ਮੁਸਲਮਾਨਾਂ ਨੂੰ ਸ਼ਾਮਲ ਕਰਨ ਲਈ ਸੀ. ਏ. ਏ. ’ਚ ਸੋਧ ਕੀਤੀ ਜਾਵੇ : ਅਕਾਲੀ ਦਲ

01/17/2020 10:43:59 PM

ਚੰਡੀਗਡ਼੍ਹ (ਅਸ਼ਵਨੀ)-ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ’ਤੇ ਸਰਕਾਰ ਵਲੋਂ ਲਿਆਂਦੇ ਗਏ ਮਤੇ ਖਿਲਾਫ਼ ਅਕਾਲੀ ਵਿਧਾਇਕਾਂ ਨੇ ਹੰਗਾਮਾ ਕੀਤਾ। ਅਕਾਲੀ ਵਿਧਾਇਕ ਸਰਕਾਰੀ ਪ੍ਰਸਤਾਵ ’ਚ ਸੋਧ ਦੀ ਮੰਗ ਕਰ ਰਹੇ ਸਨ, ਜਿਸ ਨੂੰ ਸਪੀਕਰ ਨੇ ਮਨਜ਼ੂਰ ਨਹੀਂ ਕੀਤਾ। ਹਾਲਾਂਕਿ ਬਹਿਸ ਦੌਰਾਨ ਅਕਾਲੀ ਵਿਧਾਇਕਾਂ ਨੇ ਮੁਸਲਮਾਨਾਂ ’ਤੇ ਵੀ ਸੀ. ਏ. ਏ. ਲਾਗੂ ਕਰਨ ਦੀ ਮੰਗ ਉਠਾਈ। ਅਕਾਲੀ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਚਾਹੁੰਦੀ ਹੈ ਕਿ ਕਾਂਗਰਸ ਅਫ਼ਗਾਨਿਸਤਾਨ ਤੋਂ ਆਏ ਉਨ੍ਹਾਂ ਹਜ਼ਾਰਾਂ ਸਿੱਖਾਂ ਨੂੰ ਮਿਲੀ ਰਾਹਤ ਦਾ ਵਿਰੋਧ ਨਾ ਕਰੇ, ਬਲਕਿ ਇਹ ਰਾਹਤ ਮੁਸਲਮਾਨਾਂ ਨੂੰ ਵੀ ਦਿਵਾਉਣ ’ਤੇ ਧਿਆਨ ਕੇਂਦਰਿਤ ਕਰੇ।

ਸਦਨ ਅੰਦਰ ਸੀ. ਏ. ਏ. ’ਤੇ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਲਏ ਸਟੈਂਡ ਵਿਚਲੇ ਫਰਕ ਬਾਰੇ ਮੀਡੀਆ ਨੂੰ ਦੱਸਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਨ ਲਓ ਕਿ ਖੂਨ ਦੀਆਂ 3 ਬੋਤਲਾਂ ਹਨ ਅਤੇ ਕਲੀਨਿਕ ਵਿਚ ਭਰਤੀ 4 ਗੰਭੀਰ ਮਰੀਜ਼ਾਂ ਨੂੰ 1-1 ਬੋਤਲ ਦੀ ਲੋਡ਼ ਹੈ। ਅਕਾਲੀ ਦਲ ਚਾਹੁੰਦਾ ਹੈ ਕਿ ਸਾਰੇ ਮਰੀਜ਼ਾਂ ਨੂੰ 1-1 ਬੋਤਲ ਖੂਨ ਦੇ ਕੇ ਸਾਰਿਆਂ ਨੂੰ ਹੀ ਬਚਾਇਆ ਜਾ ਸਕਦਾ ਹੈ ਅਤੇ ਇਸੇ ਦੌਰਾਨ ਚੌਥੀ ਬੋਤਲ ਹਾਸਿਲ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰਨੀਆਂ ਚਾਹੀਦੀਆਂ ਹਨ ਪਰ ਕਾਂਗਰਸ ਚਾਹੁੰਦੀ ਹੈ ਕਿ ਜੇਕਰ ਚੌਥੀ ਬੋਤਲ ਨਹੀਂ ਲੱਭਦੀ ਤਾਂ ਕਿਸੇ ਨੂੰ ਵੀ ਖੂਨ ਨਹੀਂ ਦੇਣਾ ਚਾਹੀਦਾ ਅਤੇ ਚਾਰੇ ਮਰੀਜ਼ਾਂ ਨੂੰ ਮਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁਸਲਮਾਨਾਂ ਨੂੰ ਬਚਾਉਣਾ ਨਹੀਂ ਚਾਹੁੰਦੇ, ਸਗੋਂ ਸਿੱਖਾਂ ਨੂੰ ਵੀ ਦੁੱਖ ਦੇਣਾ ਚਾਹੁੰਦੇ ਹਨ। ਇਹ ਬਹੁਤ ਹੀ ਅਫਸੋਸਨਾਕ ਅਤੇ ਹਾਸੋਹੀਣੀ ਹਰਕਤ ਹੈ।

