ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ, ਦੱਸਿਆ ਆਪਣਾ ਮੁੱਖ ਟੀਚਾ

Wednesday, Dec 07, 2022 - 01:36 PM (IST)

ਭ੍ਰਿਸ਼ਟਾਚਾਰ ਖ਼ਿਲਾਫ਼ ਐਕਸ਼ਨ 'ਚ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਵਰਿੰਦਰ ਕੁਮਾਰ, ਦੱਸਿਆ ਆਪਣਾ ਮੁੱਖ ਟੀਚਾ

ਜਲੰਧਰ (ਧਵਨ)- 1993 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬਾ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਸੀ, ਕਿਉਂਕਿ ਵਰਿੰਦਰ ਕੁਮਾਰ ਦੀ ਪਛਾਣ ਇਕ ਈਮਾਨਦਾਰ ਪੁਲਸ ਅਧਿਕਾਰੀ ਦੇ ਰੂਪ ’ਚ ਹੈ। ਉਨ੍ਹਾਂ ਦੇ ਵਿਜੀਲੈਂਸ ਚੀਫ਼ ਬਣਨ ਤੋਂ ਬਾਅਦ ਵਿਜੀਲੈਂਸ ਨਾਲ ਸਬੰਧਤ ਮਾਮਲਿਆਂ ਵਿਚ ਵੱਡੀ ਤੇਜ਼ੀ ਵੇਖੀ ਗਈ ਹੈ। ਕਈ ਸਾਬਕਾ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦਾ ਸ਼ਿਕੰਜਾ ਕੱਸਿਆ ਗਿਆ ਹੈ ਤਾਂ ਦੂਜੇ ਪਾਸੇ ਕਈ ਅਧਿਕਾਰੀਆਂ ਦੇ ਉੱਪਰ ਵੀ ਭ੍ਰਿਸ਼ਟਾਚਾਰ ਸਬੰਧੀ ਜਾਂਚ ਦਾ ਕੰਮ ਤੇਜ਼ ਕੀਤਾ ਗਿਆ ਹੈ। ਵਿਜੀਲੈਂਸ ਅੱਜਕਲ੍ਹ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਚੀਫ਼ ਵਿਜੀਲੈਂਸ ਡਾਇਰੈਕਟਰ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਅਨੁਸਾਰ ਹਨ :

ਪ੍ਰ. ਭ੍ਰਿਸ਼ਟਾਚਾਰ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਭ੍ਰਿਸ਼ਟਾਚਾਰ ’ਚ ਕਿੰਨੀ ਕਮੀ ਆਈ ਹੈ?
—ਭ੍ਰਿਸ਼ਟਾਚਾਰ ’ਚ ਕਿੰਨੀ ਕਮੀ ਆਈ ਹੈ, ਇਸ ਬਾਰੇ ਸਪੱਸ਼ਟ ਤੌਰ ’ਤੇ ਕੁਝ ਕਹਿਣਾ ਸੰਭਵ ਨਹੀਂ ਹੈ। ਇਸ ਦਾ ਅੰਦਾਜ਼ਾ ਤਾਂ ਜਨਤਾ ਹੀ ਲਗਾ ਸਕਦੀ ਹੈ ਪਰ ਇੰਨਾ ਜ਼ਰੂਰ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਜੋ ਸੁਨੇਹਾ ਮੁੱਖ ਮੰਤਰੀ ਵੱਲੋਂ ਦਿਤਾ ਗਿਆ ਸੀ, ਉਸ ਦਾ ਅਸਰ ਹੇਠਲੇ ਪੱਧਰ ਤਕ ਚਲਾ ਗਿਆ ਹੈ।

ਪ੍ਰ. ਕੀ ਭ੍ਰਿਸ਼ਟਾਚਾਰ ਸਬੰਧੀ ਅਧਿਕਾਰੀ ਵੀ ਜਵਾਬਦੇਹ ਹੋਏ ਹਨ?
—ਭ੍ਰਿਸ਼ਟਾਚਾਰ ਨੂੰ ਲੈ ਕੇ ਅਧਿਕਾਰੀ ਵੀ ਜਵਾਬਦੇਹ ਹੋ ਗਏ ਹਨ। ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਜੋ ਵੀ ਉਹ ਫੈਸਲਾ ਲੈਣਗੇ, ਉਸ ਦੇ ਲਈ ਉਨ੍ਹਾਂ ਨੂੰ ਕਿਸੇ ਨਾ ਕਿਸੇ ਦਿਨ ਜਵਾਬਦੇਹ ਜ਼ਰੂਰ ਹੋਣਾ ਪਵੇਗਾ। ਜੇ ਕਿਸੇ ਦਾ ਅੱਜ ਨੰਬਰ ਨਹੀਂ ਲੱਗਦਾ ਤਾਂ ਕੱਲ ਨੂੰ ਲੱਗ ਸਕਦਾ ਹੈ। ਇਸ ਲਈ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ’ਚ ਇਸ ਵਿਚ ਹੋਰ ਸੁਧਾਰ ਵਿਖਾਈ ਦੇਵੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ ਬਿਜਲੀ ਦੀ ਕਮੀ ਨਹੀਂ ਹੋਈ, ਥਰਮਲ ਪਲਾਂਟਾਂ ਨੂੰ ਹੋਰ ਮਜ਼ਬੂਤ ਬਣਾਵਾਂਗੇ: ਭਗਵੰਤ ਮਾਨ

