ਬੇਸ਼ੱਕ ਬੀਬੀ ਭੱਠਲ ਦਾ ਜਵਾਈ ਹਾਂ ਪਰ ਟਿਕਟ ਮੈਨੂੰ ਲੋਕਾਂ ਦੀ ਸੇਵਾ ਕਾਰਨ ਮਿਲੀ : ਵਿਕਰਮ ਬਾਜਵਾ

Wednesday, Jan 26, 2022 - 04:12 PM (IST)

ਬੇਸ਼ੱਕ ਬੀਬੀ ਭੱਠਲ ਦਾ ਜਵਾਈ ਹਾਂ ਪਰ ਟਿਕਟ ਮੈਨੂੰ ਲੋਕਾਂ ਦੀ ਸੇਵਾ ਕਾਰਨ ਮਿਲੀ : ਵਿਕਰਮ ਬਾਜਵਾ

ਮਾਛੀਵਾੜਾ ਸਾਹਿਬ (ਟੱਕਰ) : ਕਾਂਗਰਸ ਪਾਰਟੀ ਵੱਲੋਂ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਦੇਣ ਦਾ ਜੋ ਫਾਰਮੂਲਾ ਅਪਣਾਇਆ ਗਿਆ, ਉਸ ਤਹਿਤ ਇੱਕ ਪਰਿਵਾਰ ਨੂੰ ਇੱਕ ਟਿਕਟ ਹੀ ਮਿਲੇਗੀ ਪਰ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਸਿੰਘ ਬਾਜਵਾ ਨੂੰ ਹਲਕਾ ਸਾਹਨੇਵਾਲ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ’ਤੇ ਅੱਜ ਉਮੀਦਵਾਰ ਬਾਜਵਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਬੀਬੀ ਦੇ ਜਵਾਈ ਹਨ ਪਰ ਇਹ ਟਿਕਟ ਉਨ੍ਹਾਂ ਨੂੰ ਹਲਕਾ ਸਾਹਨੇਵਾਲ ਅੰਦਰ ਪਿਛਲੇ 12 ਸਾਲਾਂ ਤੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਕਰਕੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਜਵਾਈ ਅਤੇ ਸਹੁਰੇ ਪਰਿਵਾਰ ਦੋ ਅਲੱਗ-ਅਲੱਗ ਪਰਿਵਾਰ ਹੁੰਦੇ ਹਨ, ਜਿਸ ਲਈ ਇਸ ਨੂੰ ਇੱਕੋ ਪਰਿਵਾਰ ਨੂੰ 2 ਟਿਕਟਾਂ ਦੇਣ ਦਾ ਮਾਮਲਾ ਨਾ ਸਮਝਿਆ ਜਾਵੇ। ਬਾਜਵਾ ਨੇ ਕਿਹਾ ਕਿ ਉਹ ਹਲਕਾ ਸਾਹਨੇਵਾਲ ਦਾ ਵਿਕਾਸ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਚੋਣਾਂ ਲੜਨਗੇ ਅਤੇ ਬੇਸ਼ੱਕ ਪਿਛਲੀ ਕਾਂਗਰਸ ਸਰਕਾਰ ਸਮੇਂ ਵਿਕਾਸ ਹੋਇਆ ਪਰ ਜੋ ਕੰਮ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰਵਾਇਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹਲਕਾ ਸਾਹਨੇਵਾਲ ਤੋਂ 31 ਉਮੀਦਵਾਰਾਂ ਨੇ ਆਪਣੀ ਦਾਅਵੇਦਾਰੀ ਜਤਾਈ ਸੀ ਪਰ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਯੋਗ ਸਮਝਿਆ, ਜਿਸ ਲਈ ਉਹ ਧੰਨਵਾਦੀ ਹਨ ਪਰ ਉਹ ਸਾਰੇ ਹੀ ਕਾਂਗਰਸੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਸਾਹਨੇਵਾਲ ਅੰਦਰ ਕਾਂਗਰਸ ਪਾਰਟੀ ’ਚ ਕੋਈ ਧੜੇਬੰਦੀ ਨਹੀਂ ਅਤੇ ਉਹ ਸਾਰੇ ਕਾਂਗਰਸ ਪਾਰਟੀ ਦੇ ਝੰਡੇ ਹੇਠ ਇੱਕਜੁਟ ਹਨ, ਜਿਸ ਲਈ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ। ਵਿਕਰਮ ਸਿੰਘ ਬਾਜਵਾ ਕਾਂਗਰਸ ਦੀ ਟਿਕਟ ਮਿਲਣ ਤੋਂ ਬਾਅਦ ਆਪਣੇ ਸਮਰਥਕਾਂ ਸਮੇਤ ਦੇਗਸਰ ਸ੍ਰੀ ਕਟਾਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਜਗਜੀਤ ਸਿੰਘ ਪ੍ਰਿਥੀਪੁਰ, ਜਸਪਾਲ ਸਿੰਘ ਗਾਹੀ ਭੈਣੀ, ਮਲਕੀਤ ਸਿੰਘ ਗਿੱਲ, ਤਾਜਪਰਮਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਬਲੀਏਵਾਲ, ਸਰਪੰਚ ਗੁਰਦੀਪ ਸਿੰਘ ਚੱਕਸਰਵਣਨਾਥ ਆਦਿ ਵੀ ਮੌਜੂਦ ਸਨ।


author

Babita

Content Editor

Related News