ਹਾਈਕੋਰਟ ਨੇ ਹਨੀਪ੍ਰੀਤ ਦੇ ਸਾਬਕਾ ਪਤੀ ਨੂੰ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ, ਜਾਣੋ ਪੂਰੀ ਖਬਰ

10/13/2017 4:21:35 PM

ਚੰਡੀਗੜ੍ਹ (ਬਰਜਿੰਦਰ) : ਡੇਰਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਸਾਬਕਾ ਪਤੀ ਦੀ ਸੁਰੱਖਿਆ ਸਬੰਧੀ ਮੰਗ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ। ਹਨੀਪ੍ਰੀਤ ਦੇ ਸਾਬਕਾ ਪਤੀ ਕਰਨਾਲ ਵਾਸੀ ਵਿਸ਼ਵਾਸ ਗੁਪਤਾ ਅਤੇ ਉਨ੍ਹਾਂ ਦੇ ਪਿਤਾ ਮੋਹਿੰਦਰ ਪਾਲ ਗੁਪਤਾ ਨੇ ਅਦਾਲਤ 'ਚ ਆਪਣੀ ਸੁਰੱਖਿਆ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਕਿਹਾ ਕਿ ਉਹ ਕਿਸੇ ਅਧਿਕਾਰੀ ਕੋਲ ਆਪਣੀ ਮੰਗ ਰੱਖਣ ਪਰ ਉਨ੍ਹਾਂ ਨੂੰ ਦੁਬਾਰਾ ਪਟੀਸ਼ਨ ਦਾਇਰ ਕਰਨ ਦੀ ਆਜ਼ਾਦੀ ਵੀ ਦਿੱਤੀ ਗਈ। ਦੂਜੇ ਪਾਸੇ ਡੇਰੇ ਦੇ ਕੁਰਬਾਨੀ ਗੈਂਗ ਹੋਣ ਅਤੇ ਉਸ ਵਲੋਂ ਲਿਖੇ ਧਮਕੀ ਭਰੇ ਪੱਤਰਾਂ ਦਾ ਦਾਅਵਾ ਕੀਤੇ ਜਾਣ 'ਤੇ ਹਾਈਕੋਰਟ ਨੇ ਏ. ਡੀ. ਜੀ. ਪੀ. ਰੈਂਕ ਦੇ ਅਫਸਰ ਦੀ ਅਗਵਾਈ 'ਚ ਬਣਾਈ ਟੀਮ ਨੂੰ ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਸੁਰੱਖਿਆ ਦਾ ਇਹ ਮਾਮਲਾ ਨਿਜੀ ਹੈ, ਇਸ ਨੂੰ ਜਨਹਿਤ ਨਾਲ ਨਹੀਂ ਜੋੜਿਆ ਜਾ ਸਕਦਾ। ਪੰਜਾਬ ਦੇ ਏ. ਜੀ. ਅਤੁਲ ਨੰਦਾ ਨੇ ਵੀ ਸਬੰਧਿਤ ਅਰਜ਼ੀ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਹਾਈਕੋਰਟ ਨੇ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਆਪਣੀ ਅਤੇ ਆਪਣੇ ਪਿਤਾ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਵਿਸ਼ਵਾਸ ਗੁਪਤਾ ਨੇ ਕਿਹਾ ਸੀ ਕਿ 22 ਸਤੰਬਰ, 2017 ਨੂੰ ਉਨ੍ਹਾਂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ ਸੀ, ਜਿਸ 'ਚ ਡੇਰੇ ਅਤੇ ਉਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਸਵਾਲ ਪੁੱਛੇ ਗਏ ਸਨ। ਉਸ ਤੋਂ ਬਾਅਦ ਡੇਰਾ ਮੁਖੀ ਅਤੇ ਡੇਰਾ ਸਮਰਥਕਾਂ ਨੇ ਦੋਵੇਂ ਪਿਓ-ਪੁੱਤ ਨੂੰ ਧਮਕੀ ਦਿੱਤੀ ਸੀ। ਕਥਿਤ ਤੌਰ 'ਤੇ ਡੇਰੇ ਦੇ ਕੁਰਬਾਨੀ ਗੈਂਗ ਵਲੋਂ ਲਿਖੇ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਉਨ੍ਹਾਂ 'ਚ ਪੱਤਰ 'ਚ ਲਿਖੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਸੀ, ਜਿਸ 'ਚ ਵਿਸ਼ਵਾਸ ਗੁਪਤਾ ਦਾ ਨਾਂ ਵੀ ਸ਼ਾਮਲ ਸੀ।  ਇਸ ਨੂੰ ਲੈ ਕੇ ਐਸ. ਪੀ. ਨੂੰ ਸ਼ਿਕਾਇਤ ਵੀ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ।  ਅਜਿਹੇ 'ਚ ਹਾਈਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਕੁਰਬਾਨੀ ਗੈਂਗ ਦੇ ਇਸ ਧਮਕੀ ਭਰੇ ਪੱਤਰ ਪਿਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ, ਉਸ ਦੀ ਜਾਂਚ ਕੀਤੀ ਜਾਵੇ।


Related News