''ਨਹੀਂ ਮਿਲੇਗੀ ਪੀ. ਆਰ., ਨਾ ਜਾਓ ਯੂ. ਕੇ., ਪਹਿਲਾਂ ਹੀ ਲੋਕਾਂ ਦੀ ਮਿਹਨਤ ਦੀ ਕਮਾਈ ਡੁੱਬ ਚੁੱਕੀ ਹੈ''

11/25/2019 5:31:24 PM

ਜਲੰਧਰ (ਸੁਧੀਰ) : ਦੂਜੇ ਪਾਸੇ ਵੀਜ਼ਾ ਮਾਹਿਰ ਵਿਨੇ ਹਰੀ ਨੇ ਦੱਸਿਆ ਕਿ ਯੂ. ਕੇ. 'ਚ ਵਿਦਿਆਰਥੀ ਨਾ ਜਾਣ ਕਿੳੁਂਕਿ ਉਥੇ ਗਏ ਵਿਦਿਆਰਥੀਆਂ ਨੂੰ ਪੀ. ਆਰ. ਮਿਲਣੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਵੀ ਯੂ. ਕੇ. ਗਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹੱਥ ਨਿਰਾਸ਼ਾ ਹੀ ਲੱਗੀ ਕਿੳੁਂਕਿ ਯੂ. ਕੇ. ਸਰਕਾਰ ਵਲੋਂ ਉੱਥੇ ਫਰਜ਼ੀਵਾੜਾ ਸਾਹਮਣੇ ਆਉਣ 'ਤੇ ਉਥੇ ਦੇ ਸੈਂਕੜੇ ਪ੍ਰਾਈਵੇਟ ਕਾਲਜਾਂ ਦੇ ਲਾਇਸੈਂਸ ਸਰਕਾਰ ਨੇ ਸਸਪੈਂਡ ਕਰ ਦਿੱਤੇ ਸਨ ਜਿਸ ਕਾਰਨ ਪੜ੍ਹਾਈ ਕਰਨ ਦੀ ਨੀਅਤ ਨਾਲ ਗਏ ਸੈਂਕੜੇ ਵਿਦਿਆਰਥੀਆਂ ਅਤੇ ਗਰੀਬ ਵਰਗ ਦੀ ਮਿਹਨਤ ਦੀ ਕਮਾਈ ਡੁੱਬ ਗਈ ਸੀ। ਉਨ੍ਹਾਂ ਦੱਸਿਆ ਕਿ ਆਈਲੈਟਸ 'ਚ 6 ਬੈਂਡ ਲੈਣ ਤੋਂ ਬਾਅਦ ਵਿਦਿਆਰਥੀ ਆਪਣਾ ਭਵਿੱਖ ਉਜਵਲ ਬਣਾਉਣ ਲਈ ਕੈਨੇਡਾ ਜਾਣ। ਉਨ੍ਹਾਂ ਨੇ ਦੱਸਿਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਉੱਥੇ ਪੀ. ਆਰ. ਵੀ ਮਿਲ ਸਕਦੀ ਹੈ।

ਵਿਦਿਆਰਥੀਆਂ ਦੀ ਹੋਵੇਗੀ ਹੁਣ ਇੰਟਰਵਿਯੂ : ਗੁਨਦੀਪ ਸਿੰਘ
ਗੁਰੂਕੁਲ ਗਲੋਬਲ ਸਰਵਿਸ ਦੇ ਐੱਮ. ਡੀ. ਗੁਨਦੀਪ ਸਿੰਘ ਨੇ ਦੱਸਿਆ ਕਿ ਯੂ. ਕੇ. 'ਚ ਹੁਣ ਅੰਗਰੇਜ਼ੀ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲੇਗਾ। ਉਨ੍ਹਾਂ ਦੱਸਿਆ ਕਿ ਯੂ. ਕੇ. ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਆਈਲੈਟਸ ਟੈਸਟ 'ਚ 6 ਬੈਂਡ ਲੈਣੇ ਲਾਜ਼ਮੀ ਹੋਣਗੇ। ਜਿਸ ਤੋਂ ਬਾਅਦ ਅਰਜ਼ੀ ਅਪਲਾਈ ਕਰਨ ਤੋਂ ਬਾਅਦ ਦੂਤਘਰ ਵਲੋਂ ਵਿਦਿਆਰਥੀਆਂ ਨੂੰ ਟੈਲੀਫੋਨ 'ਤੇ ਇੰਟਰਵਿਊ ਕਾਲ ਵੀ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਯੂ. ਕੇ. ਦਾ ਨੰਬਰ ਦੇਖ ਕੇ ਕਈ ਵਿਦਿਆਰਥੀ ਫੋਨ ਨਹੀਂ ਚੁੱਕਦੇ। ਉਕਤ ਵਿਦਿਆਰਥੀਆਂ ਨੂੰ ਦੂਤਘਰ ਵਲੋਂ ਸਕਾਈਪ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਇੰਟਰਵਿਊ ਦੇਣ ਲਈ ਨਹੀਂ ਜਾਂਦਾ ਤਾਂ ਉਕਤ ਵਿਦਿਆਰਥੀ ਦੀ ਅਰਜ਼ੀ 320 (ਡੀ) ਤਹਿਤ ਦੂਤਘਰ ਵਲੋਂ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੂਨੀਵਸਰਟੀਜ਼ ਨੇ ਸਾਫ਼ ਕਿਹਾ ਕਿ ਜੇਕਰ ਕਿਸੇ ਵੀ ਵਿਦਿਆਰਥੀ ਦੀ 320 (ਡੀ) ਤਹਿਤ ਅਰਜ਼ੀ ਰੱਦ ਹੁੰਦੀ ਹੈ ਤਾਂ ਉਕਤ ਵਿਦਿਆਰਥੀਆਂ ਦੀ ਯੂ. ਕੇ. ਦੀਆਂ ਯੂਨੀਵਸਰਟੀਜ਼ 'ਚ ਐਡਵਾਂਸ ਗਈ ਲੱਖਾਂ ਰੁਪਏ ਦੀ ਫੀਸ ਵੀ ਵਾਪਸ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਜੇਕਰ ਕਿਸੇ ਵਿਦਿਆਰਥੀ ਦੇ ਅਰਜ਼ੀ ਪੱਤਰ 'ਚ ਫਰਜ਼ੀ ਦਸਤਾਵੇਜ਼ ਪਾਏ ਗਏ ਤਾਂ ਉਕਤ ਵਿਦਿਆਰਥੀਆਂ ਨੂੰ ਯੂ. ਕੇ. ਸਰਕਾਰ ਵਲੋਂ 10 ਸਾਲ ਤੱਕ ਦਾ ਬੈਨ ਲਗਾ ਦਿੱਤਾ ਜਾਵੇਗਾ। ਉਨ੍ਹਾਂ ਨੇ ਸਾਫ ਕਿਹਾ ਕਿ ਵਿਦਿਆਰਥੀ ਉਥੇ ਪੜ੍ਹਾਈ ਕਰਨ ਦੀ ਨੀਅਤ ਨਾਲ ਜਾਣ, ਨਾਜਾਇਜ਼ ਤੌਰ 'ਤੇ ਕੰਮ ਕਰਨ ਦੀ ਨੀਅਤ ਨਾਲ ਨਾ ਜਾਣ ਅਤੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ ਨਹੀਂ ਤਾਂ ਬਾਅਦ 'ਚ ਤੁਹਾਨੂੰ ਨਿਰਾਸ਼ਾ ਦਾ ਸਾਹਮਣਾ ਕਰਣਾ ਪੈ ਸਕਦਾ ਹੈ ਕਿਉਂਕਿ ਪੜ੍ਹਾਈ ਕਰਨ ਗਏ ਬੱਚੇ ਨੂੰ ਪੜ੍ਹਾਈ ਦੇ ਨਾਲ ਪਾਰਟ ਟਾਈਮ ਕੰਮ ਕਰ ਕੇ ਆਪਣੇ ਅਗਲੇ ਸਾਲ ਦੀ ਫੀਸ ਅਤੇ ਆਪਣੇ ਖਾਣ-ਪੀਣ ਦਾ ਖਰਚਾ ਕੱਢਣਾ ਵੀ ਮੁਸ਼ਕਿਲ ਹੋ ਜਾਂਦਾ ਹੈ।


Anuradha

Content Editor

Related News