ਪ੍ਰ. ਭ੍ਰਿਸ਼ਟਾਚਾਰ ਸਬੰਧੀ ਤੁਸੀਂ ਦੋ ਸ਼ਬਦਾਂ ’ਚ ਕੀ ਕਹਿਣਾ ਚਾਹੋਗੇ?
—ਡਰ ਦੀ ਭਾਵਨਾ ਪੈਦਾ ਹੋਈ ਹੈ।

ਪ੍ਰ. ਪਹਿਲਾਂ ਸਰਕਾਰੀ ਵਿਭਾਗਾਂ ਦੇ ਮੁਖੀਆਂ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਕੇਸਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਸੀ। ਹੁਣ ਹਾਲਾਤ ਕਿਹੋ ਜਿਹੇ ਹਨ?
—ਇਹ ਸਹੀ ਹੈ ਕਿ ਪਹਿਲਾਂ ਸ਼ਿਕਾਇਤ ਨਾਲ ਸਬੰਧਤ ਕੇਸ ਸਰਕਾਰੀ ਵਿਭਾਗਾਂ ਦੇ ਮੁਖੀਆਂ ਕੋਲ ਹੀ ਪਏ ਰਹਿ ਜਾਂਦੇ ਸਨ। ਉਨ੍ਹਾਂ ਨੂੰ ਮਨਜ਼ੂਰੀ ਦੇਣ ’ਚ ਕਾਫ਼ੀ ਦੇਰੀ ਹੁੰਦੀ ਸੀ। ਹੁਣ ਮੁੱਖ ਮੰਤਰੀ ਨੇ ਖ਼ੁਦ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਵੀ ਇਸ ਵਿਚ ਦਿਲਚਸਪੀ ਵਿਖਾਈ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਨੂੰ ਰੋਕਿਆ ਨਾ ਜਾਵੇ।

ਪ੍ਰ. ਭ੍ਰਿਸ਼ਟਾਚਾਰ ਸਬੰਧੀ ਸਾਬਕਾ ਮੰਤਰੀਆਂ ਖਿਲਾਫ ਕੇਸ ਦਰਜ ਹੋਏ ਹਨ। ਕੀ ਇਹ ਕੇਸ ਅੰਜਾਮ ਤਕ ਪਹੁੰਚ ਸਕਣਗੇ?
—ਸਾਡੀ ਪੂਰੀ ਕੋਸ਼ਿਸ਼ ਹੈ ਕਿ ਵਿਜੀਲੈਂਸ ਬਿਊਰੋ ਨੇ ਜੋ ਕੇਸ ਦਰਜ ਕੀਤੇ ਹਨ, ਉਨ੍ਹਾਂ ਨੂੰ ਅੰਜਾਮ ਤਕ ਪਹੁੰਚਾਇਆ ਜਾਵੇ। ਅਸੀਂ ਭਾਰਤ ਭੂਸ਼ਣ ਆਸ਼ੂ ਦੇ ਕੇਸ ’ਚ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ। ਹੁਣ ਇਨ੍ਹਾਂ ਕੇਸਾਂ ਦੀ ਪੈਰਵੀ ਵਿਜੀਲੈਂਸ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਅਦਾਲਤ ਵਿਚ ਟ੍ਰਾਇਲ ਲੰਬੇ ਚੱਲਦੇ ਹਨ ਜਿਸ ਕਾਰਨ ਅਜਿਹੇ ਮਾਮਲਿਆਂ ’ਚ ਤੁਰੰਤ ਫੈਸਲੇ ਨਹੀਂ ਆਉਂਦੇ। ਇਸ ਨੂੰ ਵੇਖਦਿਆਂ ਹੀ ਅਸੀਂ ਸਾਰੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਦੀ ਪੈਰਵੀ ਅਸਰਦਾਰ ਢੰਗ ਨਾਲ ਕੀਤੀ ਜਾਵੇ।

