ਲੀਕੇਜ ਕਾਰਨ ਗੰਦਾ ਪਾਣੀ ਪੀਣ ਲਈ ਮਜਬੂਰ ਪਿੰਡ ਵਾਸੀ

12/05/2017 5:02:43 AM

ਨਡਾਲਾ, (ਜ.ਬ.)- ਪਿੰਡ ਪਸੀਏਵਾਲ ਤੇ ਰਾਏਪੁਰ ਰਾਜਪੂਤਾਂ ਨੂੰ ਸਾਫ ਪਾਣੀ ਦੀ ਸਪਲਾਈ ਦੇਣ ਵਾਲੀ ਟੈਂਕੀ ਦਾ ਪਾਣੀ ਲੀਕ ਹੋਣ ਕਾਰਨ ਦੋਵਾਂ ਪਿੰਡਾਂ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ, ਜਿਸ ਕਾਰਨ ਕਿਸੇ ਭਿਆਨਕ ਬੀਮਾਰੀ ਦੇ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। 
ਜਾਣਕਾਰੀ ਅਨੁਸਾਰ ਲੰਘੇ ਕਾਫੀ ਦਿਨਾਂ ਤੋਂ ਟੈਂਕੀ ਤੋਂ ਪਾਣੀ ਦੀ ਸਪਲਾਈ ਦਿੰਦੇ ਮੁੱਖ ਪਾਈਪ ਦਾ ਮੇਨ ਗੇਟ ਵਾਲਵ ਲੀਕ ਕਰ ਰਿਹਾ ਹੈ, ਜਦੋਂ ਵੀ ਟੈਂਕੀ ਤੋਂ ਪਾਣੀ ਛੱਡਿਆ ਜਾਂਦਾ ਹੈ, ਪਾਣੀ ਦੀ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਸਪਲਾਈ ਬੰਦ ਕੀਤੀ ਜਾਂਦੀ ਹੈ, ਤਾਂ ਲੀਕ ਹੋਇਆ ਗੰਦਾ ਪਾਣੀ ਪਾਈਪਾਂ ਅੰਦਰ ਚਲਾ ਜਾਂਦਾ ਹੈ।
ਇਥੇ ਬਣਿਆ ਟੋਆ ਹਰ ਵੇਲੇ ਗੰਦੇ ਪਾਣੀ ਨਾਲ ਭਰਿਆ ਰਹਿੰਦਾ ਹੈ, ਇਥੋਂ ਕੁੱਤੇ ਆਦਿ ਪਾਣੀ ਪੀਂਦੇ ਹਨ। ਇਸ ਤੋਂ ਇਲਾਵਾ ਸਕੂਲ 'ਚ ਲੱਗੀ ਸਰਕਾਰੀ ਟੂਟੀ ਦਾ ਪਾਣੀ ਵੀ ਲੀਕ ਹੋ ਕੇ ਪਿੰਡ ਦੀ ਫਿਰਨੀ 'ਤੇ ਘੁੰਮਦਾ ਰਹਿੰਦਾ ਹੈ। ਇਸ ਸਬੰਧੀ ਪਿੰਡ ਵਾਸੀ ਮਨਪ੍ਰੀਤ ਸਿੰਘ ਸੋਢੀ, ਸੁਰਜੀਤ ਸਿੰਘ ਵਾਲੀਆ, ਗੌਰਵ ਤੇ ਹੋਰਨਾਂ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਵਿਭਾਗ ਦੇ ਟੈਂਕੀ ਆਪ੍ਰੇਟਰਾਂ ਨੂੰ ਕਿਹਾ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ। ਇਸ ਸਬੰਧੀ ਆਪ੍ਰੇਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਸਬੰਧਤ ਪਾਈਪ ਦਾ ਲੀਕ ਕਰ ਰਿਹਾ ਵਾਲਵ ਬਦਲੀ ਕਰ ਦਿੱਤਾ ਜਾਵੇਗਾ।


Related News