ਸਿੰਗਲਾ ਵੱਲੋਂ ਵੋਕੇਸ਼ਨਲ ਲੈਬਜ਼ ਨੂੰ ਸਮਾਰਟ ਲੈਬਜ਼ ’ਚ ਤਬਦੀਲ ਕਰਨ ’ਤੇ ਜ਼ੋਰ, ਗ੍ਰਾਂਟ ਜਾਰੀ

Monday, Apr 26, 2021 - 04:18 PM (IST)

ਸਿੰਗਲਾ ਵੱਲੋਂ ਵੋਕੇਸ਼ਨਲ ਲੈਬਜ਼ ਨੂੰ ਸਮਾਰਟ ਲੈਬਜ਼ ’ਚ ਤਬਦੀਲ ਕਰਨ ’ਤੇ ਜ਼ੋਰ, ਗ੍ਰਾਂਟ ਜਾਰੀ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਿੱਤਾ ਮੁਖੀ ਸਿੱਖਿਆ ਵਿੱਚ ਸੁਧਾਰ ਲਿਆਉਣ ਵਾਸਤੇ ਵੋਕੇਸ਼ਨਲ ਲੈਬਜ਼ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਾਸਤੇ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਕਿੱਤਾ ਮੁਖੀ ਸਿੱਖਿਆ ਦਾ ਪੱਧਰ ਸੁਧਾਰ ਲਈ ਵੋਕੇਸ਼ਨਲ/ਐਨ. ਐਸ. ਕਿਊ. ਐਫ ਲੈਬਜ਼ ਦੀ ਕਾਇਆ-ਕਲਪ ਕਰਨ ਅਤੇ ਇਨ੍ਹਾਂ ਨੂੰ ਸਮਾਰਟ ਲੈਬਜ਼ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਵੇਲੇ ਸੂਬੇ ਭਰ ਦੇ 955 ਸਕੂਲਾਂ ਵਿੱਚ ਐਨ. ਐਸ. ਕਿਊ. ਐਫ ਲੈਬਜ਼ ਅਤੇ ਸਟੇਟ ਵੋਕੇਸ਼ਨਲ ਸਕੀਮ ਦੀਆਂ 450 ਲੈਬਜ਼ ਚੱਲ ਰਹੀਆਂ ਹਨ।

ਇਨ੍ਹਾਂ ਲੈਬਜ਼ ਨੂੰ ਡਿਜਟਲੀ ਤੌਰ ’ਤੇ ਮਜ਼ਬੂਤ ਬਣਾਉਣ ਅਤੇ ਇਨ੍ਹਾਂ ਨੂੰ ਸਮਾਰਟ ਲੈਬਜ਼ ਵਿੱਚ ਤਬਦੀਲ ਕਰਨ ਲਈ ਵਿਭਾਗ ਨੇ ਰਣਨੀਤੀ ਬਣਾਈ ਹੈ। ਇਸ ਵਾਸਤੇ ਨਾਨ ਆਈ-ਟੀ ਟਰੇਡ ਲੈਬਜ਼ ਲਈ 66,500 ਰੁਪਏ ਅਤੇ ਆਈ. ਟੀ. ਟਰੇਡ ਲੈਬਜ਼ ਲਈ 11000 ਰੁਪਏ ਪ੍ਰਤੀ ਲੈਬਜ਼ ਗ੍ਰਾਂਟ ਪਹਿਲਾਂ ਹੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਵਿਭਾਗ ਨੇ ਇਨ੍ਹਾਂ ਲੈਬਜ਼ ਨੂੰ ਹੋਰ ਆਕਰਸ਼ਕ ਬਣਾਉਣ ਅਤੇ ਇਨ੍ਹਾਂ ਦੀ ਦਿੱਖ ਸੁਧਾਰਨ ਲਈ ਲਈ 8500 ਰੁਪਏ ਪ੍ਰਤੀ ਲੈਬਜ਼ ਦੀ ਵਿਵਸਥਾ ਕੀਤੀ ਹੈ।

ਬੁਲਾਰੇ ਅਨੁਸਾਰ ਵਿਭਾਗ ਨੇ ਇਸ ਰਾਸ਼ੀ ਨਾਲ ਲੈਬਜ਼ ਨੂੰ ਪੇਂਟ ਕਰਵਾਉਣ, ਦਰਵਾਜ਼ੇ-ਖਿੜਕੀਆਂ, ਫਰਨੀਚਰ ਦੀ ਸਾਂਭ-ਸੰਭਾਲ ਤੋਂ ਇਲਾਵਾ ਵਾਈਟ/ਗਰੀਨ ਬੋਰਡ ਲਗਵਾਉਣ, ਅੱਗ ਬਝਾਊ ਯੰਤਰਾਂ ਅਤੇ ਅਗਜਾਸਟ ਫੈਨਜ਼, ਡੋਰ ਮੈਟ, ਦਰਵਾਜ਼ੇ-ਖਿੜਕੀਆਂ ਦੇ ਪਰਦਿਆਂ, ਸਿਲੇਬਸ ਹੈਂਡਲਰ, ਕਲੋਕ, ਅਖ਼ਬਾਰ ਪੜ੍ਹਨ ਵਾਲੇ ਸਟੈਂਡ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਲੈਬਜ਼ ਦੇ ਅੰਦਰ ਸਾਰੀਆਂ ਸਾਵਧਾਨੀਆਂ ਬਾਰੇ ਲਿਖਣ ਅਤੇ ਚਾਰਟ ਚਿਪਕਾਉਣ ਲਈ ਵੀ ਆਖਿਆ ਗਿਆ ਹੈ। 
 
 


author

Babita

Content Editor

Related News