ਪਿੰਡ ਬਾਦਲ ਵਿਖੇ ਲਗਾਏ ਪੱਕੇ ਮੋਰਚੇ ''ਚ ਸਲਫਾਸ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ
Friday, Sep 18, 2020 - 08:52 PM (IST)
ਸ੍ਰੀ ਮੁਕਤਸਰ ਸਾਹਿਬ : 15 ਸਤੰਬਰ ਤੋਂ ਖੇਤੀ ਆਰਡੀਨੈਂਸ ਵਿਰੁੱਧ ਪੱਕਾ ਮੋਰਚੇ ਲਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਸਾਹਮਣੇ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ 'ਚੋਂ ਇਕ ਕਿਸਾਨ ਵਲੋਂ ਅੱਜ ਸਵੇਰੇ ਸਲਫਾਸ ਨਿਗਲ ਲਈ ਗਈ ਸੀ, ਜਿਸ ਦੀ ਮੈਕਸ ਬਠਿੰਡਾ ਵਿਖੇ ਦੇਰ ਸ਼ਾਮ ਮੌਤ ਹੋ ਗਈ। ਮ੍ਰਿਤਕ 55 ਸਾਲਾ ਪ੍ਰੀਤਮ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰੰਡ ਅੱਕਾਂਵਾਲੀ ਦਾ ਰਹਿਣ ਵਾਲਾ ਸੀ। ਉਸਨੇ ਅੱਜ ਮੋਰਚੇ 'ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ 'ਤੇ ਕਿਸਾਨ ਮੋਰਚੇ 'ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਪਹੁੰਚਾਇਆ, ਜਿਥੇ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਸੀ, ਜਿਥੇ ਉਸ ਦੀ ਦੇਰ ਸ਼ਾਮ ਮੌਤ ਹੋ ਗਈ। ਦੱਸਣਯੋਗ ਹੈ ਕਿ ਕਿਸਾਨ ਆਰਡੀਨੈਂਸਾਂ ਵਿਰੁੱਧ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਇਸ ਮੋਰਚੇ 'ਚ ਸ਼ਾਮਲ ਹਨ।