ਇਹ ਵੀ ਪੜ੍ਹੋ : ਭਾਰਤੀ ਇੰਜੀਨੀਅਰ ਦੀ ਕਮਾਲ ਦੀ ਕਹਾਣੀ, ਐਂਬੂਲੈਂਸ ਤੋਂ ਪਹਿਲਾਂ ਪਹੁੰਚ ਬ੍ਰਿਟਿਸ਼ ਨਾਗਰਿਕਾਂ ਦੀ ਕੀਤੀ ਸੀ ਮਦਦ

ਪ੍ਰ. ਸਿੰਚਾਈ ਘਪਲਾ ਕਾਫੀ ਪੁਰਾਣਾ ਸੀ। ਕੀ ਤੁਸੀਂ ਸਮਝਦੇ ਹੋ ਕਿ ਇੰਨੇ ਗੈਪ ਤੋਂ ਬਾਅਦ ਇਸ ਮਾਮਲੇ ਦੀ ਮੁ਼ੜ ਜਾਂਚ ਹੋਣੀ ਚਾਹੀਦੀ ਸੀ?
–ਸਿੰਚਾਈ ਘਪਲੇ ਸਬੰਧੀ ਕੇਸ ਤਾਂ ਪਹਿਲਾਂ ਹੀ ਵਿਜੀਲੈਂਸ ਕੋਲ ਸੀ। ਸਿਰਫ਼ ਜਾਂਚ ਦਾ ਕੰਮ ਰੋਕਿਆ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਚਾਈ ਘਪਲੇ ਦੀ ਫਾਈਲ ਨੂੰ ਵੀ ਕਲੀਅਰ ਕਰ ਦਿੱਤਾ ਹੈ। ਬਾਅਦ ’ਚ ਵਿਜੀਲੈਂਸ ਨੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਬਕਾ ਅਕਾਲੀ ਮੰਤਰੀਆਂ ਕੋਲੋਂ ਵੀ ਤੱਥਾਂ ਸਬੰਧੀ ਪੁੱਛਗਿੱਛ ਕੀਤੀ ਗਈ ਹੈ। ਇਸ ਮਾਮਲੇ ਵਿਚ ਜਿਵੇਂ-ਜਿਵੇਂ ਸਬੂਤ ਸਾਹਮਣੇ ਆਉਂਦੇ ਜਾਣਗੇ, ਤਿਵੇਂ-ਤਿਵੇਂ ਕੇਸ ਨੂੰ ਅੱਗੇ ਵਧਾਇਆ ਜਾਵੇਗਾ। ਅਸੀਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਵੀ ਅਗਾਊਂ ਧਾਰਨਾ ’ਚ ਨਾ ਪੈਣ ਅਤੇ ਨਿਰਪੱਖ ਢੰਗ ਨਾਲ ਇਸ ਘਪਲੇ ਦੀ ਜਾਂਚ ਕਰਨ।

ਪ੍ਰ. ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸ਼ਾਮ ਸੁੰਦਰ ਅਰੋੜਾ ਨਾਲ ਸਬੰਧਤ ਕਈ ਹੋਰ ਮਾਮਲੇ ਵੀ ਚਰਚਾ ’ਚ ਰਹੇ ਹਨ। ਕੀ ਉਨ੍ਹਾਂ ਦੀ ਵੀ ਜਾਂਚ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ?
—ਭਾਰਤ ਭੂਸ਼ਣ ਆਸ਼ੂ ਵਿਰੁੱਧ ਇਕ ਕੇਸ ਦਰਜ ਹੋਣ ਤੋਂ ਬਾਅਦ ਕਈ ਹੋਰ ਸਮਾਨਾਂਤਰ ਮਾਮਲਿਆਂ ਦੀ ਜਾਂਚ ਵੀ ਚੱਲ ਰਹੀ ਹੈ। ਅਜੇ ਇਸ ਮਾਮਲੇ ’ਚ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸੇ ਤਰ੍ਹਾਂ ਸ਼ਾਮ ਸੁੰਦਰ ਅਰੋੜਾ ਵਿਰੁੱਧ 50 ਲੱਖ ਰੁਪਏ ਦੀ ਰਿਸ਼ਵਤ ਦਾ ਮਾਮਲਾ ਦਰਜ ਹੈ। ਉਨ੍ਹਾਂ ਨਾਲ ਜੁੜਿਆ ਪਲਾਟਾਂ ਦਾ ਮਾਮਲਾ ਵੀ ਜਾਂਚ ਅਧੀਨ ਹੈ।

ਪ੍ਰ. ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਕੁਝ ਹੋਰ ਮੰਤਰੀਆਂ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਹੈ, ਕੀ ਤੁਸੀਂ ਉਨ੍ਹਾਂ ਦੇ ਨਾਂ ਦੱਸੋਗੇ?
—ਇਹ ਸਹੀ ਹੈ ਕਿ ਕੁਝ ਹੋਰ ਸਾਬਕਾ ਮੰਤਰੀਆਂ ਖਿਲਾਫ ਵੀ ਜਾਂਚ ਦਾ ਕੰਮ ਚੱਲ ਰਿਹਾ ਹੈ। ਫਿਲਹਾਲ ਕਿਸੇ ਦਾ ਵੀ ਨਾਂ ਜਨਤਕ ਤੌਰ ’ਤੇ ਦੱਸਣਾ ਸਹੀ ਨਹੀਂ ਰਹੇਗਾ। ਹਰ ਵਿਅਕਤੀ ਦੀ ਇੱਜ਼ਤ ਦਾ ਸਵਾਲ ਵੀ ਹੁੰਦਾ ਹੈ। ਅਸੀਂ ਜਲਦਬਾਜ਼ੀ ਵਿਚ ਕੁਝ ਵੀ ਜਨਤਕ ਤੌਰ ’ਤੇ ਕਹਿਣਾ ਨਹੀਂ ਚਾਹਾਂਗੇ।

ਪ੍ਰ. ਵਿਜੀਲੈਂਸ ਦੇ ਕੇਸ ਲਗਾਤਾਰ ਵਧ ਰਹੇ ਹਨ। ਕੀ ਵਿਜੀਲੈਂਸ ਕੋਲ ਲੋੜੀਂਦੀ ਗਿਣਤੀ ’ਚ ਅਧਿਕਾਰੀ ਤੇ ਸਟਾਫ਼ ਹੈ?
—ਵਿਜੀਲੈਂਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਕਿਉਂਕਿ ਜਨਤਾ ਅੰਦਰ ਜਾਗਰੂਕਤਾ ਪੈਦਾ ਹੋਈ ਹੈ। ਜਨਤਾ ਵੀ ਭ੍ਰਿਸ਼ਟਾਚਾਰ ਸਬੰਧੀ ਸ਼ਿਕਾਇਤਾਂ ਭੇਜ ਰਹੀ ਹੈ। ਵਿਜੀਲੈਂਸ ਨੂੰ ਹੋਰ ਜ਼ਿਆਦਾ ਅਧਿਕਾਰੀ ਤੇ ਸਟਾਫ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਗਈ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਵੱਲੋਂ ਵਿਜੀਲੈਂਸ ਨੂੰ ਹੋਰ ਸਟਾਫ ਮੁਹੱਈਆ ਕਰਵਾ ਦਿੱਤਾ ਜਾਵੇਗਾ।

ਪ੍ਰ. ਕੀ ਵਿਜੀਲੈਂਸ ਉੱਪਰ ਸਭ ਤੋਂ ਵੱਡਾ ਐਕਸ਼ਨ ਲੈਣ ਵੇਲੇ ਅਧਿਕਾਰੀਆਂ ’ਤੇ ਦਬਾਅ ਨਹੀਂ ਰਹਿੰਦਾ?
—ਜਿਸ ਨੇ ਈਮਾਨਦਾਰੀ ਨਾਲ ਕੰਮ ਕਰਨਾ ਹੈ ਉਹ ਕਦੇ ਦਬਾਅ ’ਚ ਨਹੀਂ ਆਉਂਦਾ। ਜੇ ਕਿਸੇ ਨੇ ਗਲਤ ਕੰਮ ਕੀਤਾ ਹੈ ਤਾਂ ਉਸ ਵਿਰੁੱਧ ਐਕਸ਼ਨ ਵੀ ਹੋਵੇਗਾ ਅਤੇ ਉਸ ਨੂੰ ਜਨਤਾ ਸਾਹਮਣੇ ਲਿਆਉਣਾ ਸਾਡੀ ਜ਼ਿੰਮੇਵਾਰੀ ਵੀ ਹੈ। ਜੇ ਅਸੀਂ ਮਨੋਵਿਗਿਆਨਕ ਦਬਾਅ ’ਚ ਆ ਕੇ ਕੰਮ ਨਹੀਂ ਕਰਾਂਗੇ ਤਾਂ ਫਿਰ ਸਮਾਜ ਵਿਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਿਵੇਂ ਕਰ ਸਕਾਂਗੇ?

ਇਹ ਵੀ ਪੜ੍ਹੋ : ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News