ਰਿਸਰਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿਸ ਕੰਮ ਆ ਸਕਦੀ ਹੈ ਵਰਿਆਣਾ ਡੰਪ ਦੀ ਜ਼ਮੀਨ
Wednesday, Dec 30, 2020 - 02:32 PM (IST)
ਜਲੰਧਰ (ਸੋਮਨਾਥ)— ਵਰਿਆਣਾ ਡੰਪ ’ਤੇ ਲੱਗੇ ਕਰੀਬ 8 ਲੱਖ ਮੀਟਰਿਕ ਟਨ ਕੂੜੇ ਦੇ ਪਹਾੜ ਨੂੰ ਬਾਇਓ-ਮਾਈਨਿੰਗ ਪ੍ਰਾਜੈਕਟ ਤਹਿਤ ਖਤਮ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਹ ਕੰਮ ਸਮਾਰਟ ਸਿਟੀ ਤਹਿਤ ਹੋਵੇਗਾ। ਡੰਪ ਨੂੰ ਖਾਲੀ ਕਰਵਾਉਣ ਲਈ 41 ਕਰੋੜ ਰੁਪਏ ਖਰਚ ਹੋਣਗੇ। 41 ਕਰੋੜ ਰੁਪਏ ਖਰਚ ਕਰ ਕੇ ਭਾਵੇਂ ਵਰਿਆਣਾ ਡੰਪ ਵਾਲੀ ਜ਼ਮੀਨ ਖਾਲੀ ਹੋ ਵੀ ਜਾਵੇ ਪਰ ਇਹ ਅੱਗੇ ਕਿਸ ਕੰਮ ਆਵੇਗੀ, ਇਸ ਬਾਰੇ ਰਿਸਰਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਫਿਲਹਾਲ ਇਸ ਕੂੜੇ ਦੇ ਪਹਾੜ ਨਾਲ ਆਲੇ-ਦੁਆਲੇ ਦੀ ਜ਼ਮੀਨ ਅਤੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਦਾ ਖਦਸ਼ਾ ਹੈ। ਇਸ ਖਦਸ਼ੇ ਨੂੰ ਦੂਰ ਕਰਨ ਲਈ ਨਗਰ ਨਿਗਮ ਵੱਲੋਂ ਆਈ. ਆਈ. ਟੀ. ਰੋਪੜ ਤੋਂ ਐਨਵਾਇਰਮੈਂਟ ਸਟੱਡੀ ਅਨੈਲਸਿਸ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : 2020 ਦੌਰਾਨ ਪੰਜਾਬ ਦੀ ਸਿਆਸਤ ’ਚ ਛਾਏ ਇਹ ਮੁੱਦੇ, ਜਮ ਕੇ ਹੋਇਆ ਘਮਾਸਾਨ
ਪਿਛਲੇ ਦਿਨੀਂ ਆਈ. ਆਈ. ਟੀ. ਰੋਪੜ ਦੀ ਟੀਮ ਨੇ ਵਰਿਆਣਾ ਡੰਪ ਦਾ ਦੌਰਾ ਕਰ ਕੇ ਜਾਂਚ ਲਈ ਸੈਂਪਲ ਲਏ ਸਨ। ਇਸ ਤੋਂ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐੱਨ. ਆਈ. ਟੀ. ਨੂੰ ਐਨਵਾਇਰਮੈਂਟ ਸਟੱਡੀ ਕਰਵਾਉਣ ਲਈ ਕਿਹਾ ਗਿਆ ਸੀ ਪਰ ਐੱਨ.ਆਈ. ਟੀ. ਵੱਲੋਂ ਸੰਸਾਧਨਾਂ ਦੀ ਘਾਟ ਦਾ ਹਵਾਲਾ ਦੇ ਕੇ ਇਸ ’ਤੇ ਅਧਿਐਨ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੁਝ ਪ੍ਰਾਈਵੇਟ ਏਜੰਸੀਆਂ ਨੇ ਇਸ ’ਤੇ ਸਟੱਡੀ ਕਰਨ ਲਈ ਟੈਂਡਰ ਭਰਿਆ ਸੀ ਪਰ ਅੰਤ ਸਟੱਡੀ ਲਈ ਆਈ. ਆਈ. ਟੀ. ਰੋਪੜ ਨੂੰ ਚੁਣਿਆ ਗਿਆ, ਜਿਸ ਵੱਲੋਂ ਇਸ ਅਧਿਐਨ ਲਈ ਨਗਰ ਨਿਗਮ ਕੋਲੋਂ 27 ਲੱਖ ਰੁਪਏ ਮੰਗੇ ਗਏ ਹਨ। ਅਧਿਐਨ ਤੋਂ ਬਾਅਦ ਹੀ ਇਸ ਕੂੜੇ ਦੇ ਪਹਾੜ ਨਾਲ ਆਲੇ-ਦੁਆਲੇ ਦੀ ਜ਼ਮੀਨ ਅਤੇ ਜ਼ਮੀਨ ਹੇਠਲੇ ਪਾਣੀ ਦੇ ਪ੍ਰਦੂਸ਼ਿਤ ਹੋਣ ਬਾਰੇ ਕੁਝ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਨਾ ਬਿਜਲੀ ਬਣੇਗੀ, ਨਾ ਖਾਦ, ਹੁਣ ਡੰਪ ਸਾਫ ਕਰਨਾ ਹੀ ਇਕਲੌਤਾ ਰਾਹ
ਨਗਰ ਨਿਗਮ ਵੱਲੋਂ ਕਰੀਬ 20 ਸਾਲਾਂ ਤੋਂ ਵਰਿਆਣਾ ਡੰਪ ਤੋਂ ਕਦੀ ਖਾਦ ਬਣਾਉਣ ਅਤੇ ਕਦੀ ਬਿਜਲੀ ਪੈਦਾ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਹੁਣ ਨਾ ਤਾਂ ਇਸ ਤੋਂ ਬਿਜਲੀ ਬਣਾਈ ਜਾ ਰਹੀ ਹੈ ਅਤੇ ਨਾ ਹੀ ਖਾਦ। ਹੁਣ ਤਾਂ ਇਕਲੌਤਾ ਰਾਹ ਬਾਇਓ-ਮਾਈਨਿੰਗ ਜ਼ਰੀਏ ਇਸ ਡੰਪ ਨੂੰ ਸਾਫ ਕਰਵਾਉਣਾ ਹੀ ਬਚਿਆ। ਵਰਣਨਯੋਗ ਹੈ ਕਿ ਡੰਪ ਦੇ ਨੇੜੇ ਜ਼ਮੀਨ ’ਤੇ ਸਫੈਦੇ ਦੇ ਦਰੱਖਤ ਲਾਉਣ ਵਾਲੇ ਐਡਵੋਕੇਟ ਹਰਵਿੰਦਰ ਸਿੰਘ ਨੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਡੰਪ ਕਾਰਣ ਉਨ੍ਹਾਂ ਦੇ ਦਰਜਨਾਂ ਸਫੈਦੇ ਦੇ ਦਰੱਖਤ ਸੁੱਕ ਗਏ ਹਨ। ਇਸ ਦੇ ਲਈ ਉਨ੍ਹਾਂ ਨਗਰ ਨਿਗਮ ਕੋਲੋਂ ਮੁਆਵਜ਼ਾ ਮੰਗਿਆ ਸੀ। ਇਸ ’ਤੇ ਕਮਿਸ਼ਨ ਵੱਲੋਂ ਨਿਗਮ ਨੂੰ ਨੋਟਿਸ ਜ਼ਰੀਏ 3 ਲੱਖ ਰੁਪਏ ਮੁਆਵਜ਼ਾ ਦੇਣ ਲਈ ਕਿਹਾ ਗਿਆ ਸੀ। ਇਸ ਦੇ ਬਾਅਦ ਹੀ ਵਰਿਆਣਾ ਡੰਪ ਨੂੰ ਲੈ ਕੇ ਐਨਵਾਇਰਮੈਂਟ ਸਟੱਡੀ ਕਰਵਾਏ ਜਾਣ ਦਾ ਫੈਸਲਾ ਹੋਇਆ। ਹਾਲਾਂਕਿ ਪੰਜਾਬ ਦਾ ਬਾਗਬਾਨੀ ਵਿਭਾਗ ਅਧਿਐਨ ਉਪਰੰਤ ਕਲੀਨ ਚਿੱਟ ਦੇ ਚੁੱਕਾ ਹੈ ਕਿ ਡੰਪ ਕਾਰਣ ਜ਼ਮੀਨ ਹੇਠਲੇ ਪਾਣੀ ਅਤੇ ਮਿੱਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ
ਕੀ ਕਹਿੰਦੇ ਹਨ ਮਾਹਿਰ ਡਾ. ਜਗਤਾਰ ਸਿੰਘ ਧੀਮਾਨ?
ਵਰਿਆਣਾ ਡੰਪ ’ਤੇ ਦਹਾਕਿਆਂ ਤੋਂ ਆ ਰਹੇ ਕੂੜੇ ਅਤੇ ਇਸ ਕੂੜੇ ਦੇ ਪਹਾੜ ਦੀ ਮਿੱਟੀ ਕਿੰਨੀ ਲਾਹੇਵੰਦ ਹੋ ਸਕਦੀ ਹੈ, ਇਸ ਸਬੰਧੀ ‘ਜਗ ਬਾਣੀ’ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਰਿਸਰਚ (ਨੈਚੁਰਲ ਰਿਸੋਰਸ ਐਂਡ ਪਲਾਂਟ ਹੈਲਥ ਮੈਨੇਜਮੈਂਟ) ਅਤੇ ਮੌਜੂਦਾ ਸਮੇਂ ਸੀ. ਟੀ. ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਸੀ ਕਿ ਕੁਦਰਤੀ ਤੌਰ ’ਤੇ ਡੰਪ ਵਿਚ ਦਹਾਕਿਆਂ ਤੋਂ ਪਏ ਕੂੜੇ ਦੀ ਨਾ ਤਾਂ ਖਾਦ ਲਾਹੇਵੰਦ ਹੋ ਸਕਦੀ ਹੈ ਅਤੇ ਨਾ ਹੀ ਮਿੱਟੀ। ਉਨ੍ਹਾਂ ਤਰਕ ਦਿੱਤਾ ਕਿ ਦਹਾਕਿਆਂ ਤੋਂ ਜਦੋਂ ਨਗਰ ਨਿਗਮਾਂ, ਕੌਂਸਲਰਾਂ ਨੇ ਲੈਂਡਫਿਲ ਵਿਚ ਕੂੜਾ ਸੁੱਟਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਸੋਚਿਆ ਨਹੀਂ ਗਿਆ ਕਿ ਇਸ ਦੇ ਨੁਕਸਾਨ ਵੀ ਹੋ ਸਕਦੇ ਹਨ।
ਇਹ ਵੀ ਪੜ੍ਹੋ : ਹੌਂਸਲੇ ਨੂੰ ਸਲਾਮ: ਸਰੀਰ ਨੇ ਛੱਡ ਦਿੱਤੀ ਸੀ ਉਮੀਦ ਪਰ ਨਹੀਂ ਹਾਰੀ ਹਿੰਮਤ
ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਕੂੜੇ ਨੂੰ ਟੋਏ ਵਿਚ ਭਰਨ ਲਈ ਉਥੇ ਸੁੱਟਿਆ ਜਾਣ ਲੱਗਾ ਸੀ ਪਰ ਹੌਲੀ-ਹੌਲੀ ਨਿਗਮਾਂ ਵੱਲੋਂ ਆਪਣੀਆਂ ਜ਼ਮੀਨਾਂ ਖਰੀਦ ਕੇ ਉਥੇ ਕੂੜਾ ਡੰਪ ਕੀਤਾ ਜਾਣ ਲੱਗਾ। ਪਲਾਸਟਿਕ ਦੀ ਵਰਤੋਂ ਪਹਿਲਾਂ ਤੱਕ ਤਾਂ ਸਭ ਕੁਝ ਠੀਕ ਸੀ ਪਰ ਹੌਲੀ-ਹੌਲੀ ਕੂੜੇ ਵਿਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਾਮਾਨ ਰਬੜ, ਕੱਪੜੇ, ਟਾਇਰ, ਮੈਟਲ ਆਦਿ ਵੀ ਡੰਪਾਂ ’ਤੇ ਆਉਣ ਲੱਗਿਆ। ਹੁਣ ਇਸ ਕੂੜੇ ਵਿਚ ਕਿਹੜੇ-ਕਿਹੜੇ ਜ਼ਹਿਰੀਲੇ ਕੈਮੀਕਲ ਮਿਲ ਚੁੱਕੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਿਥੋਂ ਤੱਕ ਖਾਦ ਦੀ ਗੱਲ ਹੈ ਤਾਂ ਸ਼ੁਰੂ ਵਿਚ ਹੀ ਕੂੜੇ ਦੀ ਸੈਗਰੀਗੇਸ਼ਨ ਜ਼ਰੂਰੀ ਹੈ, ਜਿਵੇਂ ਕਿ ਨਗਰ ਨਿਗਮ ਵੱਲੋਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੰਪੋਸਟ ਪਿਟਸ ਬਣਾਏ ਜਾ ਰਹੇ ਹਨ। ਇਸ ਦੇ ਲਈ ਲੋਕਾਂ ਨੂੰ ਵੀ ਇਸ ਵਿਚ ਹਿੱਸੇਦਾਰ ਬਣਨਾ ਚਾਹੀਦਾ ਹੈ। ਹੁਣ ਤੱਕ ਇਸ ਕੂੜੇ ਵਿਚ ਕਿਹੜੇ-ਕਿਹੜੇ ਕੈਮੀਕਲ ਮਿਕਸ ਹੋ ਚੁੱਕੇ ਹਨ ਅਤੇ ਉਸ ਨਾਲ ਜ਼ਮੀਨ ਤੇ ਜ਼ਮੀਨ ਹੇਠਲੇ ਪਾਣੀ ਨੂੰ ਕੀ ਨੁਕਸਾਨ ਹੋ ਸਕਦਾ ਹੈ, ਉਸ ਬਾਰੇ ਸਟੱਡੀ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਅਤੇ ਸਟੱਡੀ ਕਰਵਾਉਣੀ ਜਿਥੋਂ ਤੱਕ ਜ਼ਮੀਨ ਅਤੇ ਜ਼ਮੀਨ ਹੇਠਲੇ ਪਾਣੀ ਲਈ ਜ਼ਰੂਰੀ ਹੈ, ਉਥੇ ਹੀ ਮਨੁੱਖੀ ਜੀਵਨ ਦੇ ਵੀ ਹਿੱਤ ਵਿਚ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