ਵਿਜੀਲੈਂਸ ਛਾਪੇਮਾਰੀ ਦੀ ਅਫਵਾਹ ਸੁਣ ਕੇ ਸਬ-ਰਜਿਸਟ੍ਰਾਰ ਦਫਤਰ ਛੱਡ ਭੱਜਿਆ ਪੱਛਮੀ ਤਹਿਸੀਲ ਦਾ ਸਟਾਫ
Friday, Oct 01, 2021 - 05:56 PM (IST)
ਲੁਧਿਆਣਾ (ਪੰਕਜ) : ਇਮਾਨਦਾਰੀ ਨਾਲ ਵਸੀਕੇ ਤਸਦੀਕ ਕਰਨ ਦਾ ਦਮ ਭਰਨ ਵਾਲੇ ਹੰਬੜਾਂ ਰੋਡ ਸਥਿਤ ਸਬ ਰਜਿਸਟ੍ਰਾਰ ਪੱਛਮੀ ਦੇ ਦਫਤਰ ਵਿਚ ਸ਼ੁੱਕਰਵਾਰ ਨੂੰ ਅਚਾਨਕ ਫੈਲੀ ਵਿਜੀਲੈਂਸ ਛਾਪੇਮਾਰੀ ਦੀ ਅਫਵਾਹ ਸੁਣ ਕੇ ਸਬ ਰਜਿਸਟ੍ਰਾਰ ਸਮੇਤ ਸਾਰਾ ਸਟਾਫ ਦਫਤਰ ਛੱਡ ਨਿਕਲ ਗਿਆ। ਸਵੇਰ 9 ਵਜੇ ਤੋਂ ਆਪਣੇ ਦਸਤਾਵੇਜ਼ ਰਜਿਸਟਰਡ ਕਰਵਾਉਣ ਪੁੱਜੀ ਜਨਤਾ ਬਾਅਦ ਦੁਪਹਿਰ ਤੱਕ ਸਾਹਿਬ ਅਤੇ ਸਟਾਫ ਦੇ ਆਉਣ ਦਾ ਇੰਤਜ਼ਾਰ ਕਰਦੀ ਰਹੀ। ਹੰਗਾਮਾ ਵਧਣ ਅਤੇ ਕੇਸ ਦੀ ਜਾਣਕਾਰੀ ਮਿੰਨੀ ਸਕੱਤਰੇਤ ਵਿਚ ਬੈਠੇ ਅਧਿਕਾਰੀਆਂ ਤੱਕ ਪੁੱਜਣ ਤੋਂ ਬਾਅਦ ਕੇਂਦਰੀ ਤਹਿਸੀਲਦਾਰ ਸੁਰਿੰਦਰਪਾਲ ਪੰਨੂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਨੇ ਦਫਤਰ ਵਿਚ ਜਾ ਕੇ ਲੋਕਾਂ ਨੂੰ ਸ਼ਾਂਤ ਕਰਦੇ ਹੋਏ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ।
ਹੰਬੜਾਂ ਰੋਡ ਸਥਿਤ ਸਬ ਰਜਿਸਟ੍ਰਾਰ ਪੱਛਮੀ ਦਾ ਦਫਤਰ ਪਿਛਲੇ ਕਈ ਦਿਨਾਂ ਤੋਂ ਐੱਨ.ਓ.ਸੀ. ਦੀ ਮੰਗ ਨੂੰ ਲੈ ਕੇ ਗਹਿਰੇ ਵਿਵਾਦਾਂ ਵਿਚ ਘਿਰਿਆ ਹੋਇਆ ਸੀ। ਇੰਨਾ ਹੀ ਨਹੀਂ, ਐੱਨ.ਓ.ਸੀ. ਤੋਂ ਬਿਨਾਂ ਸੈਂਕੜੇ ਵਸੀਕੇ ਰਜਿਸਟਰਡ ਕਰਨ ਅਤੇ ਉਸ ਦੇ ਬਦਲੇ ਸਬ ਰਜਿਸਟ੍ਰਾਰ ਦਫਤਰਾਂ ਵਿਚ ਸਰਗਰਮ ਦਲਾਲਾਂ ਵੱਲੋਂ ਪ੍ਰੇਸ਼ਾਨ ਲੋਕਾਂ ਤੋਂ ਦਸ ਤੋਂ ਵੀਹ ਹਜ਼ਾਰ ਰੁਪਏ ਰਿਸ਼ਵਤ ਵਸੂਲਣ ਦੀ ਮੰਗ ਨੂੰ ਲੈ ਕੇ ਮਚੇ ਵਿਵਾਦ ਦੀ ਭਿਣਕ ਵਿਜੀਲੈਂਸ ਦੇ ਕੰਨਾਂ ਤੱਕ ਜਦੋਂ ਪੁੱਜੀ ਤਾਂ ਬਾਕਾਇਦਾ ਵਿਜੀਲੈਂਸ ਨੇ ਸਾਰੇ ਦਫਤਰਾਂ ਦੇ ਵਸੀਕਿਆਂ ਦਾ ਰਿਕਾਰਡ ਤੱਕ ਮੰਗਵਾਇਆ ਸੀ ਜਿਸ ਤੋਂ ਬਾਅਦ ਦਫਤਰਾਂ ਵਿਚ ਹਫੜਾ-ਦਫੜੀ ਵਿਚ ਮਚ ਗਿਆ ਸੀ। ਸ਼ੁੱਕਰਵਾਰ ਨੂੰ ਹੰਬੜਾਂ ਰੋਡ ਸਥਿਤ ਸਬ ਰਜਿਸਟ੍ਰਾਰ ਦਫਤਰ ਵਿਚ ਨਾਇਬ ਤਹਿਸੀਲਦਾਰ ਮਲੂਕ ਸਿੰਘ ਦੀ ਡਿਊਟੀ ਲੱਗੀ ਸੀ ਜਿਵੇਂ ਹੀ ਉਹ ਦਫਤਰ ਵਿਚ ਪੁੱਜੇ ਤਾਂ ਹੀ ਵਿਜੀਲੈਂਸ ਟੀਮ ਦੇ ਆਉਣ ਦੀ ਅਫਵਾਹ ਫੈਲ ਗਈ ਜਿਸ ਦੀ ਖਬਰ ਸੁਣਦੇ ਹੀ ਨਾਇਬ ਤਹਿਸੀਲਦਾਰ ਦਫਤਰ ਤੋਂ ਨਿਕਲ ਗਏ। ਉਨ੍ਹਾਂ ਦੇ ਜਾਂਦੇ ਹੀ ਬਾਕੀ ਸਟਾਫ ਵੀ ਉਥੋਂ ਗਾਇਬ ਹੋਗਿਆ।
ਇਸ ਦੌਰਾਨ ਉਥੇ ਖੜ੍ਹੀ ਜਨਤਾ ਨਾਇਬ ਤਹਿਸੀਲਦਾਰ ਅਤੇ ਬਾਕੀ ਸਟਾਫ ਦੇ ਗਾਇਬ ਹੋਣ ਨਾਲ ਭੜਕ ਉੱਠੀ। ਪ੍ਰੇਸ਼ਾਨ ਲੋਕਾਂ ਨੇ ਦਫਤਰ ਵਿਚ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ। ਹੈਬੋਵਾਲ ਤੋਂ ਆਏ ਮੁਕੇਸ਼ ਕੁਮਾਰ, ਸੁਨੀਤਾ ਦੇਵੀ, ਵਿਪਨ ਕੁਮਾਰ ਅਤੇ ਰਾਜੇਸ਼ ਕੁਮਾਰ ਨੇ ਕਿਹਾ ਕਿ ਉਹ ਸਵੇਰ ਤੋਂ ਅਪਾਇੰਟਮੈਂਟ ਲੈ ਕੇ ਆਪਣੀ ਰਜਿਸਟਰੀ ਕਰਵਾਉਣ ਦੇ ਲਈ ਆਏ ਹੋਏ ਹਨ। ਪਹਿਲਾਂ ਤਾਂ ਸਰਕਾਰ ਵੱਲੋਂ ਤੈਅ ਸਮੇਂ ਤੋਂ ਕਈ ਘੰਟੇ ਬਾਅਦ ਸਬ ਰਜਿਸਟ੍ਰਾਰ ਦਫਤਰ ਵਿਚ ਆਇਆ ਜਿਸ ਤੋਂ ਕੁਝ ਸਮੇਂ ਬਾਅਦ ਹੀ ਅਚਾਨਕ ਵਿਜੀਲੈਂਸ ਟੀਮ ਨੇ ਆਉਣ ਦੀ ਅਫਵਾਹ ਫੈਲ ਗਈ ਜਿਸ ਨੂੰ ਸੁਣਨ ਤੋਂ ਬਾਅਦ ਅਧਿਕਾਰੀ ਅਤੇ ਮੁਲਾਜ਼ਮ ਦਫਤਰ ਛੱਡ ਕੇ ਭੱਜ ਨਿਕਲੇ। ਉਨ੍ਹਾਂ ਕਿਹਾ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਸਬ ਰਜਿਸਟ੍ਰਾਰ ਦਫਤਰਾਂ ਵਿਚ ਪੈਰ ਜਮਾ ਚੁੱਕੀ ਰਿਸ਼ਵਤਖੋਰੀ ਨੂੰ ਖਤਮ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।
ਐੱਨ.ਓ.ਸੀ. ਦੀ ਆੜ ਵਿਚ ਹਜ਼ਾਰਾਂ ਰੁਪਏ ਰਿਸ਼ਵਤ ਮੰਗ ਕੀਤੀ ਜਾ ਰਹੀ ਹੈ। ਵਾਰ-ਵਾਰ ਚੁਣੇ ਹੋਏ ਅਧਿਕਾਰੀਆਂ ਦਾ ਘੁੰਮ ਫਿਰ ਕੇ ਸ਼ਹਿਰ ਦੀਆਂ ਤਹਿਸੀਲਾਂ ਵਿਚ ਕਰਵਾਉਣ ਦੇ ਪਿੱਛੇ ਕੀ ਲਾਲਚ ਹੈ ਅਤੇ ਚੰਡੀਗੜ੍ਹ ਵਿਚ ਬੈਠੇ ਅਧਿਕਾਰੀ ਵਾਰ-ਵਾਰ ਉਨ੍ਹਾਂ ਨੂੰ ਹੀ ਕਿਉਂ ਸ਼ਹਿਰ ਵਿਚ ਭੇਜਦੇ ਹਨ। ਇਹ ਸੋਚਣ ਵਾਲੀ ਗੱਲ ਹੈ। ਉਧਰ, ਨਾਇਬ ਤਹਿਸੀਲਦਾਰ ਅਤੇ ਸਟਾਫ ਦੇ ਗਾਇਬ ਹੋਣ ’ਤੇ ਮਚੇ ਹੰਗਾਮੇ ਦੀ ਖਬਰ ਸੁਣ ਕੇ ਹਰਕਤ ਵਿਚ ਆਏ ਅਧਿਕਾਰੀਆਂ ਨੇ ਕੇਸ ਨੂੰ ਸ਼ਾਂਤ ਕਰਨ ਲਈ ਤਹਿਸੀਲਦਾਰ ਪੰਨੂ ਨੂੰ ਬਾਅਦ ਦੁਪਹਿਰ ਵਸੀਕੇ ਰਜਿਸਟਰਡ ਕਰਨ ਲਈ ਦਫਤਰ ਵਿਚ ਭੇਜਿਆ ਜਿਸ ਦੇ ਆਉਣ ਤੋਂ ਬਾਅਦ ਕੰਮ ਸ਼ੁਰੂ ਹੋਇਆ ਅਤੇ ਜਨਤਾ ਨੇ ਰਾਹਤ ਦਾ ਸਾਹ ਲਿਆ।