ਵੱਡੀ ਖ਼ਬਰ : ਪੰਜਾਬ ਦੇ ਇਸ ''ਹਵਾਈ ਅੱਡੇ'' ਨੂੰ ਉਡਾਉਣ ਤੇ 4 ਫਲਾਈਟਾਂ ''ਚ ਬੰਬ ਲਾਉਣ ਦੀ ਧਮਕੀ
Wednesday, Mar 03, 2021 - 04:40 PM (IST)
ਲੁਧਿਆਣਾ (ਰਾਜ) : ਮਹਾਨਗਰ ਤੋਂ ਦਿੱਲੀ ਅਤੇ ਹੋਰ ਥਾਵਾਂ 'ਤੇ ਜਾਣ ਵਾਲੀਆਂ ਫਲਾਈਟਾਂ ਦੇ ਨਾਲ-ਨਾਲ ਸਾਹਨੇਵਾਲ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਕਿਸ ਨੇ ਦਿੱਤੀ ਹੈ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਇਹ ਧਮਕੀ ਕਰੀਬ 2 ਹਫ਼ਤੇ ਪਹਿਲਾਂ ਹਵਾਈ ਅੱਡੇ ਦੇ ਅਸਿਸਟੈਂਟ ਮੈਨੇਜਰ ਨੂੰ ਫੋਨ 'ਤੇ ਦਿੱਤੀ ਗਈ। ਫੋਨ ਆਉਣ ਤੋਂ ਤੁਰੰਤ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਅਤੇ ਹਰ ਸ਼ੱਕੀ 'ਤੇ ਨਜ਼ਰ ਰੱਖਣੀ ਵੀ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਵਿਧਾਨ ਸਭਾ ਬਾਹਰ ਅਕਾਲੀਆਂ ਦਾ ਜ਼ਬਰਦਸਤ ਹੰਗਾਮਾ, ਦੀਪ ਸਿੱਧੂ ਮੁੱਦੇ 'ਤੇ ਮਜੀਠੀਆ ਨੇ ਫਿਰ ਕਹੀ ਇਹ ਗੱਲ
ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ 2 ਹਫ਼ਤਿਆਂ ਦੀ ਲੰਬੀ ਜਾਂਚ ਤੋਂ ਬਾਅਦ ਅਸਿਸਟੈਂਟ ਮੈਨੇਜਰ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਪਤਾ ਲਾਉਣ 'ਚ ਜੁੱਟੀ ਹੋਈ ਹੈ ਕਿ ਜਿਸ ਨੰਬਰ ਤੋਂ ਫੋਨ ਆਇਆ ਸੀ, ਉਹ ਕਿਸ ਦੇ ਨਾਂ 'ਤੇ ਹੈ ਅਤੇ ਕਿਸ ਦਾ ਨੰਬਰ ਹੈ। ਅਸਿਸਟੈਂਟ ਮੈਨੇਜਰ ਪਵਨ ਕੁਮਾਰ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਕਿ ਉਹ ਚੰਡੀਗੜ੍ਹ ਰੋਡ ਸਥਿਤ ਫਾਰਚੂਨ ਸਿਟੀ ਦਾ ਰਹਿਣ ਵਾਲਾ ਹੈ ਅਤੇ ਹਵਾਈ ਅੱਡੇ 'ਤੇ ਬਤੌਰ ਅਸਿਸਟੈਂਟ ਮੈਨੇਜਰ ਤਾਇਨਾਤ ਹੈ।
18 ਫਰਵਰੀ ਨੂੰ ਉਹ ਹਵਾਈ ਅੱਡੇ 'ਤੇ ਆਪਣੀ ਡਿਊਟੀ 'ਤੇ ਤਾਇਨਾਤ ਸੀ। ਇਸੇ ਦੌਰਾਨ ਪਵਨ ਦੇ ਮੋਬਾਇਲ 'ਤੇ ਇਕ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਨਵਦੀਪ ਉਰਫ਼ ਨਵੀ ਬੋਲ ਰਿਹਾ ਹੈ। ਆਉਣ ਵਾਲੇ 24 ਘੰਟਿਆਂ 'ਚ ਚਾਰ ਫਲਾਈਟਾਂ 'ਚ ਬੰਬ ਲੱਗੇਗਾ, ਜੇਕਰ ਬਚਾ ਸਕਦੇ ਹੋ ਤਾਂ ਬਚਾ ਲਓ। ਇਸ ਦੇ ਨਾਲ ਹੀ ਹਵਾਈ ਅੱਡੇ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ। ਪਵਨ ਮੁਤਾਬਕ ਉਹ ਕਿਸੇ ਨਵਦੀਪ ਨੂੰ ਨਹੀਂ ਜਾਣਦਾ। ਫੋਨ ਆਉਣ ਤੋਂ ਬਾਅਦ ਜਹਾਜ਼, ਮੁਸਾਫ਼ਰ ਅਤੇ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਘਬਰਾਹਟ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਗਲੇ 24 ਘੰਟਿਆਂ ਦੌਰਾਨ ਹਨ੍ਹੇਰੀ ਰੂਪੀ ਚੱਲਣਗੀਆਂ ਤੇਜ਼ ਹਵਾਵਾਂ, ਵਿਸ਼ੇਸ਼ ਬੁਲੇਟਿਨ ਜਾਰੀ
ਫੋਨ ਆਉਣ ਮਗਰੋਂ ਪਵਨ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਮਾਮਲੇ 'ਚ ਥਾਣਾ ਫੋਕਲ ਪੁਆਇੰਟ ਦੇ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਅਜੇ ਤੱਕ ਦੀ ਜਾਂਚ 'ਚ ਪਤਾ ਲੱਗਿਆ ਹੈ ਕਿ ਇਹ ਕਿਸੇ ਸਾਫਟਵੇਅਰ ਤੋਂ ਲਿਆ ਹੋਇਆ ਨੰਬਰ ਹੈ, ਜਿੱਥੋਂ ਫੋਨ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