ਕੈਬਨਿਟ ਮੰਤਰੀ ਸਿੰਗਲਾ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ, ਲੋਕਾਂ ਨੂੰ ਕੀਤੀ ਅਪੀਲ
Wednesday, Apr 21, 2021 - 05:45 PM (IST)
ਸੰਗਰੂਰ (ਦਲਜੀਤ ਬੇਦੀ) : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਇੱਥੇ ਸਿਵਲ ਹਸਪਤਾਲ ਸੰਗਰੂਰ ਵਿਖੇ ਕੋਵਿਡ ਟੀਕੇ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਫਰੰਟ ਲਾਈਨ ਕਾਮਿਆਂ ਅਤੇ ਹੋਰ ਲੋਕਾਂ ਨੂੰ ਕੋਵਿਡ ਦੇ ਟੀਕੇ ਲਗਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ 3,251 ਟੀਕਾਕਰਨ ਕੇਂਦਰ ਸਥਾਪਿਤ ਕੀਤੇ ਹਨ ਅਤੇ 26.10 ਲੱਖ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਵੀ ਕੋਵਿਡ ਦੀ ਦੂਜੀ ਲਹਿਰ ਦੀ ਲਪੇਟ ਵਿੱਚ ਹਨ ਅਤੇ ਇਹ ਪਰਿਵਰਤਨਸ਼ੀਲ ਵਾਇਰਸ ਪਹਿਲਾਂ ਦੇ ਮੁਕਾਬਲੇ ਵਧੇਰੇ ਭਿਆਨਕ ਅਤੇ ਤੇਜ਼ੀ ਨਾਲ ਫੈਲ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ, ਪੰਜਾਬ ਸਰਕਾਰ ਛੇਤੀ ਹੀ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੇਲੇ ਇਹ ਟੀਕਾਕਰਨ ਮੁਹਿੰਮ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੱਕ ਸੀਮਤ ਹੈ ਪਰ 1 ਮਈ ਤੋਂ ਬਾਅਦ ਮਹਾਮਾਰੀ ਦੀ ਚੇਨ ਤੋੜਣ ਲਈ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਟੀਕਾ ਲਗਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਹਰੇਕ ਕਸਬੇ, ਬਲਾਕ ਅਤੇ ਇਲਾਕੇ ਵਿੱਚ ਵੈਕਸੀਨ ਦੀ ਲੋੜੀਂਦੀ ਡੋਜ਼ ਵਾਲਾ ਟੀਕਾਕਰਨ ਕੇਂਦਰ ਅਤੇ ਹੋਰ ਸਹੂਲਤਾਂ ਹੋਣੀਆਂ ਲਾਜ਼ਮੀ ਹਨ।
ਸਿੰਗਲਾ ਨੇ ਕਿਹਾ, “ਸਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਕੋਵਿਡ ਹੱਥੋਂ ਗੁਆ ਚੁੱਕੇ ਹਨ ਪਰ ਹੁਣ ਸਾਨੂੰ ਹੋਰ ਜ਼ਿੰਮੇਵਾਰ ਬਣਨ ਅਤੇ ਵਧੇਰੇ ਪਰਿਪੱਕਤਾ ਨਾਲ ਕੰਮ ਕਰਨ ਦੀ ਲੋੜ ਹੈ। ਮੈਂ ਪਹਿਲਾਂ ਹੀ ਆਪਣਾ ਕੋਵਿਡ ਦਾ ਟੀਕਾ ਲਗਵਾ ਚੁੱਕਾ ਹਾਂ ਅਤੇ ਤੁਹਾਨੂੰ ਸਭ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਪਰਿਵਾਰ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਜਲਦੀ ਤੋਂ ਜਲਦੀ ਕੋਵਿਡ ਰੋਕੂ ਟੀਕਾ ਲਗਵਾਓ।” ਸਕੂਲ ਸਿੱਖਿਆ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਵਿੱਚ ਹਰੇਕ ਨੂੰ ਟੀਕਾ ਲਗਵਾਉਣ ਲਈ ਸਿਹਤ ਮੁਲਾਜ਼ਮਾਂ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਧੇਰੇ ਮਿਹਨਤ ਨਾਲ ਕੰਮ ਕਰ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਥੋੜ੍ਹੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇ।