Live Update : ਪੰਜਾਬ 'ਚ ਵੋਟਾਂ ਦੌਰਾਨ ਖੜਕਾ-ਦੜਕਾ, ਚੱਲੀ ਗੋਲੀ ਤੇ ਪਾਟੇ ਸਿਰ, ਜਾਣੋ ਹੁਣ ਤੱਕ ਕੀ ਹੋਇਆ (ਵੀਡੀਓ)

Tuesday, Oct 15, 2024 - 03:53 PM (IST)

Live Update : ਪੰਜਾਬ 'ਚ ਵੋਟਾਂ ਦੌਰਾਨ ਖੜਕਾ-ਦੜਕਾ, ਚੱਲੀ ਗੋਲੀ ਤੇ ਪਾਟੇ ਸਿਰ, ਜਾਣੋ ਹੁਣ ਤੱਕ ਕੀ ਹੋਇਆ (ਵੀਡੀਓ)

ਜਲੰਧਰ (ਵੈੱਬ ਡੈਸਕ) : ਪੰਜਾਬ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਸੀ। ਲੋਕਾਂ 'ਚ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਈ ਥਾਵਾਂ 'ਤੇ ਵੋਟਾਂ ਦੌਰਾਨ ਲੜਾਈ-ਝਗੜੇ ਹੋਏ ਤਾਂ ਤਰਨਤਾਰਨ 'ਚ ਗੋਲੀ ਚੱਲ ਗਈ। ਉੱਥੇ ਹੀ ਕੁੱਝ ਦਿੱਕਤਾਂ ਕਾਰਨ ਕਈ ਥਾਵਾਂ 'ਤੇ ਥੋੜ੍ਹੀ ਦੇਰ ਵੀ ਵੋਟਾਂ ਪੈਣ ਦਾ ਕੰਮ ਵੀ ਰੁਕ ਗਿਆ। ਕਈ ਥਾਵਾਂ 'ਤੇ ਜਿੱਥੇ ਅਮਨ-ਅਮਾਨ ਨਾਲ ਵੋਟਾਂ ਪੈਣ ਦਾ ਕੰਮ ਜਾਰੀ ਹੈ, ਉੱਥੇ ਹੀ ਕਈ ਥਾਵਾਂ 'ਤੇ ਖ਼ੂਨ-ਖ਼ਰਾਬੇ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਇਕ ਪੁਲਸ ਮੁਲਾਜ਼ਮ ਦੀ ਵੀ ਚੋਣ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

PunjabKesari
ਪੰਜਾਬ 'ਚ 2 ਵਜੇ ਤੱਕ 44 ਫ਼ੀਸਦੀ ਹੋਈ ਵੋਟਿੰਗ
ਲੁਧਿਆਣਾ 'ਚ 41.47 ਫ਼ੀਸਦੀ, ਹੁਸ਼ਿਆਰਪੁਰ 'ਚ 38.4 ਫ਼ੀਸਦੀ, ਪਟਿਆਲਾ 'ਚ 42 ਫ਼ੀਸਦੀ, ਜਲੰਧਰ 'ਚ 48 ਫ਼ੀਸਦੀ ਵੋਟਿੰਗ, ਬਠਿੰਡਾ 'ਚ 56.25 ਫ਼ੀਸਦੀ ਵੋਟਿੰਗ, ਤਰਨਤਾਰਨ 'ਚ 34 ਫ਼ੀਸਦੀ ਵੋਟਿੰਗ

ਪੰਜਾਬ 'ਚ 12 ਵਜੇ ਤੱਕ ਵੋਟਿੰਗ ਫ਼ੀਸਦੀ
ਅੰਮ੍ਰਿਤਸਰ 'ਚ 32 ਫ਼ੀਸਦੀ, ਬਠਿੰਡਾ 'ਚ 27.72 ਫ਼ੀਸਦੀ, ਸ੍ਰੀ ਮੁਕਤਸਰ ਸਾਹਿਬ 'ਚ 27.45 ਫ਼ੀਸਦੀ, ਤਰਨਤਾਰਨ 'ਚ 17 ਫ਼ੀਸਦੀ ਵੋਟਿੰਗ, ਮੋਗਾ 'ਚ 23.90 ਫ਼ੀਸਦੀ ਵੋਟਿੰਗ, ਸੰਗਰੂਰ 'ਚ 30.45 ਫ਼ੀਸਦੀ, ਜਲੰਧਰ 'ਚ 28 ਫ਼ੀਸਦੀ
ਪੰਜਾਬ 'ਚ 10 ਵਜੇ ਤੱਕ ਕੁੱਲ 10.5 ਫ਼ੀਸਦੀ ਵੋਟਿੰਗ
ਗੁਰਦਾਸਪੁਰ 'ਚ 8 ਫ਼ੀਸਦੀ, ਬਠਿੰਡਾ 'ਚ 14 ਫ਼ੀਸਦੀ, ਲੁਧਿਆਣਾ 'ਚ 10 ਫ਼ੀਸਦੀ, ਬਰਨਾਲਾ 'ਚ 7.16 ਫ਼ੀਸਦੀ, ਸੰਗਰੂਰ 'ਚ 13 ਫ਼ੀਸਦੀ, ਹੁਸ਼ਿਆਰਪੁਰ 'ਚ 15 ਫ਼ੀਸਦੀ

