ਜੇ ਬੰਦ ਹੁੰਦਾ ਹੈ ਵਾਹਗਾ ਬਾਰਡਰ, ਜਾਣੋ ਕੀ ਪਵੇਗਾ ਅਸਰ!

08/07/2019 5:53:14 PM

ਲਾਹੌਰ/ ਜਲੰਧਰ—ਭਾਰਤ ਵਲੋਂ ਸੰਸਦ 'ਚ ਜੰਮੂ-ਕਸ਼ਮੀਰ ਪੁਨਰਗਠਨ ਐਕਟ ਪਾਸ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਪੰਜਾਬ ਬਾਰਡਰ ਨਾਲ ਲੱਗਦੀ ਵਾਹਗਾ ਸਰਹੱਦ ਰਾਹੀਂ ਹੋਣ ਰਹੇ ਕਾਰੋਬਾਰ ਨੂੰ ਬੰਦ ਕਰਨ ਦਾ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀ ਮੁਲਕ ਨਾਲ ਸੱਭਿਆਚਾਰ ਰਿਸ਼ਤੇ ਵੀ ਤੋੜ ਸਕਦਾ ਹੈ। ਪਾਕਿਸਤਾਨ ਦੀ ਨੈਸ਼ਨਲ ਸਕਿਓਰਟੀ ਕਮੇਟੀ ਦੀ ਬੁੱਧਵਾਰ ਨੂੰ ਹੋਈ ਕਮੇਟੀ ਦੀ ਮੀਟਿੰਗ ਦੌਰਾਨ ਇਨ੍ਹਾਂ ਗੱਲਾਂ 'ਤੇ ਵਿਚਾਰ ਕੀਤਾ ਗਿਆ ਹੈ ਅਤੇ ਇਸੇ ਮੀਟਿੰਗ ਦੌਰਾਨ ਭਾਰਤ 'ਚ ਮੌਜੂਦ ਰਾਜਦੂਤ ਨੂੰ ਵੀ ਵਾਪਸ ਬੁਲਾਏ ਜਾਣ 'ਤੇ ਸਹਿਮਤੀ ਹੋਈ ਹੈ। ਪਾਕਿਸਤਾਨੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਬਾਰਡਰ ਨੂੰ ਬੰਦ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਅਧਿਕਾਰਕ ਤੌਰ 'ਤੇ ਐਲਾਨ ਹੋਵੇਗਾ। 

ਜ਼ਿਕਰਯੋਗ ਹੈ ਕਿ ਇਕ ਹਫਤੇ 'ਚ ਪਾਕਿਸਤਾਨ ਸਕਿਓਰਟੀ ਕਮੇਟੀ ਦੀ ਇਹ ਦੂਜੀ ਮੀਟਿੰਗ ਹੈ ਅਤੇ ਇਸ ਤੋਂ ਪਹਿਲਾਂ ਪਾਕਿਸਤਾਨ ਵਲੋਂ ਬੁਲਾਏ ਗਏ ਸੰਸਦ ਦੇ ਐਮਰਜੈਂਸੀ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭਾਰਤ ਅਤੇ ਸੱਭਿਆਚਾਰਕ ਰਿਸ਼ਤੇ ਤੋਰਨ ਲਈ ਕਿਹਾ ਸੀ।
ਭਾਰਤ ਦੀ ਸੰਸਦ ਵਲੋਂ ਜੰਮੂ-ਕਸ਼ਮੀਰ 'ਚ ਲਾਗੂ ਧਾਰਾ 370 ਅਤੇ35-ਏ ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ 'ਚ ਸਰਕਾਰ ਪ੍ਰਤੀ ਲੋਕਾਂ 'ਚ ਗੁੱਸਾ ਹੈ ਅਤੇ ਗੁਆਂਢੀ ਮੁਲਕ ਦੀ ਸਰਕਾਰ ਭਾਰਤ ਖਿਲਾਫ ਕਾਰਵਾਈ ਕਰਨ ਦੀ ਸੋਚ ਰਹੀ ਹੈ। 

ਕੀ ਪਵੇਗਾ ਅਸਰ?
ਜੇਕਰ ਪਾਕਿਸਤਾਨ ਇਸ ਫੈਸਲੇ ਨੂੰ ਅਮਲੀਜਾਮਾ ਪਵਾਉਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਕਰਤਾਰਪੁਰ ਸਾਹਿਬ ਲਈ ਬਣਾਏ ਜਾ ਰਹੇ ਕੋਰੀਡੋਰ 'ਤੇ ਪਵੇਗਾ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੇ ਵਪਾਰ 'ਚ ਵਾਹਘਾ ਸਰਹੱਦ ਜ਼ਰੀਏ ਹੋਣ ਵਾਲੇ ਵਪਾਰ ਦਾ ਇਕ ਵੱਡਾ ਹਿੱਸਾ ਹੈ ਅਤੇ ਸਬਜ਼ੀਆਂ, ਫਲ ਤੋਂ ਇਲਾਵਾ ਹੋਰ ਕਈ ਤਰ੍ਹਾਂ ਦਾ ਸਾਮਾਨ ਵਾਹਗਾ ਜ਼ਰੀਏ ਹੀ ਭੇਜਿਆ ਜਾਂਦਾ ਹੈ। ਹਾਲਾਂਕਿ ਭਾਰਤ ਵਲੋਂ ਪਾਕਿਸਤਾਨ ਦੀਆਂ ਵਸਤਾਂ 'ਤੇ ਲਗਾਈ ਗਈ 200 ਫੀਸਦੀ ਦਰਾਮਦ ਕਰ ਤੋਂ ਬਾਅਦ ਪਾਕਿਸਤਾਨ ਤੋਂ ਚੁਨਿੰਦਾ ਚੀਜ਼ਾਂ ਹੀ ਭਾਰਤ ਆ ਰਹੀਆਂ ਸਨ ਪਰ ਭਾਰਤ ਵਲੋਂ ਅਜੇ ਵੀ ਪਾਕਿਸਤਾਨ ਨੂੰ ਕਾਫੀ ਸਾਮਾਨ ਭੇਜਿਆ ਜਾ ਰਿਹਾ ਹੈ ਜੋ ਇਸ ਫੈਸਲੇ ਤੋਂ ਬਾਅਦ ਪ੍ਰਭਾਵਿਤ ਹੋ ਸਕਦਾ ਹੈ।


Shyna

Content Editor

Related News