ਬਾਬੇ ਨਾਨਕ ਨੂੰ ਸਮਰਪਿਤ ਵਿਸ਼ੇਸ਼ ਇਜਲਾਸ ''ਚੋਂ ਸਿੱਧੂ ਗੈਰ ਹਾਜ਼ਰ
Wednesday, Nov 06, 2019 - 06:43 PM (IST)
ਚੰਡੀਗੜ੍ਹ : 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ 'ਚ ਸਾਬਕਾ ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਵਿਧਾਇਕ ਨਵਜੋਤ ਸਿੱਧੂ ਗੈਰ ਹਾਜ਼ਰ ਰਹੇ। ਪੰਜਾਬ ਸਰਕਾਰ ਵਲੋਂ ਇਸ ਵਿਸ਼ੇਸ਼ ਇਜਲਾਸ ਲਈ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਹਰਿਆਣਾ ਦੇ ਵਿਧਾਇਕਾਂ ਨੂੰ ਵੀ ਸੱਦਾ ਭੇਜਿਆ ਗਿਆ ਸੀ। ਇਸ ਵਿਸ਼ੇਸ਼ ਇਜਲਾਸ ਵਿਚ ਹਰਿਆਣਾ ਦੇ ਵਿਧਾਇਕ ਤਾਂ ਪੁੱਜੇ ਪਰ ਅੰਮ੍ਰਿਤਸਰ ਦੇ ਹਲਕਾ ਪੂਰਬੀ ਤੋਂ ਵਿਧਾਇਕ ਨਵਜੋਤ ਸਿੱਧੂ ਨਾਦਾਰਦ ਰਹੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਕਰਕੇ ਸਿੱਧੂ ਲਗਾਤਾਰ ਦੂਜੇ ਸੈਸ਼ਨ 'ਚੋਂ ਗੈਰ-ਹਾਜ਼ਰ ਹਨ। ਕੈਬਨਿਟ 'ਚੋਂ ਛੁੱਟੀ ਤੋਂ ਬਾਅਦ ਨਵਜੋਤ ਸਿੱਧੂ ਮਾਨਸੂਨ ਸੈਸ਼ਨ ਵਿਚ ਵੀ ਨਹੀਂ ਪੁੱਜੇ ਸਨ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਸ਼ਨ 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਰਹੇ। ਇਸ ਇਜਲਾਸ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਮੌਜੂਦ ਸਨ ਹੀ, ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।