ਜਾਣੋੋ ਕਿੱਥੇ ਕੀ ਹੋਇਆ
ਬਠਿੰਡਾ ਦੇ ਪਿੰਡ ਅਕਲੀਆਂ ਕਲਾਂ 'ਚ ਸਵਿੱਫਟ ਗੱਡੀ 'ਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
PunjabKesari
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਵਿੱਚ ਪੁਲਸ ਨੇ ਅਕਾਲੀ ਦਲ ਬਾਦਲ ਦੇ ਸਮਰਥਕ ਉਮੀਦਵਾਰ ਨੂੰ ਹਿਰਾਸਤ 'ਚ ਲਿਆ
PunjabKesari
ਬਰਨਾਲਾ ਦੇ ਕਰਮਗੜ੍ਹ ਪਿੰਡ 'ਚ ਵੋਟਾਂ ਦੌਰਾਨ ਜ਼ਬਰਦਸਤ ਲੜਾਈ ਹੋਈ। ਇਸ ਦੌਰਾਨ ਪੰਚੀ ਦੇ ਉਮੀਦਵਾਰ ਸਣੇ 2 ਲੋਕ ਗੰਭੀਰ ਜ਼ਖਮੀ ਹੋ ਗਏ।
ਮੁੱਲਾਂਪੁਰ ਦਾਖਾ ਦੇ ਪਿੰਡ ਸੁਧਾਰ ਅਤੇ ਘੁਮਾਣ 'ਚ ਚੋਣ ਨਿਸ਼ਾਨ ਬਦਲੇ ਹੋਣ ਕਾਰਨ 2 ਘੰਟੇ ਰੁਕੀ ਰਹੀ ਵੋਟਿੰਗ 

ਗੁਰਦਾਸਪੁਰ 'ਚ ਵੋਟਾਂ ਦੌਰਾਨ ਆਏ ਬਾਹਰੀ ਵਿਅਕਤੀਆਂ ਦਾ ਪਿੰਡ ਬੱਬੇਹਾਲੀ ਦੇ ਲੋਕਾਂ ਵੱਲੋਂ ਵਿਰੋਧ, SSP ਨੇ ਦਿੱਤੀ ਸਖ਼ਤ ਚਿਤਾਵਨੀ

ਰਾਜਾਸਾਂਸੀ ਦੇ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਪੰਚਾਇਤੀ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਾਲੇ ਇੱਟਾਂ-ਰੋੜੇ ਚੱਲ ਗਏ। ਇਸ ਦੌਰਾਨ ਕਈ ਵਿਅਕਤੀ ਜ਼ਖਮੀ ਹੋ ਗਏ। 
ਅਜਨਾਲਾ ਦੇ ਪਿੰਡ 'ਚ ਵੋਟਿੰਗ ਰੁਕੀ
ਅਜਨਾਲਾ ਦੇ ਸਰਹੱਦੀ ਪਿੰਡ ਚੱਕ ਡੋਗਰਾ ਵਿਖੇ ਇੱਕ ਵਿਅਕਤੀ ਵੱਲੋਂ ਵੋਟ ਪਾਉਣ ਨੂੰ ਲੈ ਕੇ ਮਮੂਲੀ ਬਹਿਸਬਾਜ਼ੀ ਕੀਤੀ ਗਈ, ਜਿਸ ਨੂੰ ਲੈ ਕੇ ਚੋਣ ਪ੍ਰਕਿਰਿਆ ਥੋੜ੍ਹੀ ਦੇਰ ਲਈ ਬੰਦ ਕਰ ਦਿੱਤੀ ਗਈ ਅਤੇ ਦੇਖਦਿਆਂ-ਦੇਖਦਿਆਂ ਗੱਲ ਹੱਥੋਪਾਈ ਤੱਕ ਪਹੁੰਚ ਗਈ। 

