ਸਮਾਰਟ ਸਿਟੀ ਜਲੰਧਰ ਦੇ ਘਪਲੇ ’ਚ ਪੰਜਾਬ ਦੇ ਇਕ ਵੱਡੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਵਿਜੀਲੈਂਸ

Monday, Oct 17, 2022 - 05:07 PM (IST)

ਸਮਾਰਟ ਸਿਟੀ ਜਲੰਧਰ ਦੇ ਘਪਲੇ ’ਚ ਪੰਜਾਬ ਦੇ ਇਕ ਵੱਡੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਵਿਜੀਲੈਂਸ

ਜਲੰਧਰ (ਖੁਰਾਣਾ)- ਪਿਛਲੇ 3-4 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਵਿਚ ਨਾ ਸਿਰਫ਼ ਕਰੋੜਾਂ ਰੁਪਏ ਦੇ ਘਪਲੇ ਅਤੇ ਕਮੀਸ਼ਨਖੋਰੀ ਹੋਈ, ਸਗੋਂ ਵਧੇਰੇ ਪ੍ਰਾਜੈਕਟ ਲਾਪ੍ਰਵਾਹੀ ਅਤੇ ਨਾਲਾਇਕੀ ਦੀ ਭੇਟ ਚੜ੍ਹ ਗਏ। ਸਮਾਰਟ ਸਿਟੀ ਜਲੰਧਰ ਦੇ ਲਗਭਗ ਸਾਰੇ ਪ੍ਰਾਜੈਕਟਾਂ ਦੀ ਇਨ੍ਹੀਂ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਘਪਲੇ ਦੇ ਸਿਲਸਿਲੇ ਵਿਚ ਪੰਜਾਬ ਦੇ ਇਕ ਅਧਿਕਾਰੀ ਨੂੰ ਜਲਦ ਵਿਜੀਲੈਂਸ ਵੱਲੋਂ ਤਲਬ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਘਪਲਿਆਂ ਨਾਲ ਸਬੰਧਤ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪੀ ਸੀ, ਉਦੋਂ ਇਹ ਕੇਸ ਜਲੰਧਰ ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ. ਮੇਜਰ ਸਿੰਘ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਨੇ ਸਮਾਰਟ ਸਿਟੀ ਦੇ ਕਈ ਪ੍ਰਾਜੈਕਟਾਂ ਦਾ ਰਿਕਾਰਡ ਤਲਬ ਕਰਕੇ ਜਾਂਚ ਸ਼ੁਰੂ ਵੀ ਕਰ ਦਿੱਤੀ ਸੀ। ਕੁਝ ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੇ ਵਿਜੀਲੈਂਸ ਮਹਿਕਮੇ ਵਿਚ ਤਬਾਦਲੇ ਕੀਤੇ ਸਨ, ਜਿਸ ਦੌਰਾਨ ਜਾਂਚ ਅਧਿਕਾਰੀ ਮੇਜਰ ਸਿੰਘ ਦਾ ਕਿਸੇ ਹੋਰ ਸ਼ਹਿਰ ਵਿਚ ਤਬਾਦਲਾ ਕਰ ਦਿੱਤਾ ਗਿਆ ਸੀ। ਹੁਣ ਜਲੰਧਰ ਸਮਾਰਟ ਸਿਟੀ ਦੇ ਮਾਮਲੇ ਦੀ ਜਾਂਚ ਇਕ ਹੋਰ ਅਧਿਕਾਰੀ ਦੇ ਜ਼ਿੰਮੇ ਆ ਪਈ ਹੈ, ਜਿਨ੍ਹਾਂ ਨੇ ਫਾਈਲਾਂ ਨੂੰ ਘੋਖਣਾ ਸ਼ੁਰੂ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਖ਼ਿਲਾਫ਼ ਈਸਾਈ ਭਾਈਚਾਰੇ ਦਾ ਜਲੰਧਰ ਦੇ PAP ਚੌਂਕ ’ਚ ਧਰਨਾ, ਉੱਠੀ ਗ੍ਰਿਫ਼ਤਾਰੀ ਦੀ ਮੰਗ

ਹਾਲਾਤ ਇਹ ਬਣੇ ਹੋਏ ਹਨ ਕਿ ਜਿਸ ਕਾਰਜਕਾਲ ਦੌਰਾਨ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਸਿਰੇ ਚੜ੍ਹੇ ਅਤੇ ਸਭ ਤੋਂ ਵੱਧ ਲਾਪਰਵਾਹੀ, ਗੜਬੜੀ ਅਤੇ ਨਾਲਾਇਕੀ ਸਾਹਮਣੇ ਆਈ ਅਤੇ ਕਮੀਸ਼ਨਖੋਰੀ ਦਾ ਬੋਲਬਾਲਾ ਰਿਹਾ, ਉਸ ਨਾਲ ਸਬੰਧਤ ਕੋਈ ਵੀ ਅਧਿਕਾਰੀ ਹੁਣ ਜਲੰਧਰ ਸਮਾਰਟ ਸਿਟੀ ਜਾਂ ਜਲੰਧਰ ਨਿਗਮ ਵਿਚ ਨਹੀਂ ਹੈ। ਇਸ ਸਮੇਂ ਜਲੰਧਰ ਸਮਾਰਟ ਸਿਟੀ ਦਾ ਦਫ਼ਤਰ ਪੂਰੀ ਤਰ੍ਹਾਂ ਖ਼ਾਲੀ ਪਿਆ ਹੈ। ਉਥੇ ਨਾ ਤਾਂ ਸਟਾਫ਼ ਨੂੰ ਤਨਖ਼ਾਹ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਦਫ਼ਤਰ ਦਾ ਕਿਰਾਇਆ, ਦੂਜੇ ਪਾਸੇ ਨਗਰ ਨਿਗਮ ਵਿਚ ਅਜਿਹਾ ਕੋਈ ਅਧਿਕਾਰੀ ਨਹੀਂ ਬਚਿਆ, ਜਿਹੜਾ ਸਮਾਰਟ ਸਿਟੀ ਦੇ ਕਿਸੇ ਵੀ ਕੰਮਕਾਜ ਦਾ ਜਵਾਬ ਦੇ ਸਕੇ। ਅਜਿਹੀ ਹਾਲਤ ਵਿਚ ਵਿਜੀਲੈਂਸ ਬਿਊਰੋ ਦੇ ਸਬੰਧਤ ਅਧਿਕਾਰੀ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੂੰ ਤਲਬ ਕਰਕੇ ਉਨ੍ਹਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਦੀ ਦੇਖ-ਰੇਖ ਵਿਚ ਸਮਾਰਟ ਸਿਟੀ ਦੇ ਕੰਮ ਮੁਕੰਮਲ ਕੀਤੇ ਗਏ, ਉਨ੍ਹਾਂ ਦੀ ਜਵਾਬਦੇਹੀ ਵੀ ਫਿਕਸ ਕੀਤੀ ਜਾ ਸਕਦੀ ਹੈ।

ਈ. ਡੀ. ਕੋਲ ਵੀ ਜਾ ਸਕਦੈ ਮਾਮਲਾ
ਵਿਜੀਲੈਂਸ ਬਿਊਰੋ ਜੇਕਰ ਪਿਛਲੇ ਸਮੇਂ ਦੌਰਾਨ ਜਲੰਧਰ ਸਮਾਰਟ ਸਿਟੀ ਵਿਚ ਹੋਏ ਘਪਲਿਆਂ ਅਤੇ ਕਮੀਸ਼ਨਖੋਰੀ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਸਾਰਾ ਮਾਮਲਾ ਈ. ਡੀ. ਕੋਲ ਵੀ ਜਾ ਸਕਦਾ ਹੈ। ਪਿਛਲੇ ਸਮੇਂ ਦੌਰਾਨ ਦੋਸ਼ ਲੱਗਦੇ ਰਹੇ ਹਨ ਕਿ ਸਮਾਰਟ ਸਿਟੀ ਦੇ ਘਪਲਿਆਂ ਵਿਚ ਸ਼ਾਮਲ ਰਕਮ ਨਾਲ ਜਲੰਧਰ ਤੋਂ ਇਲਾਵਾ ਮੋਹਾਲੀ, ਚੰਡੀਗੜ੍ਹ ਵਿਚ ਪ੍ਰਾਪਰਟੀ ਆਦਿ ਦੀ ਖਰੀਦ ਕੀਤੀ ਗਈ। ਜਲੰਧਰ ਵਿਚ ਇਕ ਫੁੱਲ ਦੇ ਨਾਂ ਵਾਲੀ ਇਮਾਰਤ ਤੋਂ ਇਲਾਵਾ ਸੁਭਾਨਾ ਵਿਚ ਨਵੇਂ ਨਿਕਲ ਰਹੇ ਬਾਈਪਾਸ ਦੇ ਨਾਲ-ਨਾਲ ਵਾਹੀਯੋਗ ਜ਼ਮੀਨ ਵੀ ਖਰੀਦੀ ਗਈ ਅਤੇ ਜਿੱਥੋਂ ਸਮਾਰਟ ਸਿਟੀ ਦਾ 120 ਫੁੱਟੀ ਰੋਡ ਪ੍ਰਾਜੈਕਟ ਨਿਕਲਣਾ ਸੀ, ਉਥੇ ਵਿਨੈ ਮੰਦਰ ਅਤੇ ਪੀ. ਪੀ. ਆਰ. ਮਾਰਕੀਟ ਦੇ ਵਿਚਕਾਰ ਵੀ ਕਈ ਪਲਾਟ ਖ਼ਰੀਦੇ ਗਏ। ਇਸ ਤੋਂ ਇਲਾਵਾ ਦੋ ਵੱਡੇ ਮਾਲਜ਼ ਦੀਆਂ ਸਮੁੱਚੀਆਂ ਮੰਜ਼ਿਲਾਂ ਖਰੀਦੀਆਂ ਗਈਆਂ ਅਤੇ 66 ਫੁੱਟੀ ਰੋਡ ’ਤੇ ਫਲੈਟਾਂ ਤੋਂ ਇਲਾਵਾ ਪਲਾਟਾਂ ਆਦਿ ਵੀ ਖ਼ਰੀਦ ਹੋਈ। ਜੇਕਰ ਇਸ ਪੂਰੇ ਮਾਮਲੇ ’ਚ ਈ. ਡੀ. ਦੀ ਜਾਂਚ ਸ਼ੁਰੂ ਹੋ ਗਈ ਤਾਂ ਘਪਲਿਆਂ ਦਾ ਪੈਸਾ ਕਿੱਥੇ-ਕਿੱਥੇ ਨਿਵੇਸ਼ ਕੀਤਾ ਗਿਆ, ਇਸ ਦੀ ਸਾਰੀ ਜਾਣਕਾਰੀ ਸਾਹਮਣੇ ਆਉਂਦੀ ਜਾਵੇਗੀ।

ਇਹ ਵੀ ਪੜ੍ਹੋ: 2024 ਦੇ ਚੋਣ ਫਿਨਾਲੇ ਤੋਂ ਪਹਿਲਾਂ ਅਗਲੇ 18 ਮਹੀਨਿਆਂ 'ਚ ਸਿਆਸੀ ਪਾਰਟੀਆਂ 'ਚ ਚੱਲੇਗੀ ‘ਸ਼ਹਿ-ਮਾਤ’ ਦੀ ਖੇਡ

ਚਹੇਤੇ ਠੇਕੇਦਾਰਾਂ ਨੂੰ ਹੁਣ ਆ ਰਹੀ ਪ੍ਰੇਸ਼ਾਨੀ
ਪਿਛਲੇ ਸਮੇਂ ਦੌਰਾਨ ਜਲੰਧਰ ਸਮਾਰਟ ਸਿਟੀ ’ਚ ਰਹਿੰਦੇ ਅਧਿਕਾਰੀਆਂ ਨੇ ਵਧੇਰੇ ਠੇਕੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਅਲਾਟ ਕੀਤੇ ਅਤੇ ਕਈ ਮਾਮਲਿਆਂ ’ਚ ਤਾਂ ਉਨ੍ਹਾਂ ਦੇ ਹਿਸਾਬ ਨਾਲ ਟੈਂਡਰ ਤਕ ਬਣਾਏ ਗਏ ਅਤੇ ਸ਼ਰਤਾਂ ਵੀ ਠੇਕੇਦਾਰ ਮੁਤਾਬਕ ਤੈਅ ਕੀਤੀਆਂ ਗਈਆਂ। ਕੁਝ ਮਾਮਲਿਆਂ ਵਿਚ ਠੇਕੇਦਾਰ ਨੂੰ ਫਾਇਦਾ ਪਹੁੰਚਾਉਣ ਲਈ ਪ੍ਰਾਜੈਕਟ ਅਤੇ ਟੈਂਡਰ ਦੀ ਰਕਮ ਕਈ ਕਰੋੜ ਰੁਪਏ ਵਧਾ ਦਿੱਤੀ ਗਈ। ਹੁਣ ਜਦੋਂ ਕਿ ਸਮਾਰਟ ਸਿਟੀ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਕਾਰ ਬਣਿਆ ਨੈਕਸਸ ਟੁੱਟ ਚੁੱਕਾ ਹੈ, ਅਜਿਹੇ ਵਿਚ ਚਹੇਤੇ ਰਹੇ ਠੇਕੇਦਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਅਧਿਕਾਰੀ ਉਨ੍ਹਾਂ ਠੇਕੇਦਾਰਾਂ ਨੂੰ ਭਾਅ ਨਹੀਂ ਦੇ ਰਹੇ, ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਖੂਬ ਮੌਜਾਂ ਕੀਤੀਆਂ ਅਤੇ ਜਿਹੜਾ ਕੰਮ ਅਜੇ ਕੀਤਾ ਵੀ ਨਹੀਂ ਸੀ, ਉਸ ਦੀ ਪੇਮੈਂਟ ਵੀ ਪ੍ਰਾਪਤ ਕਰ ਲਈ। ਇਸ ਸਮੇਂ ਜਲੰਧਰ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਲਟਕਣ ਦਾ ਮੁੱਖ ਕਾਰਨ ਵੀ ਇਹੀ ਮੰਨਿਆ ਜਾ ਰਿਹਾ ਹੈ ਕਿ ਚਹੇਤੇ ਠੇਕੇਦਾਰਾਂ ਨੂੰ ਹੁਣ ਮੌਜੂਦਾ ਅਧਿਕਾਰੀ ਘਾਹ ਤਕ ਨਹੀਂ ਪਾ ਰਹੇ।

ਇਹ ਵੀ ਪੜ੍ਹੋ: ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀ ਦੀ ਸਿਹਤ ਵਿਗੜਣ ਮਗਰੋਂ ਮੌਤ, ਪੁਲਸ 'ਤੇ ਲੱਗੇ ਟਾਰਚਰ ਕਰਨ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News