ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਕਰੇਗੀ ਸਮਾਰਟ ਸਕੂਲਾਂ ''ਚ ਤਬਦੀਲ : ਸਿੱਖਿਆ ਮੰਤਰੀ
Wednesday, Dec 02, 2020 - 04:34 PM (IST)
ਲੁਧਿਆਣਾ (ਵਿੱਕੀ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਬੁੱਧਵਾਰ ਨੂੰ ਕਿਹਾ ਕਿ ਜਲਦੀ ਪੰਜਾਬ ਸਰਕਾਰ 1377 ਹੋਰ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਜਾ ਰਹੀ ਹੈ ਅਤੇ ਇਨ੍ਹਾਂ ਸਕੂਲਾਂ ਦੀ ਡਿਜੀਟਲਾਈਜੇਸ਼ਨ 'ਤੇ 357.74 ਕਰੋੜ ਰੁਪਏ ਖਰਚੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 7,823 ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ 'ਚ ਲਗਾਤਾਰ ਸੁਧਾਰ ਕਰਕੇ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਕੁੱਲ 19130 ਸਰਕਾਰੀ ਸਕੂਲਾਂ 'ਚੋਂ 41 ਫ਼ੀਸਦੀ ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ 'ਚ ਤਬਦੀਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ 'ਚ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਦਾ ਟੀਚਾ ਮਿੱਥਿਆ ਹੈ। ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕੁੱਲ 1377 ਸਕੂਲਾਂ 'ਚੋਂ 817 ਪੇਂਡੂ ਖੇਤਰਾਂ ਅਤੇ 560 ਰਾਜ ਦੇ ਸ਼ਹਿਰੀ ਖੇਤਰਾਂ ਨਾਲ ਸਬੰਧਤ ਹਨ, ਜਿੱਥੇ ਸਿੱਖਿਆ ਮਹਿਕਮੇ ਨੇ ਕ੍ਰਮਵਾਰ 209.77 ਕਰੋੜ ਰੁਪਏ ਅਤੇ 147.56 ਕਰੋੜ ਰੁਪਏ ਖਰਚਣ ਦੀ ਯੋਜਨਾ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ 'ਚੋਂ 605 ਪ੍ਰਾਈਮਰੀ ਸਕੂਲ, 80 ਮਿਡਲ, 159 ਹਾਈ ਸਕੂਲ ਅਤੇ ਬਾਕੀ 533 ਸੀਨੀਅਰ ਸੈਕੰਡਰੀ ਸਕੂਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 1377 ਸਕੂਲਾਂ ਦੀ ਨਵੀਨੀਕਰਨ ਪ੍ਰਕਿਰਿਆ ਇਸ ਵਿੱਤੀ ਸਾਲ ਦੇ ਅੰਦਰ ਮੁਕੰਮਲ ਕਰ ਲਈ ਜਾਵੇਗੀ।
ਸਿੰਗਲਾ ਨੇ ਦੱਸਿਆ ਕਿ ਅਪਗ੍ਰੇਡੇਸ਼ਨ ਪ੍ਰਕਿਰਿਆ ਦੌਰਾਨ ਇਨ੍ਹਾਂ ਸਕੂਲਾਂ 'ਚ ਵਾਧੂ ਕਲਾਸਰੂਮ, ਸੰਗਠਿਤ ਸਾਇੰਸ ਲੈਬਾਂ, ਲਾਈਬ੍ਰੇਰੀਆਂ, ਡਿਊਲ ਡੈਸਕ, ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ-ਵੱਖਰੇ ਪਖਾਨੇ, ਪੀਣ ਯੋਗ ਪਾਣੀ ਦੀ ਸੁਵਿਧਾ, ਉੱਚੀਆਂ ਚਾਰ ਦੀਵਾਰੀਆਂ, ਗਰੀਨ ਬੋਰਡ, ਪ੍ਰੋਜੈਕਟਰਾਂ, ਮਿਡ-ਡੇਅ-ਮੀਲ ਲਈ ਖਾਣਾ ਖਾਣ ਵਾਲੀ ਥਾਂ ਅਤੇ ਕਲਰ ਕੋਡਿੰਗ ਵਰਗੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਲਈ ਲੋੜੀਂਦੇ ਕੰਮਾਂ ਲਈ ਵਿਸ਼ੇਸ਼ ਮੁਰੰਮਤ ਅਤੇ ਰੱਖ-ਰਖਾਅ ਦਾ ਬਜਟ ਵੀ ਰੱਖਿਆ ਜਾਵੇਗਾ।
ਕੈਬਨਿਟ ਮੰਤਰੀ ਨੇ ਕਾਰਪੋਰੇਟ ਕੰਪਨੀਆਂ, ਐਨ. ਜੀ. ਓਜ਼, ਕਮਿਊਨਿਟੀ ਲੀਡਰਾਂ, ਪੰਚਾਇਤਾਂ, ਸੁਹਿਰਦ ਵਿਅਕਤੀਆਂ ਅਤੇ ਸਕੂਲ ਸਟਾਫ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਦੇ ਡਿਜੀਟਲਾਈਜੇਸ਼ਨ ਦੇ ਇਸ ਨੇਕ ਕਾਰਜ ਲਈ ਯੋਗਦਾਨ ਪਾਉਣ ਅਤੇ ਅਗਲੀਆਂ ਪੀੜ੍ਹੀਆਂ ਦੇ ਚੰਗੇਰੇ ਭਵਿੱਖ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਰਕਾਰ, ਅਧਿਆਪਕਾਂ ਵੱਲੋਂ ਤਿਆਰ ਕੀਤੀਆਂ ਵੀਡੀਓਜ਼, ਖ਼ਾਨ ਅਕੈਡਮੀ ਦੇ ਲੈਕਚਰਾਂ ਤੇ ਟੈਲੀਵਿਜ਼ਨ ਰਾਹੀਂ ਈ-ਬੁੱਕਸ, ਐਜੂਸੈਟ ਲੈਕਚਰ, ਈ-ਕੰਟੈਂਟ ਅਤੇ ਆਨਲਾਈਨ ਕਲਾਸਾਂ ਜ਼ਰੀਏ ਸਰਕਾਰੀ ਸਕੂਲਾਂ 'ਚ ਡਿਜੀਟਲ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।
ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ 2017 ਤੋਂ ਸਰਕਾਰੀ ਸਕੂਲਾਂ ਵਿੱਚ ਨਤੀਜਿਆਂ 'ਚ ਲਗਾਤਾਰ ਸੁਧਾਰ ਆਇਆ ਹੈ ਅਤੇ ਦਾਖ਼ਲੇ ਵਧੇ ਹਨ। ਸਕੂਲਾਂ ਦਾ ਡਿਜੀਟਲੀਕਰਨ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ 'ਚ ਸਹਾਇਤਾ ਕਰੇਗਾ। ਉਨ੍ਹਾਂ ਕੋਵਿਡ-19 ਲਾਗ ਦੀ ਬੀਮਾਰੀ ਦੌਰਾਨ ਵਿਸ਼ੇਸ਼ ਤੌਰ `ਤੇ ਦਿੱਤੇ ਯੋਗਦਾਨ ਲਈ ਸਕੂਲ ਦੇ ਅਧਿਆਪਕਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਆਨਲਾਈਨ ਸਿੱਖਿਆ, ਮਿਡ-ਡੇਅ ਮੀਲ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਕਿਤਾਬਾਂ ਵੰਡਣ ਨੂੰ ਯਕੀਨੀ ਬਣਾਇਆ।