ਪੰਜਾਬ ''ਚ ਪਟਾਕਾ ਫੈਕਟਰੀ ਧਮਾਕੇ ਦੀ ਵਾਇਰਲ ਵੀਡੀਓ ਦੀ ਸੱਚਾਈ ਆਈ ਸਾਹਮਣੇ
Sunday, Sep 08, 2019 - 09:09 PM (IST)

ਜਲੰਧਰ (ਏਜੰਸੀ)- ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਦੇ ਬਟਾਲਾ ਵਿਚ ਹੋਏ ਪਟਾਕਾ ਫੈਕਟਰੀ ਦੇ ਧਮਾਕੇ ਦੀ ਵੀਡੀਓ ਹੈ। ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਇਲਾਕੇ ਵਿਚ ਅਚਾਨਕ ਇਕ ਤੇਜ਼ ਬੰਬ ਧਮਾਕਾ ਹੋ ਜਾਂਦਾ ਹੈ। ਇਸ ਵੀਡੀਓ ਨੂੰ ਹੁਣ ਤੱਕ ਕਈ ਲੋਕਾਂ ਵਲੋਂ ਬਟਾਲਾ ਪਟਾਕਾ ਫੈਕਟਰੀ ਧਮਾਕਾ ਦੱਸ ਕੇ ਸ਼ੇਅਰ ਕੀਤਾ ਜਾ ਚੁੱਕਾ ਹੈ। ਦਰਅਸਲ ਇਹ ਵੀਡੀਓ ਭਾਰਤ ਦੀ ਨਹੀਂ ਸਗੋਂ ਸੀਰੀਆ ਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਧਮਾਕੇ ਦੀ ਇਹ ਵੀਡੀਓ ਸੀਰੀਆ ਦੇ ਅਲੇਪੋ ਸ਼ਹਿਰ ਦੀ ਹੈ।
ਰਿਪੋਰਟ ਮੁਤਾਬਕ ਭਿਆਨਕ ਬੰਬ ਧਮਾਕਾ 2014 ਵਿਚ ਸੀਰੀਆ ਦੇ ਅਲੇਪੋ ਸਥਿਤ ਕਾਰਲਟਨ ਸਿਟਾਡੇਲ ਹੋਟਲ ਵਿਚ ਹੋਇਆ ਸੀ। ਇਸ ਹੋਟਲ ਨੂੰ ਸੀਰੀਆ ਦੇ ਫੌਜੀ ਮਿਲਟਰੀ ਬੇਸ ਦੇ ਤੌਰ 'ਤੇ ਇਸਤੇਮਾਲ ਕਰਦੇ ਸਨ। ਧਮਾਕੇ ਵਿਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਸੀ। ਉਸ ਸਮੇਂ ਛਪੀ ਮੀਡੀਆ ਰਿਪੋਰਟਸ ਮੁਤਾਬਕ ਇਹ ਹਮਲਾ ਸੀਰੀਆ ਦੇ ਕੁਝ ਬਾਗੀਆਂ ਨੇ ਕੀਤਾ ਸੀ। ਦੱਸਣਯੋਗ ਹੈ ਕਿ ਪੰਜਾਬ ਦੇ ਬਟਾਲਾ ਵਿਚ ਪਟਾਕਾ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿਚ 24 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਇਸ ਧਮਾਕੇ ਵਿਚ ਜ਼ਖਮੀ ਹੋ ਗਏ ਸਨ।