ਵਿਜੀਲੈਂਸ ਬਿਊਰੋ ਵੱਲੋਂ 3 ਪੁਲਸ ਮੁਲਾਜ਼ਮਾਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ, 2 ਮੁਲਾਜ਼ਮ ਰੰਗੇ ਹੱਥੀ ਕਾਬੂ

Wednesday, Feb 03, 2021 - 09:06 PM (IST)

ਵਿਜੀਲੈਂਸ ਬਿਊਰੋ ਵੱਲੋਂ 3 ਪੁਲਸ ਮੁਲਾਜ਼ਮਾਂ ਵਿਰੁੱਧ ਰਿਸ਼ਵਤਖੋਰੀ ਦਾ ਕੇਸ ਦਰਜ, 2 ਮੁਲਾਜ਼ਮ ਰੰਗੇ ਹੱਥੀ ਕਾਬੂ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ) ਅਤੇ ਇਕ ਸੀਨੀਅਰ ਕਾਂਸਟੇਬਲ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਚੌਕੀ ਫੇਜ-8, ਮੁਹਾਲੀ ਵਿਖੇ ਤਾਇਨਾਤ ਕ੍ਰਿਸ਼ਨ ਕੁਮਾਰ, ਏ.ਐਸ.ਆਈ. (ਨੰਬਰ 1005/ ਮੁਹਾਲੀ) ਅਤੇ ਸੀਨੀਅਰ ਕਾਂਸਟੇਬਲ ਅਜੇ ਗਿੱਲ (ਨੰਬਰ 982/ ਮੁਹਾਲੀ) ਨੂੰ ਵਿਜੀਲੈਂਸ ਟੀਮ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਇਹ ਗ੍ਰਿਫਤਾਰੀ ਸ਼ਿਕਾਇਤਕਰਤਾ ਕਰਨ ਸਿੰਘ ਵਾਸੀ ਪਿੰਡ ਨਾਹਲਾਂ, ਜ਼ਿਲ੍ਹਾ ਕਾਂਗੜਾ ,ਹਿਮਾਚਲ ਪ੍ਰਦੇਸ, ਜੋ ਕਿ ਮੌਜੂਦਾ ਸਮੇਂ ਮੁਹਾਲੀ ਵਿਖੇ ਰਹਿ ਰਿਹਾ ਹੈ, ਦੀ ਸ਼ਿਕਾਇਤ ਦੇ ਅਧਾਰ ’ਤੇ ਕੀਤੀ ਗਈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਕਤ ਪੁਲਸ ਮੁਲਾਜ਼ਮ ਉਸਦਾ ਲੈਪਟਾਪ, ਪ੍ਰਿੰਟਰ ਅਤੇ ਹੋਰ ਕੀਮਤੀ ਚੀਜਾਂ ਵਾਪਸ ਕਰਨ ਬਦਲੇ ਵਿੱਚ 25,000 ਰੁਪਏ ਦੀ ਰਿਸ਼ਵਤ ਰੁਪਏ ਦੀ ਮੰਗ ਕਰ ਰਹੇ ਸਨ। ਇਹ ਚੀਜ਼ਾਂ ਉਹ ਇੰਡਸਟ੍ਰੀਅਲ ਏਰੀਆ, ਫੇਜ 8 ਮੋਹਾਲੀ ਵਿਖੇ ਸਥਿਤ ਉਸਦੀ ਸਾਈਰਾਮ ਲੋਨ ਫਰਮ ਤੋਂ ਚੁੱਕ ਕੇ ਲੈ ਗਏ ਸਨ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਜਦੋਂ ਉਹ ਪੁਲਿਸ ਚੌਕੀ ਪਹੁੰਚਿਆ ਤਾਂ ਅਜੈ ਗਿੱਲ ਨੇ ਕਿਹਾ, “ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਚੀਜਾਂ ਵਾਪਸ ਕੀਤੀਆਂ ਜਾਣ ਤਾਂ ਤੁਹਾਨੂੰ 20,000 ਦੀ ਰਿਸ਼ਵਤ ਦੇਣੀ ਪਵੇਗੀ।” ਉਸ ਸਮੇਂ ਸ਼ਿਕਾਇਤਕਰਤਾ ਨੇ ਉਨਾਂ ਨੂੰ ਆਪਣੇ ਦੋਸਤ ਤੋਂ ਉਧਾਰ ਲੈ ਕੇ  8,000 ਰੁਪਏ ਦੀ ਰਿਸ਼ਵਤ ਦਿੱਤੀ ਸੀ।    

ਇਹ ਵੀ ਪੜ੍ਹੋ :- ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਸਾਰੇ ਲੋਕ ਸਾਡੇ ਨਿਸ਼ਾਨੇ 'ਤੇ : ਜੀ. ਕੇ.

ਇਸ ਉਪਰੰਤ ਕੁਝ ਦਿਨਾਂ ਬਾਅਦ ਸੀਨੀਅਰ ਸਿਪਾਹੀ ਅਜੇ ਗਿੱਲ ਇਕ ਹੋਰ ਕਰਮਚਾਰੀ ਨਾਲ ਦੁਬਾਰਾ ਉਸਦੇ ਦਫਤਰ ਆਇਆ ਅਤੇ ਉਸਨੂੰ ਰਿਸ਼ਵਤ ਦੀ ਬਕਾਇਆ ਰਕਮ ਦੇਣ ਦੀ ਧਮਕੀ ਦਿੱਤੀ। ਸੀਨੀਅਰ ਸਿਪਾਹੀ ਗਿੱਲ ਨੇ ਉਸਨੂੰ ਰਿਸ਼ਵਤ ਦੇਣ ਲਈ ਪੁਲਿਸ ਚੌਕੀ ਵਿਖੇ ਕ੍ਰਿਸ਼ਨ ਕੁਮਾਰ, ਏ.ਐਸ.ਆਈ. ਅਤੇ ਇੱਕ ਹੋਰ ਏ.ਐਸ.ਆਈ. ਅੱਗੇ ਪੇਸ਼ ਕੀਤਾ।
ਦੋਵਾਂ ਏ.ਐਸ.ਆਈਆਂ ਨੇ ਉਸ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਉਸ ਨੂੰ 25,000 ਰੁਪਏ ਦੀ ਰਿਸ਼ਵਤ ਦੇਣ ਲਈ ਕਿਹਾ। ਇਸ ਡਰ ਕਾਰਨ ਉਸਨੇ ਮੌਕੇ ‘ਤੇ ਹੀ ਉਨਾਂ ਨੂੰ 15,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਦੇ ਦਿੱਤੀ। 
ਸ਼ਿਕਾਇਤਕਰਤਾ ਵਲੋਂ ਦਿੱਤੀ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਦੀ ਇੱਕ ਟੀਮ ਨੇ ਦੋਸੀ ਏਐਸਆਈ ਕ੍ਰਿਸ਼ਨ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸਿਕਾਇਤਕਰਤਾ ਤੋਂ ਰਿਸ਼ਵਤ ਦੇ ਬਾਕੀ ਬਚਦੇ 10,000 ਰੁਪਏ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।
ਉਨਾਂ ਦੱਸਿਆ ਕਿ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ੀ ਕ੍ਰਿਸ਼ਨ ਕੁਮਾਰ, ਅਜੈ ਗਿੱਲ ਅਤੇ ਇੱਕ ਹੋਰ ਏਐਸਆਈ ਵਿਰੁੱਧ ਵਿਜੀਲੈਂਸ ਦੇ ਫਲਾਇੰਗ ਸਕੁਐਡ ਥਾਣਾ ਮੁਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।


author

Bharat Thapa

Content Editor

Related News