ਚਿੱਪ ਵਾਲਾ ਮੀਟਰ ਲਾਉਣ ਗਏ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਓ

Saturday, May 21, 2022 - 01:40 PM (IST)

ਚਿੱਪ ਵਾਲਾ ਮੀਟਰ ਲਾਉਣ ਗਏ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਓ

ਭੁੱਚੋ ਮੰਡੀ(ਨਾਗਪਾਲ) : ਪਿੰਡ ਭੁੱਚੋ ਖੁਰਦ ਵਿਖੇ ਚਿੱਪ ਵਾਲਾ ਮੀਟਰ ਲਾਉਣ ਗਏ ਬਿਜਲੀ ਮੁਲਾਜ਼ਮਾਂ ਦਾ ਪਿੰਡ ਵਾਸੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਘਿਰਾਓ ਕਰ ਲਿਆ। ਕਰੀਬ ਇਕ ਘੰਟਾ ਘਿਰਾਓ ਕਰਨ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀ ਜੇ. ਈ. ਵੱਲੋਂ ਆ ਕੇ ਚਿੱਪ ਵਾਲੇ ਮੀਟਰ ਨਾ ਲਾਉਣ ਦਾ ਭਰੋਸਾ ਦੇਣ ’ਤੇ ਘਿਰਾਓ ਸਮਾਪਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਤੋਂ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਭੁੱਚੋ ਖੁਰਦ ਕਮੇਟੀ ਦੀ ਸਕੱਤਰ ਹਰਪ੍ਰੀਤ ਕੌਰ ਸੱਗੂ ਨੇ ਦੱਸਿਆ ਬੀਤੇ ਦਿਨੀਂ ਪਿੰਡ ਭੁੱਚੋ ਖੁਰਦ ਵਿਚ ਬਿਜਲੀ ਵਾਲੇ ਚਿੱਪ ਮੀਟਰਾਂ ਦੇ ਵਿਰੋਧ ’ਚ ਭੁੱਚੋ ਖੁਰਦ ਦੀ ਬਾਜ਼ਾਰ ਵਾਲੀ ਧਰਮਸ਼ਾਲਾ ’ਚ ਸ਼ਿਕਾਇਤਕਰਤਾ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਬਿਜਲੀ ਦਾ ਲਗਾਤਾਰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਨੀਤੀ ਤਹਿਤ ਪੰਜਾਬ ਸਰਕਾਰ ਚਿੱਪ ਵਾਲੇ ਮੀਟਰ ਲਾਉਣ ’ਤੇ ਲੱਗੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਪੈਸੇ ਦਿਓ ਅਤੇ ਬਾਅਦ ਵਿਚ ਬਿਜਲੀ ਲਵੋ ਵਾਲੀ ਨੀਤੀ ਲੋਕਾਂ ਲਈ ਮਾਰੂ ਸਾਬਤ ਹੋਵੇਗੀ।

ਇਹ ਵੀ ਪੜ੍ਹੋ- ਸਕੂਟਰੀ ਤੋਂ ਡਿੱਗੀ ਔਰਤ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਮੌਤ

ਲੋਕਾਂ ਨੂੰ ਬਿਜਲੀ ਸਸਤੀ ਦੇਣ ਦੀ ਖ਼ਾਤਰ ਬਿਜਲੀ ਸੂਰਜ ਤੋਂ ਪੈਦਾ ਕੀਤੀ ਜਾਵੇ, ਪਣ ਬਿਜਲੀ ਤਿਆਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾ ਸਕੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 'ਆਪ' ਸਰਕਾਰ ਨਿੱਜੀਕਰਨ ਦੀ ਨੀਤੀਆਂ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰ ਰਹੀ ਹੈ। ਹਰ ਮਹਿਕਮੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਅਤੇ ਜਥੇਬੰਦੀਆਂ ਵੱਲੋਂ ਇਸ ਨਿੱਜੀਕਰਨ ਦੀ ਨੀਤੀ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ।
ਇਸ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਬੋਰਡ ਚਿੱਪ ਮੀਟਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਬਿਆਨ ਦੇ ਰਹੀ ਹੈ ਕਿ ਚਿੱਪ ਵਾਲੇ ਮੀਟਰ ਨਹੀਂ ਲਏ ਜਾਣਗੇ। ਦੂਜੇ ਪਾਸੇ ਪਿੰਡਾਂ ਵਿਚ ਧੜਾਧੜ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਇੰਜ. ਡੀ. ਪੀ. ਐੱਸ. ਗਰੇਵਾਲ ਵੱਲੋਂ ਟਾਵਰ ਡਿੱਗਣ ਦੇ ਮਾਮਲੇ ਵਿਚ ਐੱਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀ ਪਿੰਡ ਕਮੇਟੀ ਦੇ ਪ੍ਰਧਾਨ ਮਨਜੀਤ ਕੌਰ ਪਿਆਰੋ, ਮੀਤ ਪ੍ਰਧਾਨ ਗੁਰਮੇਲ ਕੌਰ, ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਕੌਰ, ਖਜ਼ਾਨਚੀ ਗੁਰਮੀਤ ਕੌਰ, ਕਰਮਜੀਤ ਕੌਰ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰ, ਕਿਰਤੀ ਕਿਸਾਨ ਯੂਨੀਅਨ ਪਿੰਡ ਕਮੇਟੀ ਦੇ ਆਗੂ ਸੁਖਮੰਦਰ ਸਰਾਭਾ, ਨੈਬੀ ਸੱਗੂ, ਬਾਵਾ ਸਿੰਘ, ਸੀਰਾ ਮੈਂਬਰ, ਸੁਰਜੀਤ ਸਿੰਘ, ਬਲਦੇਵ ਸਿੰਘ, ਗੁਰਲਾਲ ਨਾਗਰਾ, ਪੈਨਸ਼ਨ ਐਸੋਸੀਏਸ਼ਨ ਬਠਿੰਡਾ ਜ਼ਿਲ੍ਹਾ ਆਗੂ ਦਰਸ਼ਨ ਮੋੜ ਅਤੇ ਮਾਸਟਰ ਰਣਜੀਤ ਸਿੰਘ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News