ਵਾਰਿਸ ਪੰਜਾਬ ਜਥੇਬੰਦੀ ਦੇ ਖਰਚਿਆਂ ਲਈ ਪੈਸਾ ਦੇ ਰਹੀ ਏ ਪੰਜਾਬ ਸਰਕਾਰ : ਸੁਖਬੀਰ ਬਾਦਲ

Wednesday, Sep 23, 2026 - 07:48 PM (IST)

ਵਾਰਿਸ ਪੰਜਾਬ ਜਥੇਬੰਦੀ ਦੇ ਖਰਚਿਆਂ ਲਈ ਪੈਸਾ ਦੇ ਰਹੀ ਏ ਪੰਜਾਬ ਸਰਕਾਰ : ਸੁਖਬੀਰ ਬਾਦਲ

ਅੰਮ੍ਰਿਤਸਰ (ਛੀਨਾ)- ਮੁੱਖ ਮੰਤਰੀ ਭਗਵੰਤ ਮਾਨ ਜਿਹੜੀਆਂ ਸਕੀਮਾਂ ਦਾ ਸਿਹਰਾ ਲੈਣਾ ਚਾਹੁੰਦਾ ਹੈ, ਉਹ ਸਾਰੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਆਟਾ ਦਾਲ ਸਕੀਮ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਸਕੀਮ ਤੇ ਤੀਰਥ ਯਾਤਰਾ ਸਕੀਮ ਸ਼ਾਮਲ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ.ਆਰ. ਦੀ ਅਗਵਾਈ ਹੇਠ ਹੋਈ 'ਪੰਜਾਬ ਬਚਾਓ' ਰੈਲੀ ਵਿਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਸਕੀਮਾਂ ਜਿਨ੍ਹਾਂ ਨੂੰ ਆਪ ਸਰਕਾਰ ਆਪਣੀਆਂ ਦੱਸ ਕੇ ਪ੍ਰਚਾਰ ਰਹੀ ਹੈ, ਨੂੰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਵਿਚ ਖੋਰਾ ਲਾਇਆ ਗਿਆ। ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਆਟਾ ਦਾਲ ਸਕੀਮ ਦੌਰਾਨ 30 ਕਿਲੋ ਕਣਕ ਦਿੱਤੀ ਜਾਂਦੀ ਸੀ ਪਰ 'ਆਪ' ਸਰਕਾਰ ਦੇ ਰਾਜ 'ਚ ਇਹ ਘਟਾ ਕੇ 5 ਕਿਲੋ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਲਾਭਪਾਤਰੀਆਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਤੇ ਬੁਢਾਪਾ ਪੈਨਸ਼ਨ ਸਕੀਮ ਤਹਿਤ ਲਾਭਪਾਤਰੀਆਂ ਦੀ ਗਿਣਤੀ 'ਤੇ ਵੀ ਕੈਂਚੀ ਫੇਰੀ ਗਈ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ ਤੇ ਇਕ ਮਹੀਨੇ ਵਿਚ 2 ਏ.ਐੱਸ.ਆਈਜ਼. ਦਾ ਕਤਲ ਹੋ ਗਿਆ ਹੈ ਅਤੇ 20 ਪੁਲਸ ਥਾਣਿਆਂ ’ਤੇ ਬੰਬ ਸੁੱਟੇ ਗਏ ਹਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਇਹ ਆਪ ਦੀ ਬੀ.ਟੀਮ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੇ ਖਰਚਿਆਂ ਵਾਸਤੇ ਹਰ ਮਹੀਨੇ ਪੈਸਾ ਆਪ ਦੇ ਰਹੀ ਹੈ ਤੇ ਇਸ ਦੀ ਅਦਾਇਗੀ ਮੰਡੀ ਬੋਰਡ ਦਾ ਇਕ ਚੀਫ ਇੰਜੀਨੀਅਰ ਕਰ ਰਿਹਾ ਹੈ ਤੇ ਇਹ ਜਥੇਬੰਦੀ ਭਗਵੰਤ ਮਾਨ ਦੇ ਖਿਲਾਫ ਬੋਲਣ ਵਾਸਤੇ ਤਿਆਰ ਨਹੀਂ। 

ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਲੀਕੀ ਗਈ ਕਾਰਜ ਯੋਜਨਾ ਦੀ ਗੱਲ ਕਰਦਿਆਂ ਸ.ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਇਕ ਮਹੀਨੇ ਅੰਦਰ ਪਹਿਲ ਦੇ ਆਧਾਰ ’ਤੇ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਆਟਾ ਦਾਲ ਸਕੀਮ ਤਹਿਤ 50 ਕਿਲੋ ਕਣਕ ਦਿੱਤੀ ਜਾਵੇਗੀ ਅਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਜਾਵੇਗੀ ਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਉਦਮੀ ਪ੍ਰਾਜੈਕਟਾਂ ਵਾਸਤੇ ਬਿਨਾਂ ਵਿਆਜ਼ ਦੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਪ੍ਰਾਜੈਕਟਾਂ ਵਾਸਤੇ 75 ਫੀਸਦੀ ਸਬਸਿਡੀ ‌ਦਿੱਤੀ ਜਾਵੇਗੀ। ਇਸ ਮੌਕੇ 'ਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ.ਆਰ.ਨੇ ਕਿਹਾ ਕਿ ਮੇਰੇ ਇੱਕ ਸੱਦੇ ਤੇ ਵਹੀਰਾਂ ਘੱਤ ਰੈਲੀ 'ਚ ਪਹੁੰਚਣ ਵਾਲੇ ਸਮੂਹ ਹਲਕਾ ਨਿਵਾਸੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਸ਼ੁਕਰਗੁਜ਼ਾਰ ਹਾਂ ਜਿਨਾਂ ਨੇ ਹਮੇਸ਼ਾ ਹੀ ਏ.ਆਰ.ਪਰਿਵਾਰ ਨੂੰ ਵੱਡਾ ਮਾਣ ਦੇ ਕੇ ਨਿਵਾਜਿਆ ਹੈ

ਇਸ ਸਮੇਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ, ਰਾਜਵਿੰਦਰ ਸਿੰਘ ਰਾਜਾ ਲਦੇਹ, ਸੁਰਜੀਤ ਸਿੰਘ ਭਿੱਟੇਵੱਢ, ਅਮਰਜੀਤ ਸਿੰਘ ਬੰਡਾਲਾ, ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਲਖਵਿੰਦਰ ਸਿੰਘ ਸੋਨਾ, ਮਹਿੰਦਰ ਪਾਲ ਸਿੰਘ ਮਹਿਤਾ, ਕੰਵਰ ਮਾਨ, ਕੁਕੂ ਪ੍ਰਧਾਨ, ਗੁਲਜਾਰ ਸਿੰਘ ਧੀਰੇਕੋਟ, ਮਨਜੀਤ ਸਿੰਘ ਤਰਸਿਕਾ, ਸੁਰਿੰਦਰ ਪਾਲ ਸਿੰਘ, ਗੁਰ ਸੰਗਤ ਸਿੰਘ, ਜੁਝਾਰ ਸਿੰਘ ਹਰਜਿੰਦਰ ਸਿੰਘ ਨੰਗਲੀ, ਜਸਵਿੰਦਰ ਸਿੰਘ ਗਹਿਰੀ ਮੰਡੀ ਤੇ ਹੋਰ ਵੀ ਸ਼ਖਸ਼ੀਅਤਾਂ ਹਾਜਰ ਸਨ।


author

Anmol Tagra

Content Editor

Related News