ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ
Saturday, Aug 19, 2017 - 02:40 AM (IST)
ਮੇਹਟੀਆਣਾ, (ਸੰਜੀਵ)- ਪਿੰਡ ਰਾਜਪੁਰ ਭਾਈਆਂ 'ਚ ਬਿਜਲੀ ਦੀ ਨਾਕਸ ਸਪਲਾਈ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਪਾਵਰਕਾਮ ਖਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਹਰਪਾਲ ਸਿੰਘ ਸੰਘਾ ਅਤ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ 1996 'ਚ ਪਿੰਡ ਵਿਚੋਂ ਪੈਸੇ ਇਕੱਤਰ ਕਰ ਕੇ ਵਿਸ਼ੇਸ਼ ਸਕੀਮ ਤਹਿਤ ਬਿਜਲੀ ਵਿਭਾਗ ਕੋਲ ਜਮ੍ਹਾ ਕਰਵਾਏ ਗਏ ਸਨ ਅਤੇ ਪਿੰਡ ਲਈ ਸਬ-ਸਟੇਸ਼ਨ ਮਰਨਾਈਆਂ ਤੋਂ 24 ਘੰਟੇ ਵਾਲੀ ਵਿਸ਼ੇਸ਼ ਲਾਈਨ ਪਵਾਈ ਸੀ।
ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪਿੰਡ ਵਾਸੀਆਂ ਵੱਲੋਂ ਲੇਬਰ ਦਾ ਖਰਚਾ ਵੀ ਖੁਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਬ-ਸਟੇਸ਼ਨ ਮਰਨਾਈਆਂ ਵੱਲੋਂ ਹੋਰਨਾਂ ਪਿੰਡਾਂ ਦੀ ਸਪਲਾਈ ਵੀ ਇਸ ਲਾਈਨ 'ਤੇ ਪਾ ਦਿੱਤੀ ਗਈ ਹੈ, ਜਿਸ ਕਰ ਕੇ ਲਾਈਨ 'ਚ ਫਾਲਟ ਪੈਣ 'ਤੇ ਪਿੰਡ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਹੋਰਨਾਂ ਪਿੰਡਾਂ ਦੀ ਸਪਲਾਈ ਇਸ ਲਾਈਨ ਤੋਂ ਹਟਾਈ ਜਾਵੇ।
ਉਨ੍ਹਾਂ ਦੱਸਿਆ ਕਿ ਪਿੰਡ 'ਚ ਅਨੇਕਾਂ ਛੋਟੇ ਉਦਯੋਗ ਚੱਲਦੇ ਹਨ, ਜਿਸ ਕਾਰਨ ਬਿਜਲੀ ਬੰਦ ਹੋਣ 'ਤੇ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ।
ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ, ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਸੋਢੀ, ਜੁਗਿੰੰਦਰ ਸਿੰਘ ਫੌਜੀ, ਜੁਝਾਰ ਸਿੰਘ, ਜਰਨੈਲ ਸਿੰਘ, ਤਰਸੇਮ ਲਾਲ, ਇੰਦਰਜੀਤ ਸਿੰਘ, ਗੁਰਦੇਵ ਸਿੰਘ, ਲੁਹਾਰਾ ਸਿੰਘ, ਅਵਤਾਰ ਸਿੰਘ, ਮਾ. ਜਸਵੰਤ ਸਿੰਘ, ਅਵਤਾਰ ਸਿੰਘ, ਸਤਨਾਮ ਸਿੰਘ, ਪਾਲ ਚੰਦ, ਸਦਾ ਰਾਮ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਐੱਸ. ਡੀ. ਓ. ਦਾ: ਮੌਕੇ 'ਤੇ ਪਹੁੰਚੇ ਮਰਨਾਈਆਂ ਖੁਰਦ ਸਬ-ਸਟੇਸ਼ਨ ਦੇ ਐੱਸ. ਡੀ. ਓ. ਸੁਖਦੇਵ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਕੁਝ ਸਮੇਂ 'ਚ ਹੀ ਹੋਰਨਾਂ ਪਿੰਡਾਂ ਦੀ ਸਪਲਾਈ ਇਸ ਲਾਈਨ ਤੋਂ ਹਟਾ ਦਿੱਤੀ ਜਾਵੇਗੀ।