PunjabKesari
ਚੋਣ ਡਿਊਟੀ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ
ਲੁਧਿਆਣਾ ਦੇ ਪਿੰਡ ਢਿੱਲਵਾਂ 'ਚ ਪੋਲਿੰਗ ਬੂਥ 'ਤੇ ਤਾਇਨਾਤ ਪੁਲਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੱਖਾ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। 

ਲੁਧਿਆਣਾ ਦੇ 2 ਪਿੰਡਾਂ ਦੀ ਪੰਚਾਇਤੀ ਚੋਣ ਰੱਦ
ਲੁਧਿਆਣਾ ਦੇ ਪਿੰਡ ਡੱਲਾ ਅਤੇ ਪੋਨਾਂ ਦੀ ਸਰਪੰਚੀ ਚੋਣ ਰੱਦ ਕਰ ਦਿੱਤੀ ਗਈ ਹੈ। ਨਾਮਜ਼ਦਗੀ ਪੱਤਰਾਂ 'ਚ ਇਤਰਾਜ਼ਾਂ ਦੇ ਚੱਲਦਿਆਂ ਦੋਹਾਂ ਪਿੰਡਾਂ ਦੀ ਚੋਣ ਰੱਦ ਕੀਤੀ ਗਈ ਹੈ।

PunjabKesari

ਤਰਨਤਾਰਨ 'ਚ ਚੱਲੀਆਂ ਗੋਲੀਆਂ
ਤਰਨਤਾਰਨ 'ਚ ਵੋਟਾਂ ਪੈਣ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸੋਹਲ ਸੈਣ ਭਗਤ 'ਚ ਲਾਈਨਾ 'ਚ ਲੱਗਣ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਜਿਸ 'ਚ ਇਕ ਗੰਭੀਰ ਜ਼ਖ਼ਮੀ ਹੋ ਗਿਆ। 

ਵਿਵਾਦਾਂ 'ਚ ਘਿਰੀ ਪਿੰਡ ਰੱਤੋਵਾਲ ਦੀ ਪੰਚਾਇਤੀ ਚੋਣ, ਰਾਤੋਂ-ਰਾਤ ਬਦਲਿਆ ਚੋਣ ਨਿਸ਼ਾਨ
ਸਰਪੰਚੀ ਦੇ ਉਮੀਦਵਾਰ ਕਮਲਦੀਪ ਸਿੰਘ ਸਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰੱਤੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਦਾ ਚੋਣ ਨਿਸ਼ਾਨ ਰਾਤੋਂ-ਰਾਤ ਬਦਲ ਦਿੱਤਾ ਗਿਆ। ਉਕਤ ਉਮੀਦਵਾਰ ਨੂੰ ਮਿਤੀ 7 ਅਕਤੂਬਰ 2024 ਨੂੰ ਚੋਣ ਨਿਸ਼ਾਨ ਲੰਚ ਬਾਕਸ ਦਿੱਤਾ ਗਿਆ ਸੀ, ਜਦਕਿ ਚੋਣਾਂ ਤੋਂ ਮਹਿਜ਼ ਇਕ ਦਿਨ ਪਹਿਲਾਂ 14 ਅਕਤੂਬਰ 2024 ਨੂੰ ਰਾਤ 9 ਵਜੇ ਪਤਾ ਲੱਗਾ ਕਿ ਹੁਣ ਚੋਣ ਨਿਸ਼ਾਨ ਬਦਲ ਦਿੱਤਾ ਗਿਆ। ਜੋ ਹੁਣ ਲੰਚ ਬਾਕਸ ਦੀ ਬਜਾਏ ਟਰੈਕਟਰ ਕਰ ਦਿੱਤਾ ਗਿਆ ਹੈ। ਕਮਲਜੀਤ ਸਿੰਘ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬੀਤੀ ਰਾਤ ਹੀ ਮੇਲ ਰਾਹੀਂ ਸ਼ਿਕਾਇਤ ਭੇਜ ਦਿੱਤੀ ਹੈ।
PunjabKesari
ਪਿੰਡ ਭੱਗੂਪੁਰ ਬੇਟ ਵਿਖੇ ਰੁਕਿਆ ਵੋਟਿੰਗ ਦਾ ਕੰਮ

ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਰਿਟਰਨਿੰਗ ਅਫ਼ਸਰ ਨੂੰ ਲੈ ਕੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਵੋਟਾਂ ਸ਼ੁਰੂ ਨਹੀਂ ਹੋਣ ਦਿੱਤੀਆਂ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਿਟਰਨਿੰਗ ਅਫ਼ਸਰ ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਇਹ ਲੋਕ ਆਪਣੀ ਜਿੱਦ 'ਤੇ ਅੜੇ ਹੋਏ ਸਨ ਕਿ ਜਿੰਨਾ ਚਿਰ ਰਿਟਰਨਿੰਗ ਅਫ਼ਸਰ ਨੂੰ ਬਦਲਿਆ ਨਾ ਗਿਆ, ਉਨਾ ਚਿਰ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਅਤੇ  ਪਿੰਡ ਵਾਸੀ ਧਰਨੇ ਉੱਪਰ ਬੈਠ ਗਏ

PunjabKesari

ਕੁੱਲ 1 ਕਰੋੜ, 33 ਲੱਖ ਵੋਟਰ ਪਾਉਣਗੇ ਵੋਟ
ਪੰਜਾਬ 'ਚ ਕੁੱਲ 13937 ਗ੍ਰਾਮ ਪੰਚਾਇਤਾਂ ਹਨ। ਇੱਥੇ ਕੁੱਲ 1 ਕਰੋੜ, 33 ਲੱਖ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਸਰਪੰਚ ਦੇ ਅਹੁਦਿਆਂ ਲਈ 52,825 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ, ਜਦੋਂ ਕਿ ਪੰਚਾਂ ਲਈ 1,66,338 ਲੱਖ ਤੋਂ ਵੱਧ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪੰਜਾਬ ਭਰ ਦੇ ਪਿੰਡਾਂ 'ਚ 19110 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਲੋਕਾਂ 'ਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਚੋਣਾਂ ਲਈ ਕੁੱਲ 96 ਹਜ਼ਾਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਤੱਕ ਜਾਰੀ ਰਹੇਗਾ, ਜਦੋਂ ਕਿ ਇਸ ਤੋਂ ਬਾਅਦ ਨਤੀਜੇ ਜਾਰੀ ਕੀਤੇ ਜਾਣਗੇ। ਇਹ ਵੋਟਾਂ ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ।

PunjabKesari

ਇਨ੍ਹਾਂ ’ਚੋਂ ਕੋਈ ਇਕ ਦਸਤਾਵੇਜ਼ ਦਿਖਾ ਕੇ ਵੋਟਰ ਪਾ ਸਕਣਗੇ ਵੋਟ
ਪੰਜਾਬ ਦੇ ਲੋਕ ਪੋਲਿੰਗ ਕੇਂਦਰਾਂ 'ਤੇ ਪਛਾਣ ਪੱਤਰ ਵਜੋਂ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਜੌਬ ਕਾਰਡ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।

 

ਇਹ ਵੀ ਪੜ੍ਹੋ : ਅੱਜ ਨਾ ਜਾਇਓ PGI, ਨਹੀਂ ਬਣਾਏ ਜਾਣਗੇ ਨਵੇਂ ਮਰੀਜ਼ਾਂ ਦੇ ਕਾਰਡ

PunjabKesari

ਇਸ ਦੇ ਇਲਾਵਾ ਫੋਟੋ ਵਾਲੀ ਨਾਗਰਿਕ ਪਾਸਬੁੱਕ, ਸਿਹਤ ਬੀਮਾ ਕਾਰਡ, ਸੇਵਾ ਪਛਾਣ ਪੱਤਰ (ਫੋਟੋ ਸਮੇਤ) ਜੋ ਕੇਂਦਰ/ਸੂਬਾਈ ਸਰਕਾਰ/ਪੀ. ਐੱਸ. ਯੂ./ਸਮਾਰਟ ਕਾਰਡ (ਵੱਲੋਂ ਜਾਰੀ ਐੱਨ. ਪੀ. ਆਰ. ਤਹਿਤ ਆਰ. ਜੀ. ਆਈ), ਪੈਨਸ਼ਨ ਦਸਤਾਵੇਜ਼, ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਐੱਮ. ਪੀ./ਐੱਮ. ਐੱਲ.ਏ. ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਪਛਾਣ-ਪੱਤਰ ਅਤੇ ਵਿਸ਼ੇਸ਼ ਦਿਵਿਆਂਗ ਆਈ. ਡੀ. ਕਾਰਡ (ਯੂ. ਡੀ. ਆਈ. ਡੀ. ਕਾਰਡ) ਦਿਖਾ ਕੇ ਵੀ ਵੋਟ ਪਾਈ ਜਾ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News