ਹਥਿਆਰਬੰਦ ਵਿਅਕਤੀਆਂ ਵੱਲੋਂ ਕਾਂਗਰਸੀ ਆਗੂ ਦੇ ਘਰ ਦੀ ਭੰਨ-ਤੋੜ
Sunday, Aug 26, 2018 - 01:19 AM (IST)
ਮਲੋਟ, (ਜੁਨੇਜਾ)-ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ 20-25 ਹਥਿਆਰਬੰਦ ਵਿਕਅਤੀਆਂ ਨੇ ਕੈਂਪ ਇਲਾਕੇ ਦੇ ਕਾਂਗਰਸੀ ਆਗੂ ਸੂਰਜ ਸ਼ਰਮਾ ਦੇ ਘਰ ਦੀ ਭੰਨ-ਤੋੜ ਕਰਨ ਤੋਂ ਇਲਾਵਾ ਪਰਿਵਾਰ ਦੇ ਕਈ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ’ਤੇ ਪਹਿਲਾਂ ਵੀ ਚਾਰ ਵਾਰ ਹਮਲਾ ਹੋ ਚੁੱਕਾ ਹੈ ਪਰ ਪੁਲਸ ਵੱਲੋਂ ਸਖ਼ਤ ਕਾਰਵਾਈ ਨਾ ਹੋਣ ਕਰ ਕੇ ਦੋਸ਼ੀਆਂ ਦੇ ਹੌਸਲੇ ਬੁਲੰਦ ਹਨ। ਪੁਲਸ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਅਾਂ ਸੁਨੀਲ ਕੁਮਾਰ ਸ਼ੰਟੀ ਪੁੱਤਰ ਸੂਰਜ ਭਾਨ ਸ਼ਰਮਾ ਵਾਸੀ ਕ੍ਰਿਸ਼ਨਾ ਨਗਰ ਕੈਂਪ ਨੇ ਦੱਸਿਆ ਕਿ ਉਹ ਰਾਤ ਧਾਰਮਕ ਅਸਥਾਨਾਂ ਤੋਂ ਯਾਤਰਾ ਕਰ ਕੇ ਵਾਪਸ ਆਏ ਸਨ। ਰਾਤ ਕਰੀਬ ਡੇਢ ਵਜੇ ਰਾਜ ਕੁਮਾਰ ਗਰੋਵਰ, ਪੂਜਾ ਗਰੋਵਰ, ਕੰਨੂੰ ਗਰੋਵਰ ਲਾਡੀ, ਰੋਹਿਤ ਬਠਲਾ, ਕਾਲਡ਼ਾ ਅਭੀ ਗਰੋਵਰ, ਮੰਨੂੰ ਪੋਪਲੀ, ਨੰਨੀ ਪੋਪਲੀ, ਕੋਕਾ ਪੋਪਲੀ, ਸ਼ੰਟੀ ਡਾਵਰ, ਕਪਿਲ ਡਾਵਰ, ਮੋਨੀ, ਰੌਕੀ, ਸਾਹਿਲ ਕਾਲਡ਼ਾ, ਵਿਪਨ ਮਦਾਨ ਅਤੇ 4-5 ਹੋਰ ਅਣਪਛਾਤੇ ਵਿਅਕਤੀਆਂ ਨੇ ਜਿਨ੍ਹਾਂ ਦੇ ਹੱਥਾਂ ’ਚ ਤਲਵਾਰਾਂ, ਰਾਡਾਂ ਅਤੇ ਹੋਰ ਹਥਿਆਰ ਸਨ, ਨੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਸੱਟਾਂ ਲੱਗੀਆਂ, ਉੱਥੇ ਹੀ ਉਨ੍ਹਾਂ ਆਪਣੇ 80 ਸਾਲਾਂ ਦੇ ਪਿਤਾ ਅਤੇ ਆਪਣੇ ਬੱਚਿਆਂ ਨੂੰ ਚੁੱਕ ਕੇ ਛੱਤ ’ਤੇ ਲੁਕਾ ਕੇ ਆਪਣੀ ਜਾਨ ਬਚਾਈ। ਇਸ ’ਤੇ ਉਨ੍ਹਾਂ ਪੁਲਸ ਨੂੰ ਸੂਚਿਤ ਵੀ ਕੀਤਾ ਪਰ ਪੁਲਸ ਘੰਟੇ ਬਾਅਦ ਮੌਕੇ ’ਤੇ ਪੁੱਜੀ।
ਸੁਨੀਲ ਕੁਮਾਰ ਅਤੇ ਉਸ ਦੇ ਪਿਤਾ ਸੂਰਜ ਭਾਨ ਸ਼ਰਮਾ ਦਾ ਕਹਿਣਾ ਹੈ ਕਿ ਹਮਲਾਵਰਾਂ ’ਚੋਂ ਵਧੇਰੇ ਸੱਟੇ ਅਤੇ ਹੋਰ ਸਮਾਜ ਵਿਰੋਧੀ ਕੰਮਾਂ ਨਾਲ ਜੁਡ਼ੇ ਹਨ। ਪਿਛਲੇ ਦਿਨੀਂ ਜ਼ਿਲਾ ਪੁਲਸ ਕਪਤਾਨ ਦੇ ਹੁਕਮਾਂ ’ਤੇ ਹੋਈ ਛਾਪਾਮਾਰੀ ਦੌਰਾਨ ਮੁੱਖ ਹਮਲਾਵਰ ਰਾਜ ਕੁਮਾਰ ਅਤੇ ਪੂਜਾ ਆਦਿ ਵਿਰੁੱਧ ਪੁਲਸ ਨੇ ਸੱਟੇ ਦੇ ਮਾਮਲੇ ਤਹਿਤ ਕਾਰਵਾਈ ਕੀਤੀ। ਸੁਨੀਲ ਕੁਮਾਰ ਦਾ ਕਹਿÎਣਾ ਹੈ ਕਿ ਇਨ੍ਹਾਂ ਨੂੰ ਸ਼ੱਕ ਹੈ ਕਿ ਪੁਲਸ ਨੇ ਸਾਡੇ ਪਰਿਵਾਰ ਦੀ ਸੂਚਨਾ ਦੇ ਅਾਧਾਰ ’ਤੇ ਕਾਰਵਾਈ ਕੀਤੀ ਹੈ। ਇਹ ਪਹਿਲੀ ਵਾਰ ਨਹੀਂ, ਸਗੋਂ ਚੌਥੀ ਵਾਰ ਹੈ, ਜਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਹੋਇਆ ਪਰ ਪੁਲਸ ਦੀ ਢਿੱਲੀ ਕਾਰਵਾਈ ਕਰ ਕੇ ਦੂਜੀ ਧਿਰ ਦੇ ਹੌਸਲੇ ਬੁਲੰਦ ਹੋ ਰਹੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਰਾਤ ਇਕ ਹੌਲਦਾਰ ਨੇ ਇਨ੍ਹਾਂ ਵਿਚੋਂ ਦੋ ਜਣਿਆਂ ਨੂੰ ਫਡ਼ ਲਿਆ ਸੀ ਪਰ ਬਾਅਦ ਵਿਚ ਛੱਡ ਦਿੱਤਾ। ਸਿਟੀ ਮਲੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸਾਰੇ ਦੋਸ਼ੀਅਾਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
