ਵਿਜੀਲੈਂਸ ਦੀ ਛਾਪੇਮਾਰੀ : ਪਨਗ੍ਰੇਨ ਦੇ ਗੋਦਾਮਾਂ ''ਚ 50 ਹਜ਼ਾਰ ਬੋਰੀ ਖਰਾਬ ਕਣਕ ਮਿਲੀ

Sunday, Aug 13, 2017 - 05:11 AM (IST)

ਵਿਜੀਲੈਂਸ ਦੀ ਛਾਪੇਮਾਰੀ : ਪਨਗ੍ਰੇਨ ਦੇ ਗੋਦਾਮਾਂ ''ਚ 50 ਹਜ਼ਾਰ ਬੋਰੀ ਖਰਾਬ ਕਣਕ ਮਿਲੀ

ਬਠਿੰਡਾ, (ਬਲਵਿੰਦਰ)- ਜਿਥੇ ਅਕਾਲੀਆਂ ਵੱਲੋਂ ਆਟਾ-ਦਾਲ ਸਕੀਮ ਤਹਿਤ ਕਣਕ ਆਦਿ ਨਾ ਮਿਲਣ ਦਾ ਰੌਲਾ ਪਾਇਆ ਜਾ ਰਿਹਾ ਸੀ, ਉਥੇ ਕਾਂਗਰਸੀ ਇਸ ਨੂੰ ਕੋਰਾ ਝੂਠ ਕਰਾਰ ਦੇ ਰਹੇ ਸਨ। ਨਾਲ ਹੀ ਕਾਂਗਰਸੀ ਹਕੂਮਤ ਨੇ ਅਕਾਲੀਆਂ ਦੀ ਆਟਾ-ਦਾਲ ਸਕੀਮ 'ਤੇ ਸ਼ੱਕ ਕਰਦਿਆਂ ਬਠਿੰਡਾ 'ਚ ਪਨਗ੍ਰੇਨ ਦੇ ਗੋਦਾਮਾਂ 'ਤੇ ਛਾਪੇਮਾਰੀ ਕਰ ਦਿੱਤੀ, ਜਿਥੋਂ 50 ਹਜ਼ਾਰ ਬੋਰੀਆਂ ਕਣਕ ਦੀਆਂ ਖਰਾਬ ਮਿਲੀਆਂ। ਇਹ ਮਾਮਲਾ ਅਕਾਲੀ ਦਲ ਤੇ ਕਾਂਗਰਸ, ਦੋਵੇਂ ਪਾਰਟੀਆਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 
ਜਾਣਕਾਰੀ ਮੁਤਾਬਕ ਵਿਜੀਲੈਂਸ ਐੱਸ. ਐੱਸ. ਪੀ. ਜਗਜੀਤ ਸਿੰਘ ਭਗਤਾਣਾ ਨੂੰ ਸੂਚਨਾ ਮਿਲੀ ਸੀ ਕਿ ਪਨਗ੍ਰੇਨ ਦੇ ਗੋਦਾਮਾਂ 'ਚ ਭੰਡਾਰ ਕਣਕ ਸ਼ੱਕ ਦੇ ਘੇਰੇ ਵਿਚ ਹੈ, ਜਿਸ ਦਾ ਸਬੰਧ ਆਟਾ-ਦਾਲ ਸਕੀਮ ਨਾਲ ਹੈ। ਇਸ 'ਤੇ ਉਨ੍ਹਾਂ ਆਪਣੀ ਦੇਖ-ਰੇਖ ਹੇਠ ਚਾਰ ਟੀਮਾਂ ਦਾ ਗਠਨ ਕੀਤਾ ਜਿਨ੍ਹਾਂ ਵੱਲੋਂ ਜੱਸੀ ਪੌ ਵਾਲੀ, ਕੋਟਸ਼ਮੀਰ, ਨਰੂਆਣਾ ਅਤੇ ਜੈ ਸਿੰਘ ਵਾਲਾ ਵਿਖੇ ਸਥਿਤ ਪਨਗ੍ਰੇਨ ਗੋਦਾਮਾਂ 'ਤੇ ਇਕੋ ਸਮੇਂ ਛਾਪਾ ਮਾਰਿਆ ਗਿਆ। ਇਹ ਗੋਦਾਮ ਅਨਾਜ ਨਾਲ ਨੱਕੋ-ਨੱਕ ਭਰੇ ਪਏ ਹਨ, ਜਿਨ੍ਹਾਂ 'ਚ ਕੇਂਦਰੀ ਪੂਲ ਦਾ ਅਨਾਜ ਵੀ ਸ਼ਾਮਲ ਹੈ। 
ਇਨ੍ਹਾਂ ਗੋਦਾਮਾਂ 'ਚੋਂ 50 ਹਜ਼ਾਰ ਬੋਰੀ ਖਰਾਬ ਕਣਕ ਦੀ ਮਿਲੀ ਹੈ, ਜੋ ਕਿ ਸ਼ੱਕ ਦੇ ਘੇਰੇ ਵਿਚ ਹੈ। ਇਸ ਦੌਰਾਨ ਕਣਕ ਦੀਆਂ ਬੋਰੀਆਂ ਦਾ ਭਾਰ ਵੀ ਚੈੱਕ ਕੀਤਾ ਗਿਆ, ਜੋ ਸ਼ੱਕੀ ਜਾਪ ਰਿਹਾ ਹੈ।
ਭਗਤਾਣਾ ਦਾ ਕਹਿਣਾ ਹੈ ਕਿ ਚੈਕਿੰਗ ਦੌਰਾਨ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਜਿਨ੍ਹਾਂ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਪਨਗ੍ਰੇਨ ਤੋਂ ਸਾਰਾ ਰਿਕਾਰਡ ਵੀ ਮੰਗਿਆ ਗਿਆ ਹੈ ਪਰ ਛੁੱਟੀ ਹੋਣ ਕਾਰਨ ਰਿਕਾਰਡ ਨਹੀਂ ਮਿਲ ਸਕਿਆ।
ਦੂਜੇ ਪਾਸੇ ਮੌਕੇ 'ਤੇ ਹਾਜ਼ਰ ਪਨਗ੍ਰੇਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਖਰਾਬ ਮਿਲੀ ਕਣਕ 2012-13 ਅਤੇ 2016-17 ਵਿਚ ਅਣਫਿੱਟ ਕਰਾਰ ਦਿੱਤੀ ਗਈ ਸੀ, ਜਿਸ ਦਾ ਨਿਪਟਾਰਾ ਹੋਣਾ ਬਾਕੀ ਹੈ ਤੇ ਉਹ ਅਜੇ ਤੱਕ ਗੋਦਾਮਾਂ ਵਿਚ ਹੀ ਰੱਖੀ ਹੋਈ ਹੈ। ਪਨਗ੍ਰੇਨ ਦੇ ਅਧਿਕਾਰੀ ਆਪਣਾ ਮਾਸ ਬਚਾਉਣ ਵਿਚ ਲੱਗੇ ਹੋਏ ਹਨ ਕਿਉਂਕਿ ਕਈ ਤਰ੍ਹਾਂ ਦੀਆਂ ਖਾਮੀਆਂ ਮਿਲਣ ਦੇ ਆਸਾਰ ਹਨ।


Related News