ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਲੈਂਦਾ ਏ. ਐਸ. ਆਈ. ਰੰਗੇ ਹੱਥੀਂ ਕਾਬੂ

12/03/2019 3:37:01 PM

ਤਲਵੰਡੀ ਭਾਈ/ ਮੁੱਦਕੀ (ਗੁਲਾਟੀ/ਹੈਪੀ) : ਬੀਤੀ ਦੇਰ ਸ਼ਾਮ ਵਿਜੀਲੈਂਸ ਵਿਭਾਗ ਫ਼ਿਰੋਜ਼ਪੁਰ ਦੀ ਟੀਮ ਨੇ ਡੀ. ਐੱਸ. ਪੀ. ਹਰਿੰਦਰ ਸਿੰਘ ਡੋਡ ਦੀ ਅਗਵਾਈ ਹੇਠ ਥਾਣਾ ਘੱਲ ਖੁਰਦ ਵਿਖੇ ਤਾਇਨਾਤ ਏ. ਐਸ. ਆਈ. ਮਲਕੀਤ ਸਿੰਘ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਦੇ ਉਪ ਕਪਤਾਨ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਸਤਨਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਰਮੂੰਵਾਲਾ ਨੇ ਸਿੰਚਾਈ ਵਿਭਾਗ ਦੇ ਐੱਸ. ਡੀ. ਓ. ਗੁਲਾਬ ਸਿੰਘ ਪੁੱਤਰ ਗੁਰਮੁਖ ਸਿੰਘ ਨਾਲ ਕਿਸੇ ਮਾਮਲੇ 'ਚ ਵਿਵਾਦ ਚੱਲ ਰਿਹਾ ਸੀ ਤੇ ਉਸਨੇ ਉਕਤ ਐੱਸ. ਡੀ. ਓ. ਖਿਲਾਫ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਹੋਈ ਸੀ ਜਿਸਦੀ ਪੜਤਾਲ ਉਕਤ ਥਾਣੇਦਾਰ ਕੋਲ ਸੀ ਅਤੇ ਪੜਤਾਲ ਨੂੰ ਲੈ ਕੇ ਉਕਤ ਥਾਣੇਦਾਰ ਉਸ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ, ਜਿਸਦਾ ਸੌਦਾ 3000 ਰੁਪਏ ਵਿਚ ਤਹਿ ਹੋ ਗਿਆ। 
ਉਸ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਫ਼ਿਰੋਜ਼ਪੁਰ ਨੂੰ ਕੀਤੀ, ਜਿਸਦੀ ਯੋਜਨਾ ਅਨੁਸਾਰ ਮੁਲਜ਼ਮ ਥਾਣੇਦਾਰ ਨੂੰ 3 ਹਜ਼ਾਰ ਰੁਪਏ ਲੈਂਦਿਆਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਡੀ. ਐੱਸ. ਪੀ. ਹਰਿੰਦਰ ਸਿੰਘ ਡੋਡ ਦੀ ਅਗਵਾਈ ਹੇਠ ਸਰਕਾਰੀ ਗਵਾਹ ਡਾਕਟਰ ਅਮਨਦੀਪ ਸਿੰਘ ਵੈਟਨਰੀ ਅਫ਼ਸਰ ਅਤੇ ਡਾਕਟਰ ਅਭਿਜੀਤ ਸਿੰਘ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀ ਹਾਜ਼ਰੀ ਵਿਚ ਬੀਤੀ ਸ਼ਾਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।


Gurminder Singh

Content Editor

Related News