ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਨੇ ਲਗਾਈ ਵੈਕਸੀਨ

Saturday, Jun 12, 2021 - 06:03 PM (IST)

ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਨੇ ਲਗਾਈ ਵੈਕਸੀਨ

ਲੁਧਿਆਣਾ (ਹਿਤੇਸ਼) : ਵਸਨੀਕਾਂ ਲਈ ਇਕ ਖੁਸ਼ਖਬਰੀ ਹੈ ਕਿ ਪਾਇਲ ਹਲਕੇ ਦਾ ਪਿੰਡ ਭੀਖੀ ਜ਼ਿਲ੍ਹਾ ਲੁਧਿਆਣਾ ਦਾ ਪਹਿਲਾ ਪਿੰਡ ਬਣ ਗਿਆ ਹੈ ਜਿਸ ’ਚ ਅੱਜ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ 100 ਫੀਸਦ ਟੀਕਾਕਰਨ ਕੀਤਾ ਗਿਆ। ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਪਿੰਡ ਭੀਖੀ ਦੀ ਆਬਾਦੀ 1700 ਹੈ, ਜਿਨ੍ਹਾਂ ’ਚੋਂ 947 ਵਸਨੀਕ 18 ਸਾਲ ਤੋਂ ਵੱਧ ਉਮਰ ਦੇ ਹਨ। ਉਨ੍ਹਾਂ ਕਿਹਾ ਕਿ 18 ਗਰਭਵਤੀ ਜਨਾਨੀਆਂ ਨੂੰ ਛੱਡ ਕੇ ਅਤੇ ਸਿਹਤ ਦੇ ਮੁੱਦਿਆਂ ਕਾਰਨ ਟੀਕਾਕਰਨ ਲਈ ਕੁਝ ਅਯੋਗ ਹੋਣ ਦੇ ਬਾਵਜੂਦ ਅੱਜ ਸਾਰੇ 905 ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਹੁਣ ਇਸ ਪਿੰਡ ਦੇ ਸਾਰੇ ਯੋਗ ਵਸਨੀਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲ ਚੁੱਕੀ ਹੈ। ਇਸ ਸਬੰਧੀ ਪਿੰਡ ਵਿੱਚ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਿਧਾਇਕ ਲਖਵੀਰ ਸਿੰਘ ਲੱਖਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਕੁਮਾਰ, ਐੱਸ. ਡੀ. ਐੱਮ. ਮਨਕੰਵਲ ਸਿੰਘ ਚਾਹਲ ਤੋਂ ਇਲਾਵਾ ਹੋਰਾਂ ਨੇ ਸਨਮਾਨਿਤ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਪੰਚਾਇਤ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਲਈ ਯੋਗ ਨਾਗਰਿਕ ਸੰਸਥਾਵਾਂ ਵਿਚ ਮੋਹਰੀ ਬਣ ਗਈ ਹੈ, ਜਿਸਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ।

ਇਹ ਵੀ ਪੜ੍ਹੋ :  ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਹੋਰਨਾਂ ਪਿੰਡਾਂ ਨੂੰ ਵੀ ਵੱਡੀ ਗਿਣਤੀ ਵਿੱਚ ਟੀਕਾਕਰਨ ਕਰਨ ਦੀ ਅਪੀਲ ਕੀਤੀ ਤਾਂ ਜੋ ਅਸੀਂ ਇਸ ਮਹਾਮਾਰੀ ਨੂੰ ਆਪਣੇ ਸਮਾਜ ਵਿੱਚੋਂ ਜੜ੍ਹ ਤੋਂ ਖ਼ਤਮ ਕਰ ਸਕੀਏ। ਐੱਸ. ਡੀ. ਐੱਮ. ਮਨਕੰਵਲ ਸਿੰਘ ਚਾਹਲ ਦੀ ਅਗਵਾਈ ਵਿੱਚ, ਆਪਣੇ ਖੇਤਰ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਅਧਿਕਾਰੀਆਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਿਹਤ ਸੰਭਾਲ ਕਰਮਚਾਰੀਆਂ ਅਤੇ ਪੰਚਾਇਤ ਮੈਂਬਰਾਂ ਦੇ ਯਤਨਾਂ ਸਦਕਾ, ਭੀਖੀ ਪਿੰਡ ਦੇ ਸਾਰੇ 905 ਯੋਗ ਲਾਭਪਾਤਰੀਆਂ ਨੂੰ ਸਮੇਂ-ਸਮੇਂ 'ਤੇ ਲਗਾਏ ਗਏ ਕੈਂਪਾਂ ਦੌਰਾਨ ਉਨ੍ਹਾਂ ਨੂੰ ਜਾਗਰੂਕ ਕਰਦਿਆਂ ਵੈਕਸੀਨੇਸ਼ਨ ਲਈ ਪ੍ਰੇਰਿਤ ਕੀਤਾ ਅਤੇ ਟੀਕਾਕਰਨ ਵੀ ਕਰਵਾਇਆ। ਲੱਖਾ ਨੇ ਕਿਹਾ ਕਿ ''ਭੀਖੀ ਪਿੰਡ ਪਹਿਲਾਂ ਹੀ 100 ਫੀਸਦ ਟੀਕਾਕਰਨ ਦਾ ਟੀਚਾ ਪ੍ਰਾਪਤ ਕਰਨ ਵਾਲਾ ਪਹਿਲਾ ਪਿੰਡ ਬਣ ਗਿਆ ਹੈ ਪਰ ਹੋਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਅੰਕੜਾ 90 ਫੀਸਦੀ ਨੂੰ ਪਾਰ ਕਰ ਚੁੱਕਾ ਹੈ।'' ਲੱਖਾ ਨੇ ਕਿਹਾ ਕਿ ਉਹ ਪਹਿਲਾਂ ਹੀ ਸਬੰਧਤ ਅਥਾਰਟੀਆਂ ਨਾਲ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਗੱਲਬਾਤ ਕਰ ਚੁੱਕੇ ਹਨ। ਐੱਸ. ਡੀ. ਐੱਮ. ਪਾਇਲ ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਇਹ ਟੀਚਾ ਤਹਿਸੀਲਦਾਰ ਵਿਕਾਸਦੀਪ ਸਿੰਘ ਅਤੇ ਬੀ. ਡੀ. ਪੀ. ਓ. ਗੁਰਵਿੰਦਰ ਕੌਰ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਤਾਲਮੇਲ ਨਾਲ ਕੀਤੇ ਯਤਨਾਂ ਸਦਕਾ ਪ੍ਰਾਪਤ ਹੋਇਆ ਹੈ, ਜਿਹੜੇ ਹੁਣ ਹੋਰ ਪਿੰਡਾਂ ਲਈ ਵੀ ਜਲਦ 100 ਫੀਸਦ ਟੀਕਾਕਰਨ ਦਾ ਦਰਜਾ ਪ੍ਰਾਪਤ ਕਰਨ ਲਈ ਯਤਨਸ਼ੀਲ ਹਨ।

ਇਹ ਵੀ ਪੜ੍ਹੋ :  12ਵੀਂ ਦੇ ਵਿਦਿਆਰਥੀਆਂ ਦੀ ਮਾਰਕ ਸ਼ੀਟ ਤਿਆਰ ਕਰਨ ’ਤੇ ਮੰਥਨ ਕਰ ਰਿਹੈ ਬੋਰਡ, ਜਲਦ ਲਿਆ ਜਾਵੇਗਾ ਫੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Anuradha

Content Editor

Related News