ਰਾਤ ਵੇਲੇ ਰਿਹਾਇਸ਼ੀ ਕਾਲੋਨੀ ਦੀ ਕੰਧ ਜਬਰੀ ਢਾਹੁਣ ਨੂੰ ਲੈ ਕੇ ਮੁੱਦਾ ਭਖਿਆ
Monday, Dec 04, 2017 - 07:57 AM (IST)
ਮਲੋਟ (ਜੁਨੇਜਾ) - ਸਥਾਨਕ ਸਟਾਰ ਸਿਟੀ ਰਿਹਾਇਸ਼ੀ ਕਾਲੋਨੀ ਦੇ ਨਾਲ ਲੱਗਦੀ ਕਾਲੋਨੀ ਦੇ ਮਾਲਕਾਂ ਵੱਲੋਂ ਜਬਰੀ ਕੰਧ ਢਾਹੁਣ ਦਾ ਮਾਮਲਾ ਪੁਲਸ ਕੋਲ ਪੁੱਜ ਗਿਆ ਹੈ। ਇਸ ਸਬੰਧੀ ਸਟਰ ਸਿਟੀ ਮਲੋਟ ਦੇ ਮਾਲਕ ਸ਼ਮਿੰਦਰ ਵੋਹਰਾ ਪੁੱਤਰ ਸੁਰਿੰਦਰ ਵੋਹਰਾ ਵਾਸੀ ਬਾਵਾ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਨ੍ਹਾਂ ਦੀ ਕਾਲੋਨੀ ਪੁੱਡਾ ਅਤੇ ਨਗਰ ਪਾਲਿਕਾ ਤੋਂ ਮਨਜ਼ੂਰ ਹੈ ਅਤੇ 27 ਨਵੰਬਰ 2017 ਨੂੰ ਰਾਤ ਵੇਲੇ ਨਾਲ ਲੱਗਦੀ ਸਕਾਈ ਮਾਲ ਦੇ ਹਿੱਸੇਦਾਰ ਅਤੇ ਮੈਨੇਜਰ ਨੇ ਸੁਰੱਖਿਆ ਗਾਰਡ ਅਤੇ ਹੋਰ ਕਰਿੰਦੇ ਨਾਲ ਲੈ ਕੇ ਜੇ. ਸੀ. ਬੀ. ਮਸ਼ੀਨ ਨਾਲ ਉਨ੍ਹਾਂ ਦੇ ਆਪਣੇ ਰਕਬੇ 'ਚ ਉਸਾਰੀ ਕੰਧ ਤੋੜ ਦਿੱਤੀ। ਇਸ ਕਥਿਤ ਧੱਕੇਸ਼ਾਹੀ ਤੇ ਗੈਰ ਕਾਨੂੰਨੀ ਕਾਰੇ ਲਈ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਮਲੋਟ ਸਿਟੀ ਦੇ ਐਡੀਸ਼ਨਲ ਐੱਚ. ਐÎੱਚ. ਵਜੋਂ ਕੰਮ ਸੰਭਾਲ ਰਹੇ ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਕੋਲੋਂ ਰਿਕਾਰਡ ਨਾਲ ਸਬੰਧਤ ਦਸਤਾਵੇਜ਼ ਅਤੇ ਕਾਗਜ਼-ਪੱਤਰ ਮੰਗਾਏ ਹਨ, ਜਿਨ੍ਹਾਂ ਨੂੰ ਘੋਖਣ ਪਿੱਛੋਂ ਕਿਸੇ ਸਿੱਟੇ 'ਤੇ ਪਹੁੰਚਿਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਉੱਚ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਹੈ ਤਾਂ ਜੋ ਉਹ ਆਪਣਾ-ਆਪਣਾ ਪੱਖ ਰੱਖ ਸਕਣ। ਉਧਰ ਇਸ ਸਬੰਧੀ ਜਦੋਂ ਸਕਾਈ ਮਾਲ ਦੇ ਹਿੱਸੇਦਾਰ ਜਸਪਾਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ ਪਰ ਸਬੰਧਤ ਧਿਰ ਦਾ ਪੁਲਸ ਕੋਲ ਦਾਅਵਾ ਹੈ ਕਿ ਉਹ ਕਾਲੋਨੀ ਦੇ ਇਕ ਘਰ ਦੇ ਮਾਲਕ ਨਾਲ ਚਲਦੇ ਕੇਸ ਨੂੰ ਅਦਾਲਤ 'ਚੋਂ ਜਿੱਤ ਚੁੱਕੇ ਹਨ, ਜਿਸ ਸਬੰਧੀ ਸ਼ਵਿੰਦਰ ਵੋਹਰਾ ਦਾ ਕਹਿਣਾ ਹੈ ਕਿ ਕਾਲੋਨੀ ਦੀ ਜਾਇਦਾਦ ਉਨ੍ਹਾਂ ਦੀ ਹੈ, ਦੂਸਰਾ ਜੇਕਰ ਅਜਿਹੀ ਗੱਲ ਸੀ ਤਾਂ ਰਾਤ ਦੇ ਹਨੇਰੇ 'ਚ ਕੰਧ ਢਾਹੁਣ ਦੀ ਕੀ ਲੋੜ ਸੀ, ਜਿਸ ਲਈ ਉਹ ਇਨਸਾਫ ਵਾਸਤੇ ਹਰ
ਦਰਵਾਜ਼ਾ ਖੜਕਾਉਣਗੇ।
