱਥ ਖੜ੍ਹੇ ਹਨ ਜਦਕਿ ਬਿੱਲ ਹਮੇਸ਼ਾ ਦੋ-ਦੋ ਮਹੀਨਿਆਂ ਦਾ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨਿਗਮ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਨ੍ਹਾਂ ਨੂੰ ਬਿੱਲ ਨਹੀਂ ਮਿਲੇ, ਜਿਸ ਦਾ ਖਮਿਆਜ਼ਾ ਉਹ ਕਿਉਂ ਭੁਗਤਣ? ਉਹ ਬਿੱਲ ਦੇਣ ਨੂੰ ਤਿਆਰ ਹਨ ਬਸ਼ਰਤੇ ਕਿ ਦੋ ਜਾਂ ਤਿੰਨ ਮਹੀਨੇ ਬਾਅਦ ਆਈ ਜਾਵੇ।
ਨਿਗਮ ਦੇ ਸੁਪਰਡੈਂਟ ਇੰਜੀ: ਲਖਵਿੰਦਰ ਸਿੰਘ ਨੇ ਦੱਸਿਆ ਕਿ ਮੀਟਰ ਲਗਾਉਣ ਦੀਆਂ ਹਦਾਇਤਾਂ ਸਿਰਫ ਉਦਯੋਗਪਤੀਆਂ ਜਾਂ ਉਨ੍ਹਾਂ ਲੋਕਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਮਕਾਨ 20 ਮਰਲੇ ਤੋਂ ਵੱਡੇ ਪਲਾਂਟ 'ਚ ਹਨ ਅਤੇ ਉਨ੍ਹਾਂ ਦੀ ਖਪਤ ਆਮ ਲੋਕਾਂ ਨਾਲੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਸ਼ਹਿਰ ਵਾਸੀਆਂ ਦੇ ਮੀਟਰ ਸਰਕਾਰ ਵੱਲੋਂ 'ਅੰਮ੍ਰਿਤ' ਸਕੀਮ ਤਹਿਤ 2018 ਤੱਕ ਲਗਾ ਦਿੱਤੇ ਜਾਣਗੇ।