ਲੁਧਿਆਣਾ ਸਿਟੀ ਸੈਂਟਰ ਘਪਲੇ ''ਚ ਕਲੀਨਚਿੱਟ ਬਾਦਲਾਂ ਦਾ ਕੈਪਟਨ ਨੂੰ ਗਿਫਟ : ਸਿਮਰਜੀਤ ਸਿੰਘ ਬੈਂਸ

08/20/2017 8:20:23 PM

ਲੁਧਿਆਣਾ (ਪਾਲੀ)-ਵਿਧਾਨ ਸਭਾ ਹਲਕਾ ਆਤਮ ਨਗਰ ਤੇ ਹਲਕਾ ਦੱਖਣੀ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਭਰਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਜ਼ਿਲਾ ਅਦਾਲਤ ਲੁਧਿਆਣਾ ਦੇ ਬਹੁਚਰਚਿਤ ਸਿਟੀ ਸੈਂਟਰ ਘਪਲਾ ਕੇਸ 'ਚ 2 ਸਤੰਬਰ ਨੂੰ ਜੋ ਕਲੋਜਰ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ, ਉਸ ਕਲੋਜਰ ਰਿਪੋਰਟ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚੈਲੇਂਜ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਇਸ ਸਬੰਧੀ ਬੈਂਸ ਭਰਾਵਾਂ ਨੇ ਕਿਹਾ ਕਿ ਬਾਦਲ ਤੇ ਕੈਪਟਨ ਪਰਿਵਾਰ ਦੀ ਆਪਸੀ ਸਾਂਝ ਦੀ ਬਿੱਲੀ ਹੁਣ ਆਖਰ ਥੈਲਿਓਂ ਬਾਹਰ ਆ ਚੁੱਕੀ ਹੈ । ਇਸ ਯਾਰੀ ਨੂੰ ਪੁਗਾਉਣ ਦੀ ਨੀਅਤ ਨਾਲ ਹੀ ਬਾਦਲ ਪਰਿਵਾਰ ਦੇ ਸਿਆਸੀ ਦਬਾਅ ਹੇਠ ਸੂਬਾ ਵਿਜੀਲੈਂਸ ਨੇ ਕੇਸ ਦੀ ਪੈਰਵਾਈ ਸਹੀ ਢੰਗ ਨਾਲ ਨਹੀਂ ਕੀਤੀ ਜਿਸਦੇ ਨਤੀਜੇ ਵਜੋਂ ਮਾਣਯੋਗ ਜ਼ਿਲਾ ਅਦਾਲਤ ਲੁਧਿਆਣਾ ਨੇ 2 ਸਤੰਬਰ ਨੂੰ ਕੇਸ ਦੀ ਕਲੋਜਰ ਰਿਪੋਰਟ ਦਾਖਲ ਕਰਨ ਦੇ ਅੱਜ ਹੁਕਮ ਜਾਰੀ ਕਰ ਦਿੱਤੇ ਹਨ । ਵਿਧਾਇਕ ਬੈਂਸ ਨੇ ਦੱਸਿਆ ਕਿ ਸਿਟੀ ਸੈਂਟਰ ਪ੍ਰਾਜੈਕਟ ਬਣਾਉਣ ਵਾਲੀ ਕੰਪਨੀ ਟੂਡੇ ਹੋਮ ਨੇ ਅਲੱਗ ਤੋਂ ਇਕ ਕੇਸ ਮਾਣਯੋਗ ਸੁਪਰੀਮ ਕੋਰਟ 'ਚ ਕੀਤਾ ਹੋਇਆ ਹੈ ਜਿਸ 'ਤੇ ਕਾਰਵਾਈ ਮੁਕੰਮਲ ਹੋਣ ਬਾਅਦ ਮਾਣਯੋਗ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਪੰਜਾਬ ਸਰਕਾਰ ਸਿਟੀ ਸੈਂਟਰ ਘਪਲੇ ਦੇ ਕੇਸ ਨੂੰ ਬੰਦ ਕਰਦੀ ਹੈ ਤਾਂ ਉਸਨੂੰ ਟੂਡੇ ਹੋਮ ਕੰਪਨੀ ਨੂੰ 900 ਕਰੋੜ ਰੁਪਏ ਬਤੌਰ ਜੁਰਮਾਨਾ ਕੰਪਨੀ ਨੂੰ ਦੇਣੇ ਪੈਣਗੇ ਤੇ ਬਾਦਲ ਸਰਕਾਰ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਕਾਰਵਾਈ 'ਚ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਨੂੰ ਇਸ ਕੇਸ 'ਚੋਂ ਬਚਾਉਣ ਲਈ ਲੋਕਾਂ ਦੇ ਟੈਕਸਾਂ ਦੀ ਕਮਾਈ ਦੇ 900 ਕਰੋੜ ਰੁਪਏ ਦੀ ਬਲੀ ਚੜ੍ਹਾ ਦਿੱਤੀ ਗਈ। ਵਿਧਾਇਕਾਂ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਸੂਬਾ ਪੱਧਰ 'ਤੇ ਇਸ ਭ੍ਰਿਸ਼ਟਾਚਾਰੀ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾਣਗੇ ।


Related News