ਜ਼ਮੀਨ ਮੁਆਵਜ਼ੇ ਦੇ ਗਬਨ ਸਬੰਧੀ ਕੇਸ 'ਚ ਭਗੌੜੇ ਚੱਲ ਰਹੇ 2 ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ

Sunday, Jan 29, 2023 - 06:57 PM (IST)

ਜ਼ਮੀਨ ਮੁਆਵਜ਼ੇ ਦੇ ਗਬਨ ਸਬੰਧੀ ਕੇਸ 'ਚ ਭਗੌੜੇ ਚੱਲ ਰਹੇ 2 ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ/ਜਲੰਧਰ(ਬਿਊਰੋ) : ਇੰਪਰੂਵਮੈਂਟ ਟਰੱਸਟ ਜਲੰਧਰ ਦੀ ਜ਼ਮੀਨ ਦਾ ਮੁਆਵਜ਼ਾ ਵੰਡਣ 'ਚ ਹੋਏ ਗਬਨ ਦੇ ਕੇਸ ਵਿੱਚ ਕਰੀਬ 3 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਚੱਲ ਰਹੇ 2 ਦੋਸ਼ੀ ਰਾਜਿੰਦਰ ਸਿੰਘ ਤੇ ਰਵੀ ਕੁਮਾਰ ਵਾਸੀ ਪਿੰਡ ਬਿਲਗਾ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮੁਕੱਦਮੇ ਵਿੱਚ ਹੁਣ ਤੱਕ ਕੁਲ 14 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਤੇ ਬਾਕੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ 'ਤੇ ਬੋਲੇ ਸ਼ਾਇਰ ਜਾਵੇਦ ਅਖ਼ਤਰ, ਕਿਹਾ- ਸੱਚ ਬੋਲਣ ਵਾਲੇ ਨੂੰ ਲੋਕ ਦਿੰਦੇ ਹਨ ਇਹ ਇਨਾਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਜਲੰਧਰ ਵੱਲੋਂ ਸੂਰੀਆ ਇਨਕਲੇਵ ਐਕਸਟੈਂਸ਼ਨ ਸਕੀਮ ਲਈ 94.97 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਸ ਦਾ ਮੁਆਵਜ਼ਾ ਦੇਣ ਸਮੇਂ ਅਸਲ ਵਿਅਕਤੀਆਂ ਦੀ ਜਗ੍ਹਾ ਫਰਜ਼ੀ ਵਿਅਕਤੀ ਖੜ੍ਹੇ ਕਰਕੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ 5,49,18,523 ਰੁਪਏ ਦੇ ਮੁਆਵਜ਼ੇ ਦੀ ਰਕਮ ਦਾ ਗਬਨ ਕੀਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 244 ਮਿਤੀ 29-10-2013 ਨੂੰ ਆਈ.ਪੀ.ਸੀ. ਦੀ ਧਾਰਾ 409, 419, 420, 465, 467, 468, 201, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਤਹਿਤ ਥਾਣਾ ਨਵੀਂ ਬਾਰਾਂਦਰੀ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਉਪਰੰਤ ਇਸ ਮੁਕੱਦਮੇ ਦੀ ਅਗਲੀ ਤਫਤੀਸ਼ ਵਿਜੀਲੈਂਸ ਬਿਊਰੋ ਨੂੰ ਸੌਂਪੀ ਗਈ ਸੀ।

ਇਹ ਵੀ ਪੜ੍ਹੋ : ਅਫ਼ਗਾਨ ਔਰਤਾਂ ’ਤੇ ਇਕ ਹੋਰ ਪਾਬੰਦੀ, ਯੂਨੀਵਰਸਿਟੀਆਂ ’ਚ ਨਹੀਂ ਦੇ ਸਕਦੀਆਂ ਦਾਖਲਾ ਪ੍ਰੀਖਿਆ

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਦੋਸ਼ੀ ਗੋਬਿੰਦ ਰਾਮ ਅਤੇ ਪਰਸ਼ੋਤਮ ਲਾਲ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਕ੍ਰਮਵਾਰ 2,12,76,211 ਤੇ 98,77,843 ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ। ਉਕਤ ਰਕਮਾਂ 'ਚੋਂ ਦੋਸ਼ੀ ਰਾਜਿੰਦਰ ਸਿੰਘ ਤੇ ਰਵੀ ਕੁਮਾਰ ਨੇ ਕ੍ਰਮਵਾਰ 35,00,000 ਅਤੇ 20,00,00 ਰੁਪਏ ਚੈੱਕ ਰਾਹੀਂ ਉਕਤ ਦੋਸ਼ੀਆਂ ਗੋਬਿੰਦ ਰਾਮ ਤੇ ਪਰਸ਼ੋਤਮ ਲਾਲ ਪਾਸੋਂ ਹਾਸਲ ਕੀਤੇ ਸਨ।

ਇਹ ਵੀ ਪੜ੍ਹੋ : ਵਿਆਹ ਸਮਾਗਮ ’ਚ ਨੌਜਵਾਨ ਨੂੰ ਦੌੜਾ-ਦੌੜਾ ਕੇ ਮਾਰਿਆ ਚਾਕੂ, ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਕੀਤਾ ਕਤਲ

ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਦੋਸ਼ੀ ਮਨਜੀਤ ਸ਼ਰਮਾ, ਸੁਖਦੇਵ ਸਿੰਘ ਪਟਵਾਰੀ, ਪ੍ਰੇਮ ਪ੍ਰਕਾਸ਼, ਵਕੀਲ ਮੋਹਿਤ ਭਾਰਦਵਾਜ, ਵਕੀਲ ਦੀਪਕ ਸਡਾਨਾ, ਅਮਨਦੀਪ ਸਿੰਘ, ਕੁਲਵੰਤ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਤਰਲੋਕ ਸਿੰਘ, ਸੰਦੀਪ ਸ਼ਰਮਾ, ਸੁਰਿੰਦਰ ਕੁਮਾਰ ਕੈਸ਼ੀਅਰ ਤੇ ਗੁਰਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਾਕੀ ਦੇ ਫਰਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਦੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ 'ਤੇ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News