ਅਕਾਲੀ ਦਲ ਨੇ ਐੱਨ. ਆਰ. ਸੀ. ਦਾ ਕੀਤਾ ਸਖ਼ਤ ਵਿਰੋਧ
ਮਜੀਠੀਆ ਨੇ ਇਸ ਬਾਰੇ ਕਿਹਾ ਕਿ ਆਮ ਲੋਕਾਂ ਨੂੰ ਬੇਲੋਡ਼ੀ ਮੁਸੀਬਤ ਵਿਚ ਪਾਉਣ ਲਈ ਐੱਨ. ਆਰ. ਸੀ. ਵਰਗੀ ਕਿਸੇ ਵੀ ਕਾਰਵਾਈ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਇਸ ਦੌਰਾਨ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਸਵਾਗਤ ਕੀਤਾ, ਜਿਸ ਵਿਚ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਰਕਾਰ ਦੇਸ਼ ਅੰਦਰ ਐੱਨ. ਆਰ. ਸੀ. ਲਾਗੂ ਕਰਨ ਬਾਰੇ ਨਹੀਂ ਸੋਚ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਸਲਮਾਨਾਂ ਨੂੰ ਸੀ. ਏ. ਏ. ਵਿਚ ਸ਼ਾਮਿਲ ਕਰਨ ਸਬੰਧੀ ਪਾਰਟੀ ਚਾਹੁੰਦੀ ਸੀ ਕਿ ਸਦਨ ਭਾਰਤ ਸਰਕਾਰ ਨੂੰ ਇਹ ਸਿਫਾਰਿਸ਼ ਕਰਨ ਵਾਲਾ ਮਤਾ ਪਾਸ ਕਰੇ ਕਿ ਬਾਕੀ ਭਾਈਚਾਰਿਆਂ ਸਿੱਖਾਂ, ਹਿੰਦੂਆਂ, ਜੈਨੀਆਂ, ਬੋਧੀਆਂ, ਈਸਾਈਆਂ ਅਤੇ ਪਾਰਸੀਆਂ ਦੇ ਨਾਲ ਮੁਸਲਮਾਨਾਂ ਨੂੰ ਵੀ ਇਹ ਰਾਹਤ ਦੇਣ ਲਈ ਸੀ. ਏ. ਏ. ਵਿਚ ਲੋਡ਼ੀਂਦੀ ਸੋਧ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਇਹ ਵੀ ਚਾਹੁੰਦਾ ਸੀ ਕਿ ਸਦਨ ਸੀ. ਏ. ਏ. ਰਾਹੀਂ ਸਿੱਖਾਂ ਅਤੇ ਬਾਕੀ ਭਾਈਚਾਰਿਆਂ ਨੂੰ ਦਿੱਤੀ ਰਾਹਤ ਦਾ ਸਵਾਗਤ ਕਰੇ ਅਤੇ ਇਸ ਦੀ ਸ਼ਲਾਘਾ ਕਰੇ। ਇਸ ਸਬੰਧੀ ਅਕਾਲੀ ਦਲ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਇਸੇ ਵਿਸ਼ੇ ਉੱਤੇ ਲਿਆਂਦੇ ਸਰਕਾਰੀ ਪ੍ਰਸਤਾਵ ਵਿਚ 2 ਸੋਧਾਂ ਕੀਤੇ ਜਾਣ ਦੇ ਪ੍ਰਸਤਾਵ ਰੱਖੇ ਸਨ। ਸੋਧਾਂ ਵਾਲੇ ਇਹ ਪ੍ਰਸਤਾਵ ਅਕਾਲੀ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਪੇਸ਼ ਕੀਤੇ ਗਏ ਸਨ।

ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਦੌਡ਼ ਕੇ ਭਾਰਤ ਆਉਣ ਲਈ ਮਜਬੂਰ ਕੀਤੇ ਸਿੱਖਾਂ, ਹਿੰਦੂਆਂ, ਜੈਨੀਆਂ, ਬੋਧੀਆਂ, ਈਸਾਈਆਂ ਅਤੇ ਪਾਰਸੀਆਂ ਨੂੰ ਦਿੱਤੀ ਗਈ ਰਾਹਤ ਦਾ ਸਵਾਗਤ ਕਰਦਿਆਂ ਅਕਾਲੀ ਦਲ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਮੈਂਬਰ ਖਾਸ ਕਰ ਕੇ ਸ਼ੀਆ ਅਤੇ ਅਹਿਮਦੀਆਂ ਨੂੰ ਵੀ ਇਨ੍ਹਾਂ ਮੁਲਕਾਂ ਅੰਦਰ ਧਾਰਮਿਕ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਬਾਕੀ ਪੀਡ਼ਤਾਂ ਵਾਂਗ ਇਹ ਮਨੁੱਖੀ ਰਾਹਤ ਦਿੱਤੇ ਜਾਣ ਦੀ ਲੋਡ਼ ਹੈ। ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਪੀ. ਸੀ. ਉੱਤੇ ਕੀਤੇ ਐਲਾਨ ਨੂੰ ਬੇਲੋਡ਼ਾ ਅਤੇ ਖੋਖਲਾ ਸਿਆਸੀ ਪੈਂਤਡ਼ਾ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ ਕਿ ਐੱਨ. ਪੀ. ਸੀ. 1955 ਤੋਂ ਮੌਜੂਦ ਹੈ, ਜਿਸ ਵਿਚ 2013 ਵਿਚ ਹੋਰ ਸੋਧਾਂ ਕੀਤੀਆਂ ਗਈਆਂ ਸਨ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਸਾਬਕਾ ਗ੍ਰਹਿ ਮੰਤਰੀ ਪੀ ਚਿਦਾਂਬਰਮ ਵਲੋਂ ਆਖੀ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਐੱਨ. ਪੀ. ਸੀ. ’ਚ ਕੁੱਝ ਵੀ ਗਲਤ ਨਹੀਂ ਹੈ। ਇਸ ਤਰ੍ਹਾਂ ਇਸ ਮੁੱਦੇ ’ਤੇ ਕੈਪਟਨ ਦਾ ਬਿਆਨ ‘ਖੋਖਲੀ ਭਾਸ਼ਣਬਾਜ਼ੀ’ ਹੈ। ਮਜੀਠੀਆ ਨੇ ਸਪੀਕਰ ਵਲੋਂ ਖੂੰਜੇ ਲੱਗੀ ਕਾਂਗਰਸ ਪਾਰਟੀ ਦੀ ਮਦਦ ਕਰਨ ਲਈ ਵਿਰੋਧੀ ਆਵਾਜ਼ਾਂ ਦਬਾਉਣ ਵਾਸਤੇ ਵਰਤੇ ਗਏ ਹਥਕੰਡਿਆਂ ਨੂੰ ‘ਜਮਹੂਰੀਅਤ ਦਾ ਕਤਲ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਦਨ ’ਚ ਐਮਰਜੈਂਸੀ ਵਰਗਾ ਮਾਹੌਲ ਸੀ।


Sunny Mehra

Content Editor

Related News