ਜਗਦੀਸ਼ ਭੋਲਾ ਦੇ ਵੋਟਰ ਕਾਰਡ ਵਾਲਾ ਪਤਾ ਵੀ ਜਾਅਲੀ

11/16/2017 7:00:42 AM

ਮੋਹਾਲੀ  (ਕੁਲਦੀਪ) - ਬਹੁ-ਕਰੋੜੀ ਅੰਤਰਰਾਸ਼ਟਰੀ ਡਰੱਗ ਸਮੱਗਲਿੰਗ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਅਤੇ ਹੋਰ ਕਈ ਮੁਲਜ਼ਮਾਂ ਖਿਲਾਫ ਚੱਲ ਰਹੇ ਕੇਸ ਦੀ ਸੁਣਵਾਈ ਅੱਜ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਅੱਜ ਮੋਹਾਲੀ ਦੀ ਇਕ ਮਹਿਲਾ ਜਸਵੀਰ ਕੌਰ ਦੀ ਗਵਾਹੀ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਨੇ ਆਪਣਾ ਇਕ ਵੋਟਰ ਕਾਰਡ ਮੋਹਾਲੀ ਦੇ ਫੇਜ਼-2 ਸਥਿਤ ਇਕ ਮਕਾਨ ਦੇ ਪਤੇ 'ਤੇ ਬਣਵਾਇਆ ਹੋਇਆ ਸੀ। ਭਗੌੜਾ ਕਰਾਰ ਦਿੱਤਾ ਜਾ ਚੁੱਕਾ ਭੋਲਾ ਪੁਲਸ ਤੋਂ ਬਚਣ ਲਈ ਇਹ ਜਾਅਲੀ ਵੋਟਰ ਕਾਰਡ ਵਿਖਾ ਕੇ ਬਚਦਾ ਰਿਹਾ। ਇਸ ਵੋਟਰ ਕਾਰਡ 'ਤੇ ਫੋਟੋ ਜਗਦੀਸ਼ ਭੋਲਾ ਦੀ ਲੱਗੀ ਹੋਈ ਸੀ ਜਦੋਂ ਕਿ ਪਿਤਾ ਦਾ ਨਾਂ ਕਿਸੇ ਹੋਰ ਦਾ ਲਿਖਿਆ ਹੋਇਆ ਸੀ। ਭੋਲਾ ਦੇ ਫੜੇ ਜਾਣ 'ਤੇ ਮਿਲੇ ਇਸ ਵੋਟਰ ਕਾਰਡ ਦੀ ਪੁਸ਼ਟੀ ਕਰਨ ਲਈ ਅਦਾਲਤ ਵਲੋਂ ਫੇਜ਼-2 ਦੀ ਉਸ ਮਕਾਨ ਮਾਲਕਣ ਜਸਵੀਰ ਕੌਰ ਨੂੰ ਅਦਾਲਤ ਵਿਚ ਗਵਾਹੀ ਲਈ ਪੇਸ਼ ਕੀਤਾ ਗਿਆ ਸੀ । ਜਾਣਕਾਰੀ ਮੁਤਾਬਕ ਮਕਾਨ ਮਾਲਕਣ ਜਸਵੀਰ ਕੌਰ ਨੇ ਅਦਾਲਤ ਵਿਚ ਕਿਹਾ ਕਿ ਉਹ ਇਸ ਵੋਟਰ ਕਾਰਡ ਵਾਲੇ ਵਿਅਕਤੀ ਨੂੰ ਨਾ ਤਾਂ ਜਾਣਦੀ ਹੈ ਅਤੇ ਨਾ ਹੀ ਪਛਾਣਦੀ ਹੈ। ਇੱਥੋਂ ਤਕ ਕਿ ਜਗਦੀਸ਼ ਭੋਲਾ ਅਤੇ ਉਸ ਕਾਰਡ 'ਤੇ ਛਪੇ ਨਾਮ ਵਾਲਾ ਵਿਅਕਤੀ ਵੀ ਉਸ ਦੇ ਮਕਾਨ ਵਿਚ ਕਦੇ ਕਿਰਾਏਦਾਰ ਦੇ ਤੌਰ 'ਤੇ ਨਹੀਂ ਰਿਹਾ ਹੈ । ਇਹ ਵੀ ਪਤਾ ਲੱਗਾ ਹੈ ਕਿ ਉਸ ਵੋਟਰ ਕਾਰਡ 'ਤੇ ਹਲਕਾ ਨੰਬਰ ਵੀ ਗਲਤ ਲਿਖਿਆ ਹੋਇਆ ਹੈ ।ਮਕਾਨ ਮਾਲਕਣ ਦੀ ਗਵਾਹੀ ਹੋਣ ਤੋਂ ਬਾਅਦ ਮਾਣਯੋਗ ਅਦਾਲਤ ਨੇ ਇਸ ਮਾਮਲੇ 'ਤੇ ਬਹਿਸ ਲਈ ਅਗਲੀ ਮਿਤੀ 16 ਨਵੰਬਰ ਨਿਸ਼ਚਿਤ ਕਰ ਦਿੱਤੀ ਹੈ ।


Related News