ਵਾੜਾ ਭਾਈਕਾ ਕੌਮੀ ਸ਼ਾਹ ਮਾਰਗ ''ਤੇ ਧਰਨਾ ਦੂਜੇ ਦਿਨ ਵੀ ਜਾਰੀ

12/25/2017 10:48:19 AM


ਬਰਗਾੜੀ (ਕੁਲਦੀਪ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪਿੰਡ ਵਾੜਾ ਭਾਈਕਾ ਦੇ ਲੋਕਾਂ ਵੱਲੋਂ ਕੌਮੀ ਸ਼ਾਹ ਮਾਰਗ ਨੰਬਰ-15 'ਤੇ ਦੂਜੇ ਦਿਨ ਵੀ ਧਰਨਾ ਲਾ ਕੇ ਸੜਕ ਨੂੰ ਜਾਮ ਰੱਖਿਆ ਗਿਆ।
ਇਸ ਦੌਰਾਨ ਪਿੰਡ ਦੇ ਲੋਕ ਮੰਗ ਕਰ ਰਹੇ ਸਨ ਕਿ ਬਠਿੰਡਾ-ਕੋਟਕਪੂਰਾ ਸੜਕ ਦੇ ਨਿਰਮਾਣ ਸਮੇਂ ਸਰਕਾਰ ਦੀ ਸੋਚੀ-ਸਮਝੀ ਸਕੀਮ ਤਹਿਤ ਪਿੰਡ ਦੇ ਮੇਨ ਅੱਡੇ ਨੂੰ ਖਤਮ ਕਰ ਕੇ ਪਿੰਡ ਦੀ ਪਛਾਣ ਖਤਮ ਕੀਤੀ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਸਵਾਰੀਆਂ ਲਈ ਸ਼ੈੱਡ ਵਗੈਰਾ ਅਤੇ ਹੋਰ ਸਹੂਲਤਾਂ ਸਨ ਪਰ ਸੜਕ ਨੂੰ ਚਾਰ-ਮਾਰਗੀ ਕਰਨ ਸਮੇਂ ਸਭ ਖਤਮ ਕੀਤਾ ਜਾ ਚੁੱਕਾ ਹੈ, ਨੂੰ ਤੁਰੰਤ ਬਣਾਇਆ ਜਾਵੇ। 
ਜਾਣਕਾਰੀ ਅਨੁਸਾਰ ਸੜਕ ਬਣਾਉਣ ਸਮੇਂ ਨਹਿਰੀ ਖਾਲ ਢਹਿਣ ਕਰ ਕੇ ਦੋ ਕਿਸਾਨਾਂ ਦਾ ਤਿੰਨ ਏਕੜ ਨਰਮਾ ਪਾਣੀ ਬਿਨਾਂ ਸੜ ਜਾਣ ਕਰ ਕੇ ਉਸ ਦੇ ਮੁਆਵਜ਼ੇ ਦੀ ਮੰਗ ਅਤੇ ਜਲ ਘਰ ਦੀਆਂ ਪਾਈਪਾਂ ਟੁੱਟਣ ਕਰ ਕੇ ਪਾਣੀ ਦੀ ਸਪਲਾਈ 'ਚ ਵਿਘਨ ਪੈਣਾ ਆਦਿ ਮੰਗਾਂ ਸਬੰਧੀ ਪਿੰਡ ਪ੍ਰਧਾਨ ਮੋਹਣਾ ਸਿੰਘ ਦੀ ਅਗਵਾਈ 'ਚ ਪਿਛਲੀ 7 ਅਤੇ 8 ਨਵੰਬਰ ਨੂੰ ਕੌਮੀ ਸ਼ਾਹ ਮਾਰਗ 'ਤੇ ਧਰਨਾ ਦਿੱਤਾ ਸੀ ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਨੇ ਕੋਈ ਉਪਰਾਲਾ ਨਹੀਂ ਕੀਤਾ, ਜਿਸ ਕਾਰਨ ਕਰੀਬ ਡੇਢ ਮਹੀਨੇ ਬਾਅਦ ਉਹੀ ਪੁਰਾਣੀਆਂ ਸਮੱਸਿਆਵਾਂ ਦੇ ਹੱਲ ਲਈ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਵੱਲੋਂ ਧਰਨਾ ਜਾਰੀ ਹੈ। ਇਸ ਧਰਨੇ 'ਚ ਬਠਿੰਡਾ ਦੇ ਜ਼ਿਲਾ ਕਮੇਟੀ ਮੈਂਬਰ ਬਸੰਤ ਸਿੰਘ ਕੋਠਾ ਗੁਰੂ, ਧਨਵੰਤ ਸਿੰਘ, ਗੁਰਮੇਲ ਕੌਰ, ਪਰਮਜੀਤ ਕੌਰ, ਗੁਰਦੀਪ ਕੌਰ, ਲਖਵਿੰਦਰ ਸਿੰਘ ਅਤੇ ਸਮੂਹ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਬੇਸ਼ੱਕ ਅੰਮ੍ਰਿਤ ਲਾਲ ਤਹਿਸੀਲਦਾਰ ਜੈਤੋ ਅਤੇ ਐੱਸ. ਐੱਚ. ਓ. ਬਾਜਾਖਾਨਾ ਸੁਨੀਲ ਕੁਮਾਰ ਵੱਲੋਂ ਧਰਨਾ ਸਮਾਪਤ ਕਰਨ ਲਈ ਪਿੰਡ ਵਾਸੀਆਂ ਤੋਂ 10 ਦਿਨ ਦਾ ਸਮਾਂ ਮੰਗਿਆ ਗਿਆ ਪਰ ਧਰਨਾਕਾਰੀਆਂ ਨੇ ਧਰਨਾ ਜਾਰੀ ਰੱਖਿਆ।


Related News