ਵਿਧਾਨ ਸਭਾ ਸਪੀਕਰ ਸੰਧਵਾਂ ਦਾ ਵਿਰੋਧੀਆਂ ਨੂੰ ਤਿੱਖਾ ਜਵਾਬ, ਮੁਹੱਲਾ ਕਲੀਨਿਕਾਂ ਦੇ ਵਿਰੋਧ ''ਤੇ ਦਿੱਤੀ ਇਹ ਪ੍ਰਤੀਕਿਰਿਆ
Monday, Jan 30, 2023 - 01:06 PM (IST)
ਫ਼ਰੀਦਕੋਟ (ਜਸਬੀਰ ਕੌਰ ਜੱਸੀ, ਚਾਵਲਾ) : ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ ਹੈ ਅਤੇ ਭਗਵੰਤ ਮਾਨ ਸਰਕਾਰ ਸਿਹਤ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ ਤਾਂ ਜੋ ਸੂਬੇ ਦਾ ਕੋਈ ਵੀ ਵਿਅਕਤੀ ਸਿਹਤ ਸਹੂਲਤਾਂ ਤੋਂ ਵਿਰਵਾ ਨਾ ਰਹੇ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗੀ 'ਸਰਕਾਰ ਤੁਹਾਡੇ ਦੁਆਰ' ਯੋਜਨਾ, ਜਾਣੋ ਇਸ ਦੀ ਖ਼ਾਸੀਅਤ
ਸੂਬਾ ਸਰਕਾਰ ਵੱਲੋਂ ਪੰਜ ਸੌ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਨੂੰ ਇੱਕ ਇਤਿਹਾਸਕ ਕਦਮ ਦੱਸਦੇ ਹੋਏ ਸੰਧਵਾਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਦੇਸ਼ ਭਰ ਵਿੱਚ ਇੱਕ ਵਿਲੱਖਣ ਯੋਜਨਾ ਹੈ ਅਤੇ ਇਨ੍ਹਾਂ ਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਬਰੂਹਾਂ ’ਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸੰਧਵਾਂ ਨੇ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਕ ’ਚ ਤਬਦੀਲ ਕਰਨ 'ਤੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਬੇ-ਮਾਇਨੇ ਦੱਸਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਕੀ-ਪੈਡ ਮੋਬਾਇਲ ਤੋਂ 5ਜੀ ਮੋਬਾਈਲ ਆਧੁਨਿਕ ਸਮੇਂ ਦੀ ਲੋੜ ਹੋ ਗਈ, ਇਸੇ ਤਰ੍ਹਾਂ ਸਿਹਤ ਕੇਂਦਰਾਂ ਨੂੰ ਸਮੇਂ ਦੀ ਲੋੜ ਅਨੁਸਾਰ ਫ੍ਰੀ ਦਵਾਈਆਂ, ਲੋੜੀਂਦਾ ਸਟਾਫ਼ ਅਤੇ ਮੁਫ਼ਤ ਟੈਸਟ ਜਿਹੀਆਂ ਸੁਵਿਧਾਵਾਂ ਦੇ ਕੇ ਆਧੁਨਿਕ ਬਣਾਉਣ ’ਚ ਕੀ ਗ਼ਲਤ ਹੈ?
ਇਹ ਵੀ ਪੜ੍ਹੋ- ਪੰਜਾਬ 'ਚ ਆਪਣੇ ਅਕਸ ਨੂੰ 'ਧੋਣ' ਦੀ ਕੋਸ਼ਿਸ਼ 'ਚ ਭਾਜਪਾ, ਸਿੱਖ ਚਿਹਰਿਆਂ ਨਾਲ ‘ਪਰਿਵਾਰ’ ਵਧਾਉਣ ਦੀ ਰੌਂਅ 'ਚ
ਜ਼ਿਕਰਯੋਗ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਖੋਲ੍ਹਿਆ ਹੈ ਅਤੇ ਇਸ ’ਤੇ ਲਗਭਗ 375 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਵੀ ਕ੍ਰਮਵਾਰ 422 ਕਰੋੜ ਅਤੇ 412 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਮਾਲੇਰਕੋਟਲਾ ਅਤੇ ਸੰਗਰੂਰ ਵਿੱਚ ਵੀ ਮੈਡੀਕਲ ਕਾਲਜ ਖੋਲ੍ਹਣ ਦਾ ਪ੍ਰਸਤਾਵ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।