ਡਾਕਟਰ ਖਿਲਾਫ ਕੀਤੀ ਹਿੰਸਾ ਤਾਂ 3 ਸਾਲਾਂ ਲਈ ਜਾਵੋਗੇ ''ਜੇਲ''
Tuesday, Jun 25, 2019 - 04:25 PM (IST)

ਚੰਡੀਗੜ੍ਹ (ਸਾਜਨ) : ਚੰਡੀਗੜ੍ਹ 'ਚ ਹੁਣ ਡਾਕਟਰਾਂ ਖਿਲਾਫ ਹਿੰਸਾ, ਕੁੱਟਮਾਰ ਜਾਂ ਹਸਪਤਾਲ 'ਚ ਕਿਸੇ ਨੇ ਡੈਮੇਜ ਦੀ ਕੋਸ਼ਿਸ਼ ਕੀਤੀ ਤਾਂ ਅਜਿਹਾ ਕਰਨ ਵਾਲੇ ਨੂੰ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਜੇਲ 'ਚ ਗੁਜ਼ਾਰਨਾ ਪੈ ਸਕਦਾ ਹੈ। ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਏ ਹਮਲੇ ਤੋਂ ਬਾਅਦ ਪ੍ਰਸ਼ਾਸਨ ਨੇ ਚੰਡੀਗੜ੍ਹ 'ਚ ਵੀ ਡਾਕਟਰਾਂ ਨੂੰ ਵੱਡੇ ਪੱਧਰ 'ਤੇ ਰਾਹਤ ਦੇਣ ਦੀਆਂ ਕੋਸ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ।
ਡਾਕਟਰਾਂ ਖਿਲਾਫ ਹਿੰਸਾ ਤੇ ਹਸਪਤਾਲਾਂ 'ਚ ਪ੍ਰਾਪਰਟੀ ਡੈਮੇਜ ਨੂੰ ਰੋਕਣ ਸਬੰਧੀ 'ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸਿਜ਼ ਪ੍ਰਸਨਜ਼ ਐਂਡ ਮੈਡੀਕੇਅਰ ਸਰਵਿਸਿਜ਼ ਇੰਸਟੀਚਿਊਸ਼ਨਜ਼ ਪ੍ਰੀਵੈਂਸ਼ਨ ਆਫ ਵਾਇਲੈਂਸ ਐਂਡ ਡੈਮੇਜ ਆਫ ਪ੍ਰਾਪਰਟੀ ਐਕਟ-2008' ਨੂੰ ਲਾਗੂ ਕਰਨ ਦੀ ਤਿਆਰੀ ਹੈ। ਇਸ ਐਕਟ ਦੀਆਂ ਵਿਵਸਥਾਵਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜਿਆ ਜਾ ਰਿਹਾ ਹੈ। ਜਡੇਕਰ ਉੱਥੋਂ ਮੋਹਰ ਲੱਗ ਗਈ ਤਾਂ ਯੂ. ਟੀ. 'ਚ ਵੀ ਐਕਟ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। ਡਾਕਟਰਾਂ ਖਿਲਾਫ ਹਿੰਸਾ ਤੇ ਪ੍ਰਾਪਰਟੀ ਡੈਮੇਜ ਕਰਨ ਨੂੰ ਲੈ ਕੇ ਐਕਟ 'ਚ ਪਹਿਲਾਂ ਇਕ ਸਾਲ ਦੀ ਸਜ਼ਾ ਦੀ ਵਿਵਸਥਾ ਹੈ ਪਰ ਹੁਣ ਇਸ ਨੂੰ ਤਿੰਨ ਸਾਲ ਕਰਨ ਦੀ ਤਿਆਰੀ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਆਪਣੀ ਰਾਏ ਦੇਵੇਗੀ ਕਿ ਅਜਿਹਾ ਕੀਤਾ ਜਾ ਸਕਦਾ ਹੈ ਜਾਂ ਨਹੀਂ।