ਜਗੀਰ ਕੌਰ ਦੇ ਕਤਲ ਲਈ ਕਾਂਗਰਸੀ ਵਿਧਾਇਕ ਜਲਾਲਪੁਰ ਖਿਲਾਫ ਕੇਸ ਦਰਜ ਹੋਵੇ : ਅਕਾਲੀ ਦਲ

12/12/2019 1:50:02 PM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਘਨੌਰ 'ਚ ਪੈਂਦੇ ਪਿੰਡ ਤਖ਼ਤੂ ਮਾਜਰਾ ਦੀ ਜਗੀਰ ਕੌਰ ਦੇ ਸਿਆਸੀ ਕਤਲ ਦੀ ਉਚ ਪੱਧਰੀ ਜਾਂਚ ਅਤੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦਾ ਹੁਕਮ ਦੇਣ ਦਾ ਨਿਰਦੇਸ਼ ਦੇਣ।

ਅਕਾਲੀ ਦਲ ਵਲੋਂ ਇਸ ਸਬੰਧ 'ਚ 19 ਦਸੰਬਰ ਨੂੰ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤੀ ਜਾਵੇਗੀ। ਇਸ ਸਬੰਧ 'ਚ ਅਕਾਲੀ-ਭਾਜਪਾ ਦਾ ਸਾਂਝਾ ਵਫ਼ਦ, ਜਿਸ 'ਚ ਅਕਾਲੀ ਦਲ ਵਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਅਤੇ ਭਾਜਪਾ ਵਲੋਂ ਹਰਜੀਤ ਸਿੰਘ ਗਰੇਵਾਲ ਸ਼ਾਮਲ ਸਨ, ਨੇ ਕਿਹਾ ਕਿ ਜਗੀਰ ਕੌਰ ਦੇ ਪਤੀ ਨੂੰ ਇਕ ਝੂਠੇ ਕੇਸ 'ਚ ਫਸਾ ਕੇ ਜੇਲ ਭੇਜਣ ਮਗਰੋਂ ਪਿੰਡ ਵਾਲਿਆਂ ਨੂੰ ਇਸ ਹੱਦ ਤਕ ਇਸ ਪਰਿਵਾਰ ਦਾ ਬਾਈਕਾਟ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਕਿ ਬੀਮਾਰ ਜਗੀਰ ਕੌਰ ਨੂੰ ਦਵਾਈ ਤਕ ਨਹੀਂ ਮਿਲ ਸਕੀ।

ਅਕਾਲੀ-ਭਾਜਪਾ ਵਫ਼ਦ ਨੇ ਕਿਹਾ ਕਿ ਇਸ ਲਈ ਜਲਾਲਪੁਰ ਅਤੇ ਤਖ਼ਤੂ ਮਾਜਰਾ ਪਿੰਡ ਦੇ ਸਰਪੰਚ ਹਰਸੰਗਤ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਵਫ਼ਦ ਨੇ ਜਲਾਲਪੁਰ ਦੁਆਰਾ ਜਗੀਰ ਕੌਰ ਦੇ ਪਤੀ ਅਮੀਰ ਸਿੰਘ ਅਤੇ 40 ਹੋਰ ਪਿੰਡ ਵਾਸੀਆਂ ਖ਼ਿਲਾਫ ਦਰਜ ਕਰਵਾਏ ਝੂਠੇ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਜਲਾਲਪੁਰ ਨੇ ਜ਼ਿਲਾ ਪੁਲਸ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਅਕਾਲੀ ਵਰਕਰਾਂ ਦੇ ਘਰਾਂ ਦੀਆਂ ਔਰਤਾਂ ਨੂੰ ਜ਼ਬਰਦਸਤੀ ਚੁੱਕ ਲਿਆਓ। ਪ੍ਰੋ. ਚੰਦੂਮਾਜਰਾ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਪਿੰਡ ਤਖ਼ਤੂ ਮਾਜਰਾ ਦੇ 40 ਵਿਅਕਤੀਆਂ ਖ਼ਿਲਾਫ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲੈਣ ਅਤੇ ਪਿੰਡ ਵਿਚ ਅਮਨ ਕਾਇਮ ਕਰਨ ਦਾ ਨਿਰਦੇਸ਼ ਦੇਣ।
 


Anuradha

Content Editor

Related News