ਭ੍ਰਿਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ, SHO ਤੇ ASI ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
Sunday, Dec 25, 2022 - 12:26 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਨੂੰ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਢਿੱਲਵਾਂ, ਜ਼ਿਲ੍ਹਾ ਕਪੂਰਥਲਾ ’ਚ ਐੱਸ. ਐੱਚ. ਓ. ਵਜੋਂ ਤਾਇਨਾਤ ਸਬ-ਇੰਸਪੈਕਟਰ (ਐੱਸ.ਆਈ.) ਹਰਪਾਲ ਸਿੰਘ (82/ਜਲੰਧਰ) ਅਤੇ ਉਸ ਦੇ ਅਧੀਨ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ. ਐੱਸ. ਆਈ.) ਹਰਵੰਤ ਸਿੰਘ (405/ਕਪੂਰਥਲਾ) ਨੂੰ 6,500 ਰੁਪਏ ਦੀ ਰਿਸ਼ਵਤ ਲੈਣ ਅਤੇ ਹੋਰ 50,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸ਼ਿਕਾਇਤਕਰਤਾ ਇਕਬਾਲ ਸਿੰਘ ਵਾਸੀ ਪਿੰਡ ਪੰਡੋਰੀ ਕੱਦ, ਜ਼ਿਲ੍ਹਾ ਹੁਸ਼ਿਆਰਪੁਰ ਤੋਂ 6,500 ਰੁਪਏ ਦੀ ਰਿਸ਼ਵਤ ਹਾਸਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਸ ਮੁਲਾਜ਼ਮਾਂ ਨੇ ਆਪਸ ’ਚ ਮਿਲੀਭੁਗਤ ਕਰਕੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਤਹਿਤ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 6500 ਰੁਪਏ ਰਿਸ਼ਵਤ ਵਜੋਂ ਲੈ ਲਏ ਅਤੇ ਉਸ ਦੀ ਕਾਰ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਅਤੇ ਏ.ਟੀ.ਐੱਮ. ਕਾਰਡ ਜ਼ਬਤ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕੀਤੀ ਖ਼ੁਦਕੁਸ਼ੀ, ਟੀ. ਵੀ. ਸੀਰੀਅਲ ਦੇ ਸੈੱਟ ’ਤੇ ਲਿਆ ਫਾਹਾ
ਉਹ ਮੁਲਾਜ਼ਮ ਉਸ ਦੀ ਗੱਡੀ ਅਤੇ ਦਸਤਾਵੇਜ਼ ਛੱਡਣ ਬਦਲੇ ਉਸ ਕੋਲੋਂ 50,000 ਰੁਪਏ ਦੀ ਹੋਰ ਮੰਗ ਕਰ ਰਹੇ ਹਨ। ਇਸ ਬਾਰੇ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ। ਉਕਤ ਦੋਸ਼ੀ ਪੁਲਸ ਮੁਲਾਜ਼ਮਾਂ ਨੇ ਉਸ ਦੀ ਗੱਡੀ ਨੂੰ 10 ਦਿਨਾਂ ਤੱਕ ਆਪਣੇ ਕਬਜ਼ੇ ’ਚ ਰੱਖਿਆ ਅਤੇ ਜਦੋਂ ਉਸ ਨੇ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਨੂੰ ਗੱਡੀ ਸਮੇਤ ਸਾਰੇ ਦਸਤਾਵੇਜ਼ ਵਾਪਸ ਕਰ ਦਿੱਤੇ। ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਆਨਲਾਈਨ ਸ਼ਿਕਾਇਤ ’ਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਹੈ ਅਤੇ ਦੋਵਾਂ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਸ਼ਿਕਾਇਤਕਰਤਾ ਕੋਲੋਂ 6,500 ਰੁਪਏ ਦੀ ਰਿਸ਼ਵਤ ਹਾਸਲ ਕਰਨ ਅਤੇ 50,000 ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧ ’ਚ ਉਪਰੋਕਤ ਦੋਵਾਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 389, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਰਕਾਰ ਅਗਲੇ ਸਾਲ ਤੋਂ ਨਾਗਰਿਕਾਂ ਨੂੰ ਈ-ਪਾਸਪੋਰਟ ਕਰੇਗੀ ਜਾਰੀ