ਵਟਸਐਪ ''ਤੇ ਵਾਇਰਲ ਹੋਏ ਕੋਚ ਤੇ ਖਿਡਾਰਨ ਦੇ ਅਸ਼ਲੀਲ ਮੈਸੇਜ

04/03/2018 6:42:33 AM

ਚੰਡੀਗੜ੍ਹ, (ਸਾਜਨ)- ਪੰਜਾਬ ਯੂਨੀਵਰਸਿਟੀ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਫਟਬਾਲ ਟੂਰਨਾਮੈਂਟ ਵਿਚ ਦੂਸਰਾ ਸਥਾਨ ਦਿਵਾਉਣ ਵਾਲੇ ਕੋਚ ਪ੍ਰਮੋਦ ਤੇ ਟੀਮ ਦੀ ਖਿਡਾਰਨ ਦੇ ਵਟਸਐਪ 'ਤੇ ਅਸ਼ਲੀਲ ਮੈਸੇਜਾਂ ਦਾ ਆਦਾਨ-ਪ੍ਰਦਾਨ ਸੋਸ਼ਲ ਮੀਡੀਆ 'ਤੇ ਜਨਤਕ ਹੋ ਗਿਆ ਹੈ। ਹਾਲਾਂਕਿ ਅਜੇ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਹੈ। ਉਥੇ ਹੀ ਕੋਚ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤੇ ਇਹ ਸਪੋਰਟਸ ਵਿਭਾਗ ਦੀ ਰਾਜਨੀਤੀ ਦਾ ਨਤੀਜਾ ਹੈ। ਪੰਜਾਬ ਯੂਨੀਵਰਸਿਟੀ ਤੇ ਇਸ ਦਾ ਸਪੋਰਟਸ ਵਿਭਾਗ ਇਸ ਮਾਮਲੇ 'ਤੇ ਚੁੱਪ ਹੈ। ਨਾ ਤਾਂ ਪੁਲਸ ਨੂੰ ਕੋਈ ਸ਼ਿਕਾਇਤ ਦਿੱਤੀ ਜਾ ਰਹੀ ਹੈ ਤੇ ਨਾ ਹੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਸਭ ਕੌਣ ਕਰ ਰਿਹਾ ਹੈ? 
ਡਾਇਰੈਕਟਰ ਬੋਲੇ-ਗੱਲ ਮੇਰੇ ਨੋਟਿਸ 'ਚ ਨਹੀਂ
ਇਸੇ ਕੋਚ ਦੀ ਦੇਖ-ਰੇਖ ਵਿਚ ਅੰਮ੍ਰਿਤਸਰ ਵਿਚ 6 ਤੋਂ 8 ਮਾਰਚ ਵਿਚਕਾਰ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਪੰਜਾਬ ਯੂਨੀਵਰਸਿਟੀ ਦੀ ਸਾਫਟਬਾਲ ਟੀਮ ਨੂੰ ਦੂਸਰਾ ਸਥਾਨ ਹਾਸਲ ਹੋਇਆ ਸੀ। ਸਪੋਰਟਸ ਡਾਇਰੈਕਟਰ ਪਰਵਿੰਦਰ ਸਿੰਘ ਕਹਿ ਰਹੇ ਹਨ ਕਿ ਉਨ੍ਹਾਂ ਦੇ ਨੋਟਿਸ ਵਿਚ ਵਟਸਐਪ 'ਤੇ ਸੰਦੇਸ਼ ਚੱਲਣ ਦੀ ਗੱਲ ਤਾਂ ਆਈ ਹੈ ਪਰ ਕੋਚ ਦੇ ਖਿਲਾਫ ਯੌਨ ਸ਼ੋਸ਼ਣ ਦੀ ਵੀ. ਸੀ. ਜਾਂ ਕਿਸੇ ਹੋਰ ਅਥਾਰਟੀ ਨੂੰ ਸ਼ਿਕਾਇਤ ਦੀ ਕੋਈ ਜਾਣਕਾਰੀ ਨਹੀਂ ਹੈ। ਖੁਦ ਕੋਚ ਵੀ ਪੂਰੇ ਮਾਮਲੇ ਨੂੰ ਲੈ ਕੇ ਚੁੱਪ ਹਨ। ਵਟਸਐਪ 'ਤੇ ਜੋ ਮੈਸੇਜ ਚੱਲ ਰਹੇ ਹਨ, ਉਸ ਵਿਚ ਨਾ ਸਿਰਫ ਸਾਫਟਬਾਲ ਟੀਮ ਦੇ ਕੋਚ ਦੀ, ਸਗੋਂ ਲੁਧਿਆਣਾ ਦੇ ਜੀ. ਐੱਨ. ਡਬਲਿਊ. ਕਾਲਜ ਦੀ ਵਿਦਿਆਰਥਣ ਦਾ ਅਕਸ ਖਰਾਬ ਹੋਇਆ ਹੈ। ਕੋਚ ਦੀ ਫੋਟੋ ਲਾ ਕੇ ਇਨ੍ਹਾਂ ਮੈਸੇਜਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬਾਬਤ ਕੋਚ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਕਿਸੇ ਹੋਰ ਨੇ ਪਰਸਨਲ ਮੈਸੇਜ ਉਨ੍ਹਾਂ ਦੇ ਨਾਮ ਨਾਲ ਵਾਇਰਲ ਕੀਤੇ ਹਨ। ਪੰਜਾਬ ਯੂਨੀਵਰਸਿਟੀ ਦੇ ਸਪੋਰਟਸ ਡਿਪਾਰਟਮੈਂਟ ਵਿਚ ਜ਼ਬਰਦਸਤ ਰਾਜਨੀਤੀ ਹੈ। ਦੂਸਰੇ ਕੋਚ ਉਨ੍ਹਾਂ ਖਿਡਾਰੀਆਂ ਨੂੰ ਭੜਕਾ ਦਿੰਦੇ ਹਨ, ਜਿਨ੍ਹਾਂ ਦੀ ਚੋਣ ਨਹੀਂ ਹੁੰਦੀ। 
ਮੇਰਾ ਤਾਂ ਹਫਤਾ ਪਹਿਲਾਂ ਵਿਆਹ ਹੋਇਆ ਹੈ : ਕੋਚ 
ਕੋਚ ਪ੍ਰਮੋਦ ਨੇ ਦੱਸਿਆ ਕਿ ਟੀਮ ਦੇ 18 ਮੈਂਬਰ 6 ਤੋਂ 8 ਮਾਰਚ ਤਕ ਅੰਮ੍ਰਿਤਸਰ ਵਿਚ ਹੋਏ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਗਏ ਸਨ। ਅਕਸਰ ਮੈਚ ਤੋਂ ਪਹਿਲਾਂ ਖਿਡਾਰੀ ਥੋੜ੍ਹਾ ਰੈਸਟਲੈਸ ਹੁੰਦੇ ਹਨ। ਇਥੇ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਅਧਿਕਾਰੀ ਇੰਦਰਵੀਰ ਨੇ ਕਿਹਾ ਕਿ ਪ੍ਰਮੋਦ ਤੂੰ ਆਪਣੀ ਟੀਮ ਦੇ ਸਾਰੇ ਮੈਂਬਰਾਂ ਦੇ ਫੋਨ ਜੇਕਰ ਰਖਵਾ ਲਵੇਂ ਤਾਂ ਇਹ ਬਿਹਤਰ ਰਿਜ਼ਲਟ ਦੇ ਸਕਦੇ ਹਨ, ਨਹੀਂ ਤਾਂ ਰਾਤ ਭਰ ਫੋਨ 'ਤੇ ਬਿਜ਼ੀ ਰਹਿਣਗੇ। ਇਸੇ ਮਗਰੋਂ ਟੀਮ ਦੇ ਸਾਰੇ ਖਿਡਾਰੀਆਂ ਨੂੰ ਹੀ ਫੋਨ ਲੈ ਕੇ ਇਕ ਥਾਂ ਰੱਖਣ ਲਈ ਕਹਿ ਦਿੱਤਾ। ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਪਰ ਇਸੇ ਦੌਰਾਨ ਖੇਲ ਹੋ ਗਿਆ। ਕਿਸੇ ਨੇ ਵੱਖ ਰੱਖੇ ਫੋਨਾਂ ਦੇ ਸਕ੍ਰੀਨ ਸ਼ਾਟ ਲੈ ਕੇ ਮੇਰੇ ਨਾਮ 'ਤੇ ਫੋਟੋ ਨਾਲ ਮੈਸੇਜ ਵਾਇਰਲ ਕਰਨੇ ਸ਼ੁਰੂ ਕਰ ਦਿੱਤੇ। ਅਜੇ ਹਫਤਾ ਪਹਿਲਾਂ ਹੀ ਮੇਰਾ ਵਿਆਹ ਹੋਇਆ ਹੈ ਤੇ ਇਸ ਤਰ੍ਹਾਂ ਦੇ ਸੰਦੇਸ਼ ਮੇਰੇ ਵਿਆਹੁਤਾ ਜੀਵਨ 'ਤੇ ਵੀ ਅਸਰ ਪਾ ਸਕਦੇ ਹਨ। ਇਸ ਸਮੇਂ ਕਾਫੀ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ ਤੇ ਜਲਦੀ ਹੀ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਾਂਗੇ।


Related News