ਵਿਜੀਲੈਂਸ ਦਾ ਆਲ੍ਹਾ ਅਧਿਕਾਰੀ ਚਰਚਾ ''ਚ, ਵਿਦੇਸ਼ ’ਚ 100 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਬਣਿਆ ਮਾਲਕ
Saturday, Sep 17, 2022 - 01:11 PM (IST)
ਜਲੰਧਰ (ਜ. ਬ.)– ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਉਣ ਤੋਂ ਬਾਅਦ ਆਏ ਦਿਨ ਚਰਚਾ ਵਿਚ ਰਹਿਣ ਵਾਲੇ ਵਿਜੀਲੈਂਸ ਮਹਿਕਮੇ ਦਾ ਇਕ ਅਧਿਕਾਰੀ ਫਿਰ ਚਰਚਾ ਵਿਚ ਹੈ ਪਰ ਇਸ ਵਾਰ ਈਮਾਨਦਾਰੀ ਨਾਲ ਆਪਣਾ ਕੰਮ ਕਰਨ ਲਈ ਨਹੀਂ, ਸਗੋਂ ਕੈਨੇਡਾ ਵਿਚ ਬੈਠ ਕੇ ਸਾਰੇ ਪੈਸੇ ਇਨਵੈਸਟ ਕਰਵਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਾਲਾਂ ਤੋਂ ਚੱਲ ਰਹੀ ਇਸ ਆਰਗੇਨਾਈਜ਼ਡ ਕੁਰੱਪਸ਼ਨ ਦੇ ਨੈਕਸਸ ’ਤੇ ਕਿਸੇ ਆਗੂ ਜਾਂ ਕਿਸੇ ਵੱਡੇ ਅਧਿਕਾਰੀ ਦਾ ਧਿਆਨ ਨਹੀਂ ਗਿਆ। ਕਾਲੀ ਕਮਾਈ ਨੂੰ ਸਫ਼ੈਦ ਕਰਕੇ ਕਰੋੜਾਂ ਰੁਪਏ ਕਮਾਉਣ ਦੀ ਇਸ ਖੇਡ ’ਤੇ ਕੀ ‘ਆਪ’ ਸਰਕਾਰ ਧਿਆਨ ਦੇਵੇਗੀ? ਇੰਨਾ ਹੀ ਨਹੀਂ, ਸਰਕਾਰ ਨੂੰ ਉਕਤ ਅਧਿਕਾਰੀ ਦੇ ਵਿਦੇਸ਼ੀ ਦੌਰਿਆਂ ਬਾਰੇ ਵੀ ਜਾਣਕਾਰੀ ਜੁਟਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਹਰ ਸਾਲ ਕਿੰਨੀ ਵਾਰ ਉਕਤ ਅਧਿਕਾਰੀ ਵਿਦੇਸ਼ ਜਾਂਦਾ ਹੈ।
ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਉਕਤ ਆਲ੍ਹਾ ਅਧਿਕਾਰੀ ਕਈ ਸਾਲਾਂ ਤੋਂ ਵਿਜੀਲੈਂਸ ਮਹਿਕਮੇ ਵਿਚ ਤਾਇਨਾਤ ਰਿਹਾ ਅਤੇ ਆਪਣਾ ਸਾਮਰਾਜ ਕਾਇਮ ਕੀਤਾ। ਇਸ ਸਾਮਰਾਜ ਨੂੰ ਕਾਇਮ ਕਰਨ ਲਈ ਆਪਣੀ ਸੀਟ ਅਤੇ ਤਾਕਤ ਦੀ ਦੁਰਵਰਤੋਂ ਕਰਕੇ ਉਸ ਨੇ ਆਰ. ਟੀ. ਏ. ਦਫ਼ਤਰ, ਤਹਿਸੀਲ ਕੰਪਲੈਕਸ, ਪੁੱਡਾ ਵਿਭਾਗ, ਇੰਪਰੂਵਮੈਂਟ ਟਰੱਸਟ, ਡਰੱਗ ਵਿਭਾਗ ਸਮੇਤ ਨਿਗਮ ਦਫ਼ਤਰਾਂ ਵਿਚ ਸੈਟਿੰਗ ਕਰਕੇ ਮੂੰਹ ਮਿੱਠਾ ਕਰਨਾ ਸ਼ੁਰੂ ਕੀਤਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਕਤ ਅਧਿਕਾਰੀ ਵੱਖ-ਵੱਖ ਵਿਭਾਗਾਂ ਵਿਚ ਆਪਣੇ ਵੱਖ-ਵੱਖ ਮਨੀ ਕੁਲੈਕਟਰਾਂ ਨੂੰ ਭੇਜਦਾ ਸੀ। ਕੁਰੱਪਸ਼ਨ ਦੀ ਇਸ ਖੇਡ ਨੂੰ ਆਲ੍ਹਾ ਅਧਿਕਾਰੀ ਨੇ ਇੰਨੀ ਵੱਡੀ ਬਣਾ ਲਿਆ ਹੈ ਕਿ ਉਹ ਵਿਦੇਸ਼ ਵਿਚ ਬੈਠੇ ਆਪਣੇ ਰਿਸ਼ਤੇਦਾਰ ਦੇ ਨਾਂ ’ਤੇ ਇਕ ਟਰੱਸਟ ਰਜਿਸਟਰਡ ਕਰਵਾ ਕੇ ਉਸੇ ਟਰੱਸਟ ਦੇ ਨਾਂ ’ਤੇ ਚੈੱਕ ਲੈਂਦਾ ਹੈ ਅਤੇ ਸਾਰਾ ਪੈਸਾ ਵਿਦੇਸ਼ ਵਿਚ ਇਨਵੈਸਟ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇੰਨੇ ਸਾਲਾਂ ਵਿਚ ਆਲ੍ਹਾ ਅਧਿਕਾਰੀ ਨੇ ਲਗਭਗ 100 ਕਰੋੜ ਤੋਂ ਵੱਧ ਦੀ ਵਿਦੇਸ਼ ਵਿਚ ਜਾਇਦਾਦ ਬਣਾ ਲਈ ਹੈ।
ਪ੍ਰਾਪਰਟੀ ਡੀਲਿੰਗ ਦਾ ਵੀ ਕੰਮ ਕਰਦਾ ਹੈ ਅਧਿਕਾਰੀ, ਕਾਲੋਨੀ ਵੀ ਕੱਟੀ
ਸੂਤਰਾਂ ਮੁਤਾਬਕ ਉਕਤ ਆਲ੍ਹਾ ਅਧਿਕਾਰੀ ਸਾਲਾਂ ਤੋਂ ਪ੍ਰਾਪਰਟੀ ਡੀਲਿੰਗ ਦਾ ਕਾਰੋਬਾਰ ਵੀ ਕਰ ਰਿਹਾ ਹੈ। ਅਧਿਕਾਰੀ ਇਕ ਕਰੋੜਪਤੀ ਇਨਵੈਸਟਰ ਨਾਲ ਮਿਲ ਕੇ ਕਾਲੀਆ ਕਾਲੋਨੀ ਦੇ ਆਲੇ-ਦੁਆਲੇ ਕਈ ਕਾਲੋਨੀਆਂ ਤੱਕ ਕੱਟ ਚੁੱਕਾ ਹੈ। ਇਸ ਕਾਲੀ ਕਮਾਈ ਨੂੰ ਇਨਵੈਸਟ ਕਰਵਾਉਣ ਪਿੱਛੇ ਇਕ ਹੋਰ ਵੱਡੇ ਪੁਲਸ ਅਧਿਕਾਰੀ ਦਾ ਵੀ ਹੱਥ ਹੈ। ਵਿਜੀਲੈਂਸ ਦਾ ਉਕਤ ਆਲ੍ਹਾ ਅਧਿਕਾਰੀ ਕੋਈ ਨਵੀਂ ਗੱਡੀ ਨੂੰ ਜੇਕਰ ਖਰੀਦਦਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਆਪਣੇ ਨਾਂ ’ਤੇ ਨਹੀਂ ਕਰਵਾਉਂਦਾ।
ਇਹ ਵੀ ਪੜ੍ਹੋ: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ
ਦੂਜਿਆਂ ’ਤੇ ਕਾਰਵਾਈ ਤਾਂ ਆਪਣੇ ਚਹੇਤਿਆਂ ’ਤੇ ਕੀਤਾ ਰਹਿਮ
ਉਥੇ ਹੀ ਉਕਤ ਅਧਿਕਾਰੀ ਬਾਰੇ ਇਹ ਵੀ ਚਰਚਾ ਹੈ ਕਿ ਆਲ੍ਹਾ ਅਧਿਕਾਰੀ ਨੇ ਚੰਡੀਗੜ੍ਹ ਸਥਿਤ ਵਿਜੀਲੈਂਸ ਬਿਊਰੋ ਦੇ ਹੈੱਡਕੁਆਰਟਰ ਵਿਚ ਇਕ ਵਾਇਸ ਰਿਕਾਰਡਿੰਗ ਭੇਜੀ ਗਈ ਸੀ, ਜਿਸ ਵਿਚ ਇਕ ਜੀ. ਓ. ਰੈਂਕ ਦਾ ਅਧਿਕਾਰੀ, ਇਕ ਥਾਣੇਦਾਰ ਅਤੇ ਇਕ ਸਟੈਨੋ ਸ਼ਾਮਲ ਸਨ, ਤਿੰਨਾਂ ਨੇ ਮਿਲ ਕੇ ਇਕ ਵਿਅਕਤੀ ਕੋਲੋਂ ਪੈਸੇ ਮੰਗੇ ਸਨ। ਜਦੋਂ ਸ਼ਿਕਾਇਤ ਦੀ ਜਾਂਚ ਜਲੰਧਰ ਸਥਿਤ ਰੇਂਜ ਦਫਤਰ ਵਿਚ ਪਹੁੰਚੀ ਤਾਂ ਉਕਤ ਅਧਿਕਾਰੀ ਨੇ ਆਪਣੇ ਚਹੇਤਿਆਂ ਦਾ ਤਬਾਦਲਾ ਕਰ ਦਿੱਤਾ, ਜਦੋਂ ਕਿ ਜੇਕਰ ਇਹ ਕੋਈ ਹੋਰ ਅਧਿਕਾਰੀ ਹੁੰਦਾ ਤਾਂ ਸਰਕਾਰੀ ਮੁਲਾਜ਼ਮ ’ਤੇ ਪਰਚਾ ਦਰਜ ਹੋ ਜਾਂਦਾ।
ਤਬਾਦਲੇ ਤੋਂ ਬਾਅਦ ਫਿਰ ਜਲੰਧਰ ’ਚ ਲਈ ਪੋਸਟਿੰਗ
ਸੂਤਰਾਂ ਮੁਤਾਬਕ ਉਕਤ ਵਿਜੀਲੈਂਸ ਅਧਿਕਾਰੀ ਸਾਲਾਂ ਤੋਂ ਇਕ ਹੀ ਸੀਟ ’ਤੇ ਬੈਠਾ ਰਿਹਾ ਹੈ। ਅਜੇ ਹਾਲ ਹੀ ਵਿਚ ਉਸ ਦਾ ਤਬਾਦਲਾ ਹੋਇਆ ਹੈ। ਉਸਨੇ ਹਾਈਕਮਾਨ ਤੱਕ ਪਹੁੰਚ ਕਰਕੇ ਫਿਰ ਆਪਣਾ ਤਬਾਦਲਾ ਜਲੰਧਰ ਵਿਚ ਕਰਵਾ ਲਿਆ। ਹੁਣ ਇਹ ਤਬਾਦਲਾ ਵੀ ਕਈ ਸਵਾਲ ਖੜ੍ਹੇ ਕਰ ਰਿਹਾ ਹੈ। ਹੁਣ ਇਸ ਅਧਿਕਾਰੀ ਦੇ ਕਾਰਨਾਮਿਆਂ ਦੇ ਜਲਦ ਕਈ ਹੋਰ ਖ਼ੁਲਾਸੇ ਹੋਣਗੇ। ਹਾਲਾਂਕਿ ਕਈ ਅਧਿਕਾਰੀਆਂ ਦੀਆਂ ਵਿਜੀਲੈਂਸ ਵਿਚ ਅਜੇ ਵੀ ਕਈ ਸ਼ਿਕਾਇਤਾਂ ਪੈਂਡਿੰਗ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਬੀਜ ਵਿਕਰੇਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ CM ਮਾਨ ਨੂੰ ਸੁਸਾਈਡ ਨੋਟ 'ਚ ਕੀਤੀ ਫਰਿਆਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