ਵਿਜੀਲੈਂਸ ਦੇ ਰਾਡਾਰ ''ਤੇ ਫਿਰੋਜ਼ਪੁਰ ਰੇਲਵੇ-ਡਵੀਜ਼ਨ ਮਕੈਨੀਕਲ, ਅਕਾਊਂਟਸ ਤੇ ਵਣਜ ਸ਼ਾਖਾ ''ਤੇ ਕੀਤੀ ਛਾਪੇਮਾਰੀ
Thursday, Apr 05, 2018 - 02:33 AM (IST)

ਫਿਰੋਜ਼ਪੁਰ(ਆਨੰਦ)—ਬਦਨਾਮ ਹੁੰਦੇ ਅਕਸ ਦੀ ਵਜ੍ਹਾ ਨਾਲ ਫਿਰੋਜ਼ਪੁਰ ਰੇਲ ਮੰਡਲ ਇਨ੍ਹੀਂ ਦਿਨੀਂ ਵਿਜੀਲੈਂਸ ਤੇ ਸੀ. ਬੀ. ਆਈ. ਵਰਗੀਆਂ ਏਜੰਸੀਆਂ ਦੇ ਰਾਡਾਰ 'ਤੇ ਹੈ ਅਤੇ ਕਈ ਮਾਮਲਿਆਂ ਦੀਆਂ ਪੋਲਾਂ ਖੋਲ੍ਹਣ ਲਈ ਏਜੰਸੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਕਰੋੜਾਂ ਰੁਪਏ ਦੇ ਬਹੁ-ਚਰਚਿਤ ਮਾਮਲੇ ਸਬੰਧੀ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਫਿਰੋਜ਼ਪੁਰ ਮੰਡਲ ਦੀ ਮਕੈਨੀਕਲ ਅਤੇ ਅਕਾਊਂਟਸ ਸ਼ਾਖਾ 'ਚ ਛਾਪਾ ਮਾਰਦੇ ਹੋਏ ਕਈ ਮਹੱਤਵਪੂਰਨ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਗਈ। ਹਾਲਾਂਕਿ ਮਕੈਨੀਕਲ ਅਤੇ ਅਕਾਊਂਟਸ ਸ਼ਾਖਾ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਟੀਮ ਗੁੱਪ ਚੁੱਪ ਤਰੀਕੇ ਨਾਲ ਸਵੇਰੇ ਹੀ ਪਹੁੰਚ ਗਈ ਸੀ। ਹੁਣੇ ਜਿਹੇ ਮਕੈਨੀਕਲ ਤੇ ਅਕਾਊਂਟਸ ਬ੍ਰਾਂਚ 'ਚ ਕਰੋੜਾਂ ਰੁਪਏ ਦੇ ਬਿੱਲਾਂ ਸਬੰਧੀ ਖੇਡੇ ਗਏ ਖੇਡ ਦੇ ਮਾਮਲੇ 'ਚ ਹੀ ਵਿਜੀਲੈਂਸ ਦੀ ਟੀਮ ਅੱਜ ਫਿਰੋਜ਼ਪੁਰ ਪਹੁੰਚੀ, ਜਿਥੇ ਮੰਡਲ ਦਫਤਰ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਮਲੇ ਦੀ ਤੈਅ ਤੱਕ ਜਾਣ ਲਈ ਕਈ ਰਿਕਾਰਡਾਂ ਨੂੰ ਘੰਟਿਆਂ ਤੱਕ ਖੰਗਾਲਿਆ ਗਿਆ ਅਤੇ ਜਾਂਚ ਦਾ ਇਹ ਸਿਲਸਿਲਾ ਦੇਰ ਸ਼ਾਮ ਤਕ ਚੱਲਦਾ ਰਿਹਾ, ਜਦਕਿ ਇਸ ਮਾਮਲੇ ਸਬੰਧੀ ਜੁੜੇ ਕਈ ਦਸਤਾਵੇਜ਼ਾਂ ਦੀ ਪੋਟਲੀ ਵਿਜੀਲੈਂਸ ਆਪਣੇ ਨਾਲ ਲੈ ਗਈ। ਜ਼ਿਕਰਯੋਗ ਹੈ ਕਿ ਮਕੈਨੀਕਲ ਸ਼ਾਖਾ ਦੇ ਕੁਝ ਨਾਵਾਂ ਨੂੰ ਲੈ ਕੇ ਬੇਹੱਦ ਹੀ ਸਨਸਨੀਖੇਜ ਤਰੀਕਿਆਂ ਨਾਲ ਕਰੋੜਾਂ ਦੇ ਬਿੱਲ ਪਾਸ ਕੀਤੇ ਗਏ ਸਨ ਅਤੇ ਕਥਿਤ ਤੌਰ 'ਤੇ ਇਨ੍ਹਾਂ 'ਤੇ ਅਧਿਕਾਰੀਆਂ ਦੀ ਮੋਹਰ ਅਤੇ ਹਸਤਾਖਰਾਂ ਦੀ ਚਰਚਾ ਹੈ, ਜਿਸ ਦੀ ਬਦੌਲਤ ਹੀ ਅਕਾਊਂਟਸ ਬ੍ਰਾਂਚ ਵੱਲੋਂ ਪੈਸਿਆਂ ਦੀ ਅਦਾਇਗੀ ਕੀਤੀ ਗਈ ਸੀ ਅਤੇ ਇਸ ਮਾਮਲੇ ਨਾਲ ਕਈ ਲੋਕਾਂ ਦੇ ਜੁੜੇ ਹੋਣ ਦੀ ਚਰਚਾ ਹੈ, ਜਿਨ੍ਹਾਂ ਨੇ ਸਨਸਨੀਖੇਜ ਤਰੀਕਿਆਂ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ। ਹਾਲਾਂਕਿ ਬਿੱਲਾਂ ਦੀ ਇਸ ਤਰ੍ਹਾਂ ਨਾਲ ਕੀਤੀ ਗਈ ਅਦਾਇਗੀ ਦੀ ਵਜ੍ਹਾ ਨਾਲ ਇਹ ਮਾਮਲਾ ਰੇਲਵੇ ਵਿਜੀਲੈਂਸ ਕੋਲ ਚਲਾ ਗਿਆ ਸੀ ਅਤੇ ਉਦੋਂ ਤੋਂ ਹੀ ਵਿਜੀਲੈਂਸ ਵੱਲੋਂ ਇਸ ਮਾਮਲੇ ਦਾ ਪਰਦਾਫਾਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਇਕ ਹੋਰ ਮਾਮਲੇ 'ਚ ਰੇਲਵੇ ਵਿਜੀਲੈਂਸ ਵੱਲੋਂ ਫਿਰੋਜ਼ਪੁਰ ਮੰਡਲ ਦੀ ਕਮਰਸ਼ੀਅਲ ਬ੍ਰਾਂਚ 'ਚ ਦਸਤਕ ਦੇ ਕੇ ਕਈ ਰਿਕਾਰਡਾਂ ਨੂੰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਖੰਗਾਲਿਆ ਅਤੇ ਅਧਿਕਾਰੀਆਂ ਤੋਂ ਦੂਰੀ ਬਣਾਈ ਰੱਖੀ ਗਈ। ਆਪਣਾ ਨਾਂ ਛਾਪਣ ਦੇ ਬਦਲੇ ਇਕ ਅਧਿਕਾਰੀ ਨੇ ਦੱਸਿਆ ਕਿ ਕਮਰਸ਼ੀਅਲ ਸ਼ਾਖਾ 'ਚ ਵਿਜੀਲੈਂਸ ਵੱਲੋਂ ਖਾਣ-ਪੀਣ ਦਾ ਕੰਮ ਕਰਨ ਵਾਲੀ ਇਕ ਵੱਡੀ ਫਰਮ ਦੇ ਦਸਤਾਵੇਜ਼ਾਂ ਦੀ ਜਾਂਚ ਕਰਦੇ ਹੋਏ ਉਸ ਨਾਲ ਜੁੜੇ ਦਸਤਾਵੇਜ਼ਾਂ ਨੂੰ ਖੰਗਾਲਿਆ ਗਿਆ ਹੈ।