ਵਿਜੀਲੈਂਸ ਨੇ ਅਮਰੂਦ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਘਪਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Tuesday, May 16, 2023 - 01:14 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਐੱਸ. ਏ. ਐੱਸ. ਨਗਰ ਜ਼ਿਲ੍ਹੇ ਦੇ ਪਿੰਡ ਬਾਕਰਪੁਰ ਵਿਚ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਸਬੰਧੀ ਹੋਏ ਘਪਲੇ ਦੇ ਮੁਲਜ਼ਮ ਸਤੀਸ਼ ਬਾਂਸਲ, ਵਾਸੀ ਵਿਸ਼ਾਲ ਨਗਰ, ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਤੀਸ਼ ਬਾਂਸਲ, ਚੰਚਲ ਕੁਮਾਰ ਅਤੇ ਉਸ ਦੀ ਪਤਨੀ ਪਰਵੀਨ ਲਤਾ ਵਾਸੀ ਬਠਿੰਡਾ ਨਾਲ ‘ਅਗਰਵਾਲ ਸਟੀਲ ਇੰਡਸਟਰੀਜ਼’ ਫਰਮ ਵਿਚ ਭਾਈਵਾਲ ਸੀ। ਇਸ ਮਾਮਲੇ ਵਿਚ ਪਰਵੀਨ ਲਤਾ ਅਤੇ ਚੰਚਲ ਕੁਮਾਰ ਦਾ ਭਰਾ ਮੁਕੇਸ਼ ਜਿੰਦਲ ਦੋਵੇਂ ਮੁਲਜ਼ਮ ਹਨ ਅਤੇ ਇਸ ਸਮੇਂ ਜੇਲ੍ਹ ਵਿਚ ਬੰਦ ਹਨ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਨਿਗਰਾਨ ਇੰਜੀਨੀਅਰ ਰਿਸ਼ਵਤ ਲੈਂਦਾ ਕੀਤਾ ਕਾਬੂ
ਉਨ੍ਹਾਂ ਅੱਗੇ ਦੱਸਿਆ ਕਿ ਅਗਰਵਾਲ ਸਟੀਲ ਇੰਡਸਟਰੀਜ਼ ਨੇ ਸਤੀਸ਼ ਬਾਂਸਲ, ਪਰਵੀਨ ਲਤਾ ਅਤੇ ਮੁਕੇਸ਼ ਜਿੰਦਲ ਦੇ ਪਿਤਾ ਦੇਸਰਾਜ ਜ਼ਰੀਏ ਫਰਵਰੀ 2018 ਵਿਚ ਪਿੰਡ ਬਾਕਰਪੁਰ ਵਿਖੇ 3 ਏਕੜ ਜ਼ਮੀਨ ਬਰਾਬਰ ਹਿੱਸੇਦਾਰੀ ਨਾਲ ਖਰੀਦੀ ਸੀ। ਉਕਤ ਜ਼ਮੀਨ ਨੂੰ ਖਰੀਦਣ ਉਪਰੰਤ ਉਨ੍ਹਾਂ ਨੇ ਇਸ ਜ਼ਮੀਨ ’ਤੇ ਅਮਰੂਦ ਦੇ ਪੌਦੇ ਲਗਾ ਦਿੱਤੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਉਕਤ ਮੁਲਜ਼ਮਾਂ ਨੇ ਮਾਲ ਵਿਭਾਗ, ਬਾਗਬਾਨੀ ਵਿਭਾਗ ਅਤੇ ਗਮਾਡਾ ਦੇ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਦਿਖਾ ਕੇ ਕਿ ਇਹ ਬੂਟੇ 2016 ਵਿਚ ਲਗਾਏ ਗਏ ਹਨ, ਗ਼ਲਤ ਢੰਗ ਨਾਲ ਮੁਆਵਜ਼ੇ ਵਜੋਂ ਕਰੋੜਾਂ ਰੁਪਏ ਵਸੂਲ ਲਏ।
ਇਹ ਖ਼ਬਰ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਭੁੱਲਰ ਨੇ ਪੰਜਾਬ ਰੋਡਵੇਜ਼/PRTC ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨੂੰ ਲੈ ਕੇ ਦਿੱਤੇ ਇਹ ਹੁਕਮ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਘਪਲੇ ਦੇ ਮਾਸਟਰਮਾਈਂਡ ਭੁਪਿੰਦਰ ਸਿੰਘ, ਮੁਕੇਸ਼ ਜਿੰਦਲ ਅਤੇ ਹੋਰਾਂ ਦੀ ਸਹਾਇਤਾ ਨਾਲ ਸਤੀਸ਼ ਬਾਂਸਲ ਨੇ ਆਪਣੀ 12 ਕਨਾਲ 13 ਮਰਲੇ ਜ਼ਮੀਨ ਵਿਚ ਲਗਾਏ ਪੌਦਿਆਂ ਲਈ ਦਾਅਵਾ ਕਰਕੇ 1.54 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ, ਜਦਕਿ ਉਸ ਦੀ ਫਰਮ ਦੀ ਮਲਕੀਅਤ ਅਧੀਨ ਸਿਰਫ 8 ਕਨਾਲ ਹੀ ਸਨ। ਇਸ ਤੋਂ ਇਲਾਵਾ, ਗਮਾਡਾ ਦੇ ਲੈਂਡ ਐਕੂਜੀਸ਼ਨ ਅਫ਼ਸਰ ਨੇ ਸਤੀਸ਼ ਬਾਂਸਲ ਸਮੇਤ ਉਪਰੋਕਤ ਮਾਲਕਾਂ ਨੂੰ ਜ਼ਮੀਨ/ਬਾਗ਼ ਦੇ ਸਵੈ-ਦਾਅਵੇ ਦੇ ਆਧਾਰ ’ਤੇ ਅਮਰੂਦ ਦੇ ਪੌਦਿਆਂ ਦਾ ਮੁਆਵਜ਼ਾ ਜਾਰੀ ਕੀਤਾ ਸੀ, ਜਦਕਿ ਜ਼ਿਆਦਾਤਰ ਜ਼ਮੀਨ ਸਾਂਝੀ ਮਲਕੀਅਤ ਅਧੀਨ ਹੈ ਅਤੇ ਸਹਿ-ਮਾਲਕਾਂ ਦਰਮਿਆਨ ਸ਼ੇਅਰਾਂ ਦੀ ਵੰਡ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਦੁਬਈ-ਅੰਮ੍ਰਿਤਸਰ ਫਲਾਈਟ ’ਚ ਯਾਤਰੀ ਨੇ ਕੀਤੀ ਬਦਸਲੂਕੀ, ਗ੍ਰਿਫ਼ਤਾਰ (ਵੀਡੀਓ)
ਜ਼ਮਾਨਤਾਂ ਲਈ ਦੋ ਅਰਜ਼ੀਆਂ ਖਾਰਿਜ
ਇਸ ਮੁਆਵਜ਼ੇ ਸਬੰਧੀ ਘਪਲੇ ਵਿਚ ਸਥਾਨਕ ਅਦਾਲਤ ਨੇ ਮੁਲਜ਼ਮ ਬਾਗਬਾਨੀ ਵਿਕਾਸ ਅਫ਼ਸਰ ਵੈਸ਼ਾਲੀ ਅਤੇ ਮੁਲਜ਼ਮ ਲਾਭਪਾਤਰੀ ਗੁਰਪ੍ਰੀਤ ਕੌਰ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਹਨ।