ਵਿਜੀਲੈਂਸ ਨੇ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ ਭਗੌੜਾ ਨਿਰੀਖਕ ਨੂੰ ਕੀਤਾ ਗ੍ਰਿਫ਼ਤਾਰ

Saturday, Nov 19, 2022 - 05:29 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਖੁਰਾਕ ਸਿਵਲ ਸਪਲਾਈਜ਼ ਵਿਭਾਗ, ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਨਿਰੀਖਕ ਰਾਜੇਸ਼ਵਰ ਸਿੰਘ ਨੂੰ 3191.10 ਕਵਿੰਟਲ ਕਣਕ ਦਾ ਗਬਨ ਕਰਕੇ ਸਰਕਾਰ ਨੂੰ 80,43,678 ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਸਾਲ 2021 ਦੌਰਾਨ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਕਪੂਰਥਲਾ ਵੱਲੋਂ ਐੱਫ. ਸੀ. ਆਈ. ਅਧਿਕਾਰੀਆਂ ਨਾਲ ਮਿਲ ਕੇ ਮੈਸਰਜ਼ ਖੈੜਾ ਓਪਨ ਪਲਿੰਥ (ਖੁੱਲ੍ਹਾ ਗੋਦਾਮ) ਸੁਲਤਾਨਪੁਰ ਲੋਧੀ ’ਚ ਖੁਰਾਕ ਅਤੇ ਸਪਲਾਈ ਵੱਲੋਂ ਗ਼ਰੀਬ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਭੰਡਾਰ ਕੀਤੀ ਕਣਕ ਦੀ ਚੈਕਿੰਗ ਦੌਰਾਨ ਅੰਦਾਜ਼ਨ 24240.45 ਕਵਿੰਟਲ ਕਣਕ ਘੱਟ ਹੋਣੀ ਪਾਈ ਗਈ ਸੀ, ਜਿਸ ਸਬੰਧੀ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ 5 ਨਿਰੀਖਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ, ਇਸ ਕੇਸ ’ਚ ਵਿਵੇਕ ਸ਼ਰਮਾ, ਵਿਕਾਸ ਸੇਠੀ ਅਤੇ ਭੁਪਿੰਦਰ ਸਿੰਘ (ਸਾਰੇ ਨਿਰੀਖਕ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਕੇਸ ’ਚ ਸ਼ਾਮਲ ਉਕਤ ਮੁਲਜ਼ਮ ਰਾਜੇਸ਼ਵਰ ਸਿੰਘ ਨਿਰੀਖਕ, ਤਕਰੀਬਨ ਡੇਢ ਸਾਲ ਤੋਂ ਭਗੌੜਾ ਚੱਲ ਰਿਹਾ ਸੀ। ਇਸ ਮੁਲਜ਼ਮ ਵੱਲੋਂ ਸੁਲਤਾਨਪੁਰ ਲੋਧੀ ਦੀ ਅਦਾਲਤ ’ਚ ਆਤਮਸਮਰਪਣ ਕੀਤਾ ਗਿਆ, ਜਿਥੋਂ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰਕੇ ਉਸ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ।

ਇਹ ਖ਼ਬਰ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬਾਰੇ ਸਰਕਾਰੀ ਰਿਕਾਰਡ ਅਤੇ ਕਮੇਟੀ ਦੀ ਰਿਪੋਰਟ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਨਿਰੀਖਕਾਂ ਵੱਲੋਂ ਕਣਕ ਦੀ ਵੰਡ ਦੌਰਾਨ ਗੰਭੀਰ ਅਣਗਹਿਲੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਿੰਨੇ ਹੀ ਲਾਭਪਾਤਰੀ ਅਜੇ ਵੀ ਕਣਕ ਦੀ ਵੰਡ ਤੋਂ ਵਾਂਝੇ ਰਹਿ ਗਏ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਕੇਂਦਰ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਟਾਫ ਵੱਲੋਂ ਕਣਕ ਦੀ ਸਾਂਭ ਸੰਭਾਲ ਤੇ ਭੰਡਾਰਨ ’ਚ ਘੋਰ ਅਣਗਹਿਲੀ ਕੀਤੀ ਗਈ, ਜਿਸ ਨਾਲ ਨਾ ਸਿਰਫ ਕਣਕ ਦਾ ਸਟਾਕ ਖਰਾਬ ਹੋਇਆ ਹੈ ਸਗੋਂ ਕਣਕ ਦੀ ਘਾਟ ਵੀ ਪਾਈ ਗਈ, ਜਿਸ ਕਰਕੇ ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਸੁਲਤਾਨਪੁਰ ਲੋਧੀ, ਵਿਕਾਸ ਸੇਠੀ, ਰਾਜੇਸ਼ਵਰ ਸਿੰਘ (ਸਾਰੇ ਨਿਰੀਖਕ) ਅਤੇ ਮਨੀਸ਼ ਬੱਸੀ, ਸਹਾਇਕ ਖੁਰਾਕ ਤੇ ਸਪਲਾਈ ਅਫਸਰ, ਸੁਲਤਾਨਪੁਰ ਲੋਧੀ ਖਿਲਾਫ਼ ਆਈ. ਪੀ. ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ਅਤੇ RSS ਦੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਹੋਈ ਜਗ ਜ਼ਾਹਿਰ : ਐਡਵੋਕੇਟ ਧਾਮੀ


Manoj

Content Editor

Related News