ਪੰਜਾਬ ਕੈਬਨਿਟ ’ਚੋਂ ਬਰਖਾਸਤ ਹੋਣ ਤੋਂ ਬਾਅਦ ਵਿਜੇ ਸਿੰਗਲਾ ਨੂੰ ਕੀਤਾ ਗਿਆ ਗ੍ਰਿਫ਼ਤਾਰ

05/24/2022 10:00:26 PM

ਚੰਡੀਗੜ੍ਹ : ਭਗਵੰਤ ਮਾਨ ਦੀ ਸਰਕਾਰ ਵਿਚ ਸਿਹਤ ਮੰਤਰੀ ਰਹੇ ਵਿਜੇ ਸਿੰਗਲਾ ਨੂੰ ਕੈਬਨਿਟ ’ਚੋਂ ਬਰਖਾਸਤ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਐਂਟੀ ਕਰੱਪਸ਼ਨ ਵਿੰਗ ਵਲੋਂ ਕੀਤੀ ਗਈ ਹੈ। ਦਰਅਸਲ ਦੋਸ਼ ਸੀ ਕਿ ਵਿਜੇ ਸਿੰਗਲਾ ਸਿਹਤ ਵਿਭਾਗ ਵਿਚ ਹਰ ਕੰਮ ਅਤੇ ਟੈਂਡਰ ਦੇ ਬਦਲੇ ਇਕ ਫੀਸਦ ਕਮੀਸ਼ਨ ਦੀ ਮੰਗ ਕਰਦੇ ਹਨ। ਇਸ ’ਤੇ ਜੋਂ ਸ਼ਿਕਾਇਤ ਮੁੱਖ ਮੰਤਰੀ ਕੋਲ ਪਹੁੰਚੀ ਤਾਂ ਉਨ੍ਹਾਂ ਪਹਿਲਾਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ। ਇਸ ਦਰਮਿਆਨ ਮੁੱਖ ਮੰਤਰੀ ਵਲੋਂ ਸਿੰਗਲਾ ਨੂੰ ਤਲਬ ਕੀਤਾ ਗਿਆ, ਜਿਸ ਵਿਚ ਉਨ੍ਹਾਂ ਮੰਨਿਆ ਕਿ ਉਨ੍ਹਾਂ ਵਲੋਂ ਗ਼ਲਤੀ ਹੋਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕੈਬਨਿਟ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਥੇ ਹੀ ਬਸ ਨਹੀਂ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਿੰਗਲਾ ਖ਼ਿਲਾਫ਼ ਕੇਸ ਦਰਜ ਕਰਨ ਦੇ ਵੀ ਹੁਕਮ ਦਿੱਤੇ। ਜਿਸ ਤੋਂ ਬਾਅਦ ਐਂਟੀ ਕਰੱਪਸ਼ਨ ਵਿੰਗ ਵਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ, ਪੁਲਸ ਨੂੰ ਕੇਸ ਦਰਜ ਕਰਨ ਦੇ ਦਿੱਤੇ ਹੁਕਮ

ਕੀ ਕਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਮੰਤਰੀ ਵਿਜੇ ਸਿੰਗਲਾ ਨੂੰ ਜਿਨ੍ਹਾਂ ਕੋਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਸੀ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਦਿੱਤੀ। ਮਾਨ ਨੇ ਕਿਹਾ ਕਿ ਮੇਰੇ ਧਿਆਨ ਵਿਚ ਇਕ ਕੇਸ ਆਇਆ ਹੈ ਕਿ ਮੇਰੀ ਹੀ ਸਰਕਾਰ ਦਾ ਇਕ ਮੰਤਰੀ (ਵਿਜੇ ਸਿੰਗਲਾ) ਹਰ ਟੈਂਡਰ ’ਚੋਂ ਇਕ ਫੀਸਦੀ ਰਿਸ਼ਵਤ ਮੰਗਦਾ ਸੀ, ਇਸ ਕੇਸ ਦਾ ਸਿਰਫ ਮੈਨੂੰ ਹੀ ਪਤਾ ਸੀ ਨਾ ਤਾਂ ਵਿਰੋਧੀ ਇਸ ਬਾਰੇ ਜਾਣਦੇ ਸਨ ਅਤੇ ਨਾ ਹੀ ਮੀਡੀਆ ਨੂੰ ਪਤਾ ਸੀ, ਮੈਂ ਚਾਹੁੰਦਾ ਤਾਂ ਇਸ ਕੇਸ ਨੂੰ ਦੱਬ ਵੀ ਸਕਦਾ ਸੀ ਪਰ ਅਜਿਹਾ ਕਰਕੇ ਮੈਂ ਲੱਖਾਂ ਲੋਕਾਂ ਦਾ ਵਿਸ਼ਵਾਸ ਤੋੜਦਾ। ਉਸ ਮੰਤਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਸ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੁਲਸ ਨੂੰ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਮਾਨ ਨੇ ਕਿਹਾ ਕਿ ਵਿਜੇ ਸਿੰਗਲਾ ਨੇ ਖੁਦ ਵੀ ਆਪਣੀ ਗਲਤੀ ਮੰਨੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਚੇ ਦਿਲੋਂ ਇਮਾਨਦਾਰ ਪਾਰਟੀ ਹੈ। ਸਾਡੀ ਸਰਕਾਰ ਇਕ ਇਮਾਨਦਾਰ ਸਰਕਾਰ। ਅਸੀਂ ਇਕ ਰੁਪਏ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕਰਾਂਗੇ। ਮਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿਚ ਲੋਕਾਂ ਦੇ ਚਿਹਰਿਆਂ ’ਤੇ ਇਕ ਉਮੀਦਵਾਰ ਨਜ਼ਰ ਆਉਂਦੀ ਸੀ ਕਿ ਲੋਕ ਆਖਦੇ ਸਨ ਕਿ ਸ਼ਾਇਦ ਕੋਈ ਅਜਿਹੀ ਸਰਕਾਰ ਆਵੇਗੀ ਜਿਹੜੀ ਸਾਨੂੰ ਭ੍ਰਿਸ਼ਟਾਚਾਰ ਦੀ ਦਲਦਲ ’ਚੋਂ ਕੱਢੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਸੂਬੇ ਵਿਚ ਜਾਰੀ ਕੀਤਾ ਆਰੇਂਜ ਅਲਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News