ਸਾਬਕਾ ਮੰਤਰੀ ਸਿੰਗਲਾ ’ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਵਿਭਾਗ ਦਾ ਸਾਰਾ ਰਿਕਾਰਡ ਕੀਤਾ ਤਲਬ

Tuesday, Dec 13, 2022 - 08:54 PM (IST)

ਸਾਬਕਾ ਮੰਤਰੀ ਸਿੰਗਲਾ ’ਤੇ ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, ਵਿਭਾਗ ਦਾ ਸਾਰਾ ਰਿਕਾਰਡ ਕੀਤਾ ਤਲਬ

ਜਲੰਧਰ (ਨਰਿੰਦਰ ਮੋਹਨ) : ਸਾਬਕਾ ਸਰਕਾਰ 'ਚ ਪੀ. ਡਬਲਿਊ. ਡੀ. ਮੰਤਰੀ ਰਹੇ ਵਿਜੇਇੰਦਰ ਸਿੰਗਲਾ ’ਤੇ ਵਿਜੀਲੈਂਸ ਦਾ ਸ਼ਿੰਕਜਾ ਕੱਸਿਆ ਜਾਣ ਲੱਗਾ ਹੈ। ਵਿਜੀਲੈਂਸ ਨੇ ਪੀ. ਡਬਲਿਊ. ਡੀ. ਵਿਭਾਗ ਦੇ ਅਧਿਕਾਰੀਆਂ ਨੂੰ ਬਾਕਾਇਦਾ ਸਿੰਗਲਾ ਦਾ ਨਾਂ ਲਿਖ ਕੇ ਕਿਹਾ ਹੈ ਕਿ ਸਿੰਗਲਾ ਦੇ ਕਾਰਜਕਾਲ ਵਿੱਚ ਜਿੰਨੇ ਵੀ ਪ੍ਰਾਜੈਕਟਾਂ ਦੀ ਅਲਾਟਮੈਂਟ ਕੀਤੀ ਗਈ ਹੈ, ਉਨ੍ਹਾਂ ਦੀਆਂ ਮੁਕੰਮਲ ਫਾਈਲਾਂ 15 ਦਸੰਬਰ ਨੂੰ ਬਿਊਰੋ ਦੇ ਦਫ਼ਤਰ 'ਚ ਪੇਸ਼ ਕੀਤੀਆਂ ਜਾਣ। ਵਿਜੀਲੈਂਸ ਦੇ ਇਹ ਨਿਰਦੇਸ਼ ਅੱਜ ਹੀ ਜਾਰੀ ਹੋਏ ਹਨ ਅਤੇ ਵਿਭਾਗ ਨੂੰ ਤਮਾਮ ਫਾਈਲਾਂ ਲਈ ਸਿਰਫ 2 ਦਿਨ ਦਾ ਸਮਾਂ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਛੇਤੀ ਹੀ ਸਾਬਕਾ ਮੰਤਰੀ ਅਤੇ ਉਸ ਦੇ ਸਮੇਂ ਕਰੀਬ ਰਹੇ ਅਧਿਕਾਰੀਆਂ ’ਤੇ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ : ਪੰਚਾਇਤ ਸਾਹਮਣੇ ਫੌਜੀ ਦੀ ਬੇਰਹਿਮੀ ਨਾਲ ਕੁੱਟਮਾਰ, ਗਰਭਵਤੀ ਪਤਨੀ ਵੀ ਹੋਈ ਜ਼ਖ਼ਮੀ

ਜ਼ਿਕਰਯੋਗ ਹੈ ਕਿ ਵਿਜੇਇੰਦਰ ਸਿੰਗਲਾ ਸਾਬਕਾ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਪੀ. ਡਬਲਿਊ. ਡੀ. ਮੰਤਰੀ ਸਨ। ਉਨ੍ਹਾਂ ’ਤੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਚੱਲ ਰਹੇ ਹਨ। ਵਿਜੀਲੈਂਸ ਸਾਬਕਾ ਸਰਕਾਰ 'ਚ ਪੀ. ਡਬਲਿਊ. ਡੀ. ਮੰਤਰੀ ਦੇ ਕਾਰਜਕਾਲ ਵਿੱਚ ਹੋਏ ਟੈਂਡਰਾਂ ਦੀ ਜਾਂਚ ਕਰ ਰਹੀ ਹੈ। ਸਾਬਕਾ ਮੰਤਰੀ ਸਿੰਗਲਾ ਦੇ 5 ਕਰੀਬੀਆਂ ਨੂੰ ਪੁੱਛਗਿੱਛ ਲਈ ਵਿਜੀਲੈਂਸ ਪਹਿਲਾਂ ਹੀ ਸਤੰਬਰ ਮਹੀਨੇ ਵਿੱਚ ਤਲਬ ਕਰ ਚੁੱਕੀ ਹੈ। ਵਿਜੀਲੈਂਸ ਦੀ ਇਹ ਜਾਂਚ ਕੁਝ ਠੇਕੇਦਾਰਾਂ ਦੀ ਸ਼ਿਕਾਇਤ ’ਤੇ ਕੀਤੀ ਜਾ ਰਹੀ ਹੈ। ਇਹ ਸ਼ਿਕਾਇਤ ਅਲਾਟ ਹੋਏ 5 ਕਰੋੜ ਤੋਂ ਜ਼ਿਆਦਾ ਕੀਮਤ ਦੇ ਟੈਂਡਰਾਂ ਨੂੰ ਲੈ ਕੇ ਹੈ। ਵਿਜੀਲੈਂਸ ਨੂੰ ਸ਼ੱਕ ਹੈ ਕਿ ਇਨ੍ਹਾਂ ਟੈਂਡਰਾਂ 'ਚ ਕੋਈ ਗੜਬੜੀ ਹੋਈ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਮੀਤ ਹੇਅਰ ਦੀ ਦੋ-ਟੁਕ: 21 ਫਰਵਰੀ ਤੱਕ ਸਾਰੇ ਸਾਈਨ ਬੋਰਡ ਪੰਜਾਬੀ 'ਚ ਕੀਤੇ ਜਾਣ

ਇਸ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੀ ਵਾਇਰਲ ਹੋਏ ਕੁਝ ਮੈਸੇਜ ਵੀ ਵਿਜੀਲੈਂਸ ਤੱਕ ਪੁੱਜੇ ਸਨ। ਇਸ ਵਿੱਚ ਕੁਝ ਠੇਕੇਦਾਰਾਂ ਨੂੰ ਇਕ ਪਾਸੇ ਕਰਕੇ ਖਾਸ ਲੋਕਾਂ ਨੂੰ ਕੰਮ ਅਲਾਟ ਕੀਤਾ ਗਿਆ। ਪੰਜਾਬ 'ਚ 2 ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ ਤੇ ਭਾਰਤ ਭੂਸ਼ਣ ਆਸ਼ੂ ਕੁਰੱਪਸ਼ਨ ਕੇਸ ਵਿੱਚ ਫਸੇ ਹੋਏ ਹਨ। ਉਥੇ ਹੀ ਸੰਗਤ ਸਿੰਘ ਗਿਲਜੀਆਂ ਜ਼ਮਾਨਤ ’ਤੇ ਚੱਲ ਰਹੇ ਹਨ। ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ’ਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਕੱਸਣ ਲੱਗਾ ਹੈ। ਇਸੇ ਦੌਰਾਨ ਸਾਬਕਾ ਮੰਤਰੀ ਸਿੰਗਲਾ ਦੀ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ

ਵਿਜੀਲੈਂਸ ਨੇ ਕਾਰਜਕਾਰੀ ਇੰਜੀਨੀਅਰ, ਨਿਰਮਾਣ ਮੰਡਲ ਰੂਪਨਗਰ ਨੂੰ ਚਿੱਠੀ ਭੇਜ ਕੇ ਕਿਹਾ ਹੈ ਕਿ ਸਾਬਕਾ ਮੰਤਰੀ ਸਿੰਗਲਾ, ਅਧਿਕਾਰੀ ਅਤੇ ਕਰਮਚਾਰੀਆਂ ਵਿਰੁੱਧ ਆਏ ਸ਼ਿਕਾਇਤ ਦੇ ਮਾਮਲੇ 'ਚ ਅਪ੍ਰੈਲ 2018 ਤੋਂ ਫਰਵਰੀ 2022 ਤੱਕ ਜਿੰਨੇ ਵੀ ਟੈਂਡਰਾਂ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀਆਂ ਕਾਪੀਆਂ 14 ਦਸੰਬਰ ਨੂੰ ਵਿਜੀਲੈਂਸ ਦੇ ਦਫ਼ਤਰ 'ਚ ਪੇਸ਼ ਕਰਨਾ ਯਕੀਨੀ ਬਣਾਈ ਜਾਵੇ। ਵਿਜੀਲੈਂਸ ਵੱਲੋਂ ਇਕ ਹੋਰ ਚਿੱਠੀ 'ਚ ਪੀ. ਐੱਮ. ਜੀ. ਵਾਈ. ਐੱਸ. ਪ੍ਰਾਜੈਕਟ, ਪਲੇਨ ਰੋਡ, ਰਾਸ਼ਟਰੀ ਰਾਜਮਾਰਗ ਅਤੇ ਲਿੰਕ ਮਾਰਗਾਂ ਦੇ ਜੋ ਪ੍ਰਾਜੈਕਟ ਸਾਬਕਾ ਮੰਤਰੀ ਸਿੰਗਲਾ ਦੇ ਸਮੇਂ ਮਨਜ਼ੂਰ ਹੋਏ ਸਨ, ਉਨ੍ਹਾਂ ਦੇ ਤਮਾਮ ਦਸਤਾਵੇਜ਼ 15 ਦਸੰਬਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰਿਕਾਰਡ ਵੀ ਖੰਗਾਲ ਰਹੀ ਹੈ, ਜੋ ਉਨ੍ਹਾਂ ਦਿਨਾਂ ਵਿੱਚ ਚੰਗੇ ਅਹੁਦਿਆਂ ’ਤੇ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News