ਅਹਿਮ ਖ਼ਬਰ : ਪੰਜਾਬ ਦੇ ਅਗਲੇ DGP ਹੋ ਸਕਦੇ ਨੇ ''ਵੀ. ਕੇ. ਭਾਵਰਾ''

Wednesday, Jan 05, 2022 - 09:20 AM (IST)

ਅਹਿਮ ਖ਼ਬਰ : ਪੰਜਾਬ ਦੇ ਅਗਲੇ DGP ਹੋ ਸਕਦੇ ਨੇ ''ਵੀ. ਕੇ. ਭਾਵਰਾ''

ਚੰਡੀਗੜ੍ਹ (ਰਮਨਜੀਤ) : ਪਿਛਲੇ ਤਿੰਨ ਮਹੀਨੇ ਦੌਰਾਨ ਪੰਜਾਬ ਪੁਲਸ ਦੇ ਸਭ ਤੋਂ ਉੱਚੇ ਅਹੁਦੇ ਡੀ. ਜੀ. ਪੀ. ਨੂੰ ਲੈ ਕੇ ਚੱਲ ਰਹੀ ਸ਼ਸ਼ੋਪੰਜ ਵਾਲੀ ਸਥਿਤੀ ਹੱਲ ਹੋਣ ਵਾਲੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ 3 ਸੀਨੀਅਰ ਅਧਿਕਾਰੀਆਂ ਦੇ ਨਾਂ ਪੰਜਾਬ ’ਚ ਰੈਗੂਲਰ ਡੀ. ਜੀ. ਪੀ. ਤਾਇਨਾਤ ਕਰਨ ਲਈ ਭੇਜ ਦਿੱਤੇ ਹਨ ਅਤੇ ਉਸ ਪੈਨਲ ’ਚ ਨਾ ਤਾਂ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਸ਼ਾਮਲ ਹੈ ਅਤੇ ਨਾ ਹੀ ਉਨ੍ਹਾਂ ਤੋਂ ਪਹਿਲਾਂ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ’ਤੇ ਸੇਵਾ ਨਿਭਾਅ ਰਹੇ ਆਈ. ਪੀ. ਐੱਸ. ਸਹੋਤਾ ਦਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨ ਰੱਦ ਹੋਣ ਮਗਰੋਂ 'PM ਮੋਦੀ' ਦਾ ਪਹਿਲਾ ਪੰਜਾਬ ਦੌਰਾ ਅੱਜ, ਕਈ ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ

ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਹੋਈ ਯੂ. ਪੀ. ਐੱਸ. ਸੀ. ਕਮੇਟੀ ਦੀ ਬੈਠਕ ’ਚ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ, ਕਿਉਂਕਿ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਉਸ ਬੇਨਤੀ ਨੂੰ ਮੰਨਣ ਤੋਂ ਸਿਰੇ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ ਡੀ. ਜੀ. ਪੀ. ਦੀ ਨਿਯੁਕਤੀ ਲਈ ਕਟਆਫ਼ ਡੇਟ 5 ਅਕਤੂਬਰ ਦੀ ਬਜਾਏ 31 ਸਤੰਬਰ ਨੂੰ ਹੀ ਮੰਨਿਆ ਜਾਵੇ ਤਾਂ ਕਿ ਮੌਜੂਦਾ ਕਾਰਜਕਾਰੀ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਵਿਚਾਰਿਆ ਜਾ ਸਕੇ। ਇਸ ਕਾਰਨ ਮਾਰਚ, 2022 ’ਚ ਸੇਵਾਮੁਕਤ ਹੋ ਰਹੇ ਸਿਧਾਰਥ ਚਟੋਪਾਧਿਆਏ, ਐੱਮ. ਕੇ. ਤ੍ਰਿਪਾਠੀ ਅਤੇ ਰੋਹਿਤ ਚੌਧਰੀ ਡੀ. ਜੀ. ਪੀ. ਦੀ ਦੌੜ ਤੋਂ ਹੀ ਬਾਹਰ ਹੋ ਗਏ, ਜਦੋਂ ਕਿ ਬੈਠਕ ’ਚ ਚਰਚਾ ਤੋਂ ਬਾਅਦ ਯੂ. ਪੀ. ਐੱਸ. ਸੀ. ਕਮੇਟੀ ਵਲੋਂ 87 ਬੈਚ ਦੇ ਸੀਨੀਅਰ ਅਧਿਕਾਰੀਆਂ ਵੀ. ਕੇ. ਭਾਵਰਾ ਤੇ ਦਿਨਕਰ ਗੁਪਤਾ ਅਤੇ 88 ਬੈਚ ਦੇ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਪੈਨਲ ’ਚ ਸ਼ਾਮਲ ਕਰਕੇ ਪੰਜਾਬ ਸਰਕਾਰ ਨੂੰ ਡੀ. ਜੀ. ਪੀ. ਦੀ ਨਿਯੁਕਤੀ ਕਰਨ ਲਈ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਜ਼ਬਰਦਸਤ ਹਾਦਸੇ ਦੌਰਾਨ ਕਾਰ ਦੇ ਉੱਡੇ ਪਰਖੱਚੇ, ਭਿਆਨਕ ਮੰਜ਼ਰ ਦੀ CCTV ਫੁਟੇਜ ਆਈ ਸਾਹਮਣੇ

ਧਿਆਨ ਰਹੇ ਕਿ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਪੁਲਸ ਫੋਰਸ ਦਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਸੀ ਪਰ ਸੱਤਾ ਤਬਦੀਲੀ ਹੋਣ ਤੋਂ ਬਾਅਦ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਛੁੱਟੀ ’ਤੇ ਜਾਣ ਲਈ ਕਿਹਾ ਗਿਆ ਅਤੇ ਬਾਅਦ ’ਚ ਉਨ੍ਹਾਂ ਦੀ ਜਗ੍ਹਾ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ’ਤੇ ਆਈ. ਪੀ. ਐੱਸ. ਸਹੋਤਾ ਨੂੰ ਤਾਇਨਾਤ ਕਰ ਦਿੱਤਾ ਗਿਆ ਪਰ ਡੀ. ਜੀ. ਪੀ. ਅਹੁਦੇ ਨੂੰ ਲੈ ਕੇ ਚੱਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰਲੀ ਖਿੱਚੋਤਾਣ ਤੋਂ ਬਾਅਦ ਆਖ਼ਰਕਾਰ ਆਈ. ਪੀ. ਐੱਸ. ਸਹੋਤਾ ਨੂੰ ਵੀ ਹਟਾ ਦਿੱਤਾ ਗਿਆ ਅਤੇ ਦਸੰਬਰ ਦੇ ਆਖ਼ਰੀ ਪੰਦਰਵਾੜੇ ’ਚ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News