ਮੋਗਾ ''ਚ ਪਰਾਲੀ ਸਾੜਨ ਦੇ ਦੋਸ਼ ''ਚ ਪਿੰਡ ਕੰਨੀਆਂ ਖਾਸ ਦਾ ਨੰਬਰਦਾਰ ਮੁਅੱਤਲ
Sunday, Nov 24, 2024 - 02:34 AM (IST)
ਮੋਗਾ (ਗੋਪੀ ਰਾਉਕੇ, ਕਸ਼ਿਸ਼ ਸਿੰਗੱਲਾ) - ਮਾਨਯੋਗ ਸੁਪਰੀਮ ਕੋਰਟ ਅਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ। ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਵਿਸ਼ੇਸ਼ ਸਾਰੰਗਲ ਨੇ ਪਰਾਲੀ ਸਾੜਨ ਦੇ ਦੋਸ਼ ਵਿੱਚ ਪਿੰਡ ਕੰਨੀਆਂ ਖਾਸ ਦੇ ਨੰਬਰਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਤਹਿਸੀਲਦਾਰ, ਧਰਮਕੋਟ ਵੱਲੋਂ ਪਿੰਡ ਕੰਨੀਆਂ ਖਾਸ ਵਿਖੇ ਸਟੱਬਲ ਬਰਨਿੰਗ ਦਾ ਮੌਕਾ ਦੇਖਿਆ ਗਿਆ। ਇਸ ਸਬੰਧੀ ਖਸਰਾ ਨੰਬਰ 23//18(5-10), 19/1(4-8) ਕੁੱਲ ਰਕਬਾ 9-18 ਤੇ ਅੱਗ ਲਗਾਈ ਗਈ ਸੀ। ਇਨ੍ਹਾਂ ਨੰਬਰ ਦੀ ਮਾਲਕੀ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਅਤੇ ਹੋਰ ਧਿਰਾਂ ਦੀ ਹੈ ਅਤੇ ਸੁਖਦੇਵ ਸਿੰਘ ਪਿੰਡ ਕੰਨੀਆਂ ਖਾਸ ਦਾ ਨੰਬਰਦਾਰ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਮੈਜਿਸਟਰੇਟ, ਧਰਮਕੋਟ ਵੱਲੋਂ ਸਬ ਡਵੀਜਨ ਅਧੀਨ ਆਉਦੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤ ਵੀ ਕੀਤੀ ਗਈ ਸੀ ਕਿ ਪਿੰਡ ਦੇ ਮੋਹਤਵਾਰ ਵਿਅਕਤੀ ਹੋਣ ਦੇ ਨਾਤੇ ਉਹਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਪਿੰਡ ਦੇ ਦੂਸਰੇ ਵਿਅਕਤੀਆਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਜਾਵੇ।
ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਨੰਬਰਦਾਰ ਪਿੰਡ ਕੰਨੀਆ ਖਾਸ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਉਸਦੀ ਆਪਣੀ ਜ਼ਮੀਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਕਰਕੇ ਉਸ ਨੂੰ ਨੰਬਰਦਾਰੀ ਦੇ ਆਹੁੱਦੇ ਤੋਂ ਸਸਪੈਂਡ ਕੀਤਾ ਗਿਆ ਹੈ।
ਸੁਖਦੇਵ ਸਿੰਘ ਨੰਬਰਦਾਰ ਪਿੰਡ ਕੰਨੀਆ ਖਾਸ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਇੱਕ ਪਿੰਡ ਦਾ ਜੁੰਮੇਵਾਰ ਵਿਅਕਤੀ ਹੋਣ ਦੇ ਨਾਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਪਣੀ ਜ਼ਮੀਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਕੇ ਵਾਤਾਵਰਣ ਨੂੰ ਦੂਸ਼ਿਤ ਕੀਤਾ ਹੈ। ਇਸ ਲਈ ਸੁਖਦੇਵ ਸਿੰਘ ਨੰਬਰਦਾਰ ਪੁੱਤਰ ਅਜੀਤ ਸਿੰਘ ਪਿੰਡ ਕੰਨੀਆ ਖਾਸ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਦੀ ਪੰਜਾਬ ਲੈਂਡ ਰੈਵੇਨਿਊ ਰੂਲਸ 25 (i)(b) ਤਹਿਤ ਅਗਲੇ ਹੁਕਮਾਂ ਤੱਕ ਨੰਬਰਦਾਰੀ ਦੇ ਅਹੁੱਦੇ ਤੋਂ ਸਸਪੈਂਡ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਕਾਨੂੰਨ ਅਤੇ ਕੁਦਰਤ ਤੋਂ ਉੱਪਰ ਕੋਈ ਨਹੀਂ ਹੈ। ਗਲਤ ਕੰਮ ਦੀ ਸਜ਼ਾ ਭੁਗਤਣੀ ਪਵੇਗੀ। ਉਹਨਾਂ ਨੇ ਆਮ ਲੋਕਾਂ ਨੂੰ ਪਰਾਲੀ ਨਾ ਸਾੜਨ ਅਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਨੂੰ ਕਾਨੂੰਨ ਦੀ ਪਾਲਣਾ ਕਰਨ ਦੀ ਨਸੀਹਤ ਕੀਤੀ ਹੈ